ਫਾਜ਼ਿਲਕਾ ਜ਼ਿਲ੍ਹੇ ਵਿੱਚ ਵੈਕਸੀਨੇਸ਼ਨ ਦਾ ਅੰਕੜਾ 3.05 ਲੱਖ ਤੋਂ ਪਾਰ
ਫਾਜ਼ਿਲਕਾ 1 ਸਤੰਬਰ 2021 : ਕੋਵਿਡ ਪ੍ਰਬੰਧਨ ਸਬੰਧੀ ਇੱਕ ਜ਼ਿਲ੍ਹਾ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 3 ਲੱਖ 5 ਹਜ਼ਾਰ ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਸਿਹਤ ਵਿਭਾਗ ਨੂੰ ਟੀਕਾਕਰਨ ਤੇਜ਼ੀ ਨਾਲ ਕਰਨ ਦੇ ਨਾਲ ਨਾਲ ਕੋਵਿਡ ਦੇ ਸੰਭਾਵੀ ਖਤਰੇ ਦਾ ਪਤਾ ਲਗਾਉਣ ਲਈ ਲਗਾਤਾਰ ਨਮੂਨਿਆਂ ਦੀ ਜਾਂਚ ਕਰਦੇ ਰਹਿਣ ਅਤੇ ਜੇਕਰ ਕੋਈ ਪਾਜ਼ਟਿਵ ਆਵੇ ਤਾਂ ਉਸ ਦੇ ਘੱਟੋ ਘੱਟ 20 ਸੰਪਰਕਾਂ ਦਾ ਪਤਾ ਲਗਾ ਕੇ ਉਨ੍ਹਾਂ ਦੇ ਵੀ ਟੈਸਟ ਕਰਨ ਦੀ ਹਦਾਇਤ ਕੀਤੀ।
ਡਿਪਟੀ ਕਮਿਸ਼ਨਰ ਨੇ ਵਿਭਾਗ ਨੂੰ ਕਿਹਾ ਕਿ ਅਧਿਆਪਕਾਂ ਦੀ ਵੈਕਸ਼ੀਨੇਸ਼ਨ ਪਹਿਲ ਦੇ ਅਧਾਰ ਤੇ ਹੋਵੇ ਅਤੇ ਸਰਕਾਰੀ ਮੁਲਾਜ਼ਮ ਵੀ ਆਪਣਾ ਵੈਕਸੀਨੇਸ਼ਨ ਪੂਰਾ ਕਰਵਾਉਣ। ਉਨ੍ਹਾਂ ਨੇ ਸਿਹਤ ਵਿਭਾਗ ਨੂੰ ਕਿਹਾ ਕਿ ਉਹ ਸਬੰਧਤ ਹਲਕੇ ਦੇ ਐਸ.ਡੀ.ਐਮ. ਨਾਲ ਤਾਲਮੇਲ ਕਰਕੇ ਟੀਕਾਕਰਨ ਲਈ ਵੱਧ ਤੋਂ ਵੱਧ ਕੈਂਪ ਆਯੋਜਿਤ ਕਰਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਵੇਲੇ ਕੋਵਿਡ ਦੇ ਸਿਰਫ 9 ਮਰੀਜ਼ ਹਨ ਜੋ ਕਿ ਸਾਰੇ ਹੀ ਆਪਣੇ ਘਰਾਂ ਵਿੱਚ ਰਹਿ ਕੇ ਹੀ ਇਲਾਜ ਕਰਵਾ ਰਹੇ ਹਨ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਰਹਿੰਦੇ ਲੋਕ ਬਿਨਾਂ ਝਿਜਕ ਵੈਕਸੀਨ ਦਾ ਟੀਕਾ ਲਗਵਾਉਣ ਅਤੇ ਜੇਕਰ ਕੋਵਿਡ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਸਰਕਾਰੀ ਹਸਪਤਾਲ ਤੋਂ ਕੋਵਿਡ ਦਾ ਟੈਸਟ ਕਰਵਾਇਆ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਵਿਖੇ ਸਥਾਪਿਤ ਸਰਕਾਰੀ ਹਸਪਤਾਲ ਵਿਚ ਆਕਸੀਜਨ ਪਲਾਂਟ ਪਹਿਲਾਂ ਹੀ ਸ਼ੁਰੂ ਹੋ ਗਿਆ ਹੈ ਜਦਕਿ ਜਲਾਲਾਬਾਦ ਅਤੇ ਫਾਜ਼ਿਲਕਾ ਵਿਖੇ ਆਕਸੀਜਨ ਪਲਾਂਟ ਦਾ ਸਮਾਨ ਆ ਗਿਆ ਹੈ ਅਤੇ ਇਹ ਇਕ ਹਫ਼ਤੇ ਵਿੱਚ ਸ਼ੁਰੂ ਹੋ ਜਾਵੇਗਾ।
ਉਪ ਜ਼ਿਲ੍ਹਾ ਸਿੱਖਿਆ ਅਫਸਰ ਅੰਜੂ ਸੇਠੀ ਨੇ ਦੱਸਿਆ ਕਿ ਜ਼ਿਲ੍ਹੇ ਦੇ 97 ਫੀਸਦੀ ਅਧਿਆਪਕਾਂ ਦੀ ਵੈਕਸੀਨੇਸ਼ਨ ਹੋ ਚੁੱਕੀ ਹੈ। ਡਾ. ਕਵਿਤਾ ਨੇ ਦੱਸਿਆ ਕਿ ਦੁੱਧ ਪਿਆਉਂਦੀਆਂ ਮਾਂਵਾ ਵੀ ਕੋਵਿਡ ਵੈਕਸੀਨ ਦਾ ਟੀਕਾ ਲਗਵਾ ਸਕਦੀਆਂ ਹਨ।
ਇਸ ਮੌਕੇ ਐਸ.ਡੀ.ਐਮ. ਸ੍ਰੀ ਰਵਿੰਦਰ ਸਿੰਘ ਅਰੋੜਾ, ਸ੍ਰੀ ਅਮਿਤ ਗੁਪਤਾ, ਸਹਾਇਕ ਕਮਿਸ਼ਨ (ਜ) ਸ. ਕੰਵਰਜੀਤ ਸਿੰਘ, ਡਾ. ਐਰਿਕ ਆਦਿ ਵੀ ਹਾਜ਼ਰ ਸਨ।