ਕ੍ਰਿਸ਼ੀ ਵਿਗਿਆਨ ਕੇਂਦਰ ਨੇ ਸੋਇਆਬੀਨ ਦੀ ਕਾਸ਼ਤ ਸਬੰਧੀ ਖੇਤ ਦਿਵਸ ਮਨਾਇਆ

0

(Rajinder Kumar) ਹੁਸ਼ਿਆਰਪਰ, 31 ਅਕਤੂਬਰ 2025: ਕਿਸਾਨਾਂ ਨੂੰ ਸੋਇਆਬੀਨ ਦੀ ਸਫਲ ਕਾਸ਼ਤ ਸਬੰਧੀ ਜਾਣਕਾਰੀ ਦੇਣ ਲਈ ਅਤੇ ਖੇਤੀ ਪ੍ਰਦਰਸ਼ਨੀਆਂ ਰਾਂਹੀ ਇਸ ਦੇ ਪਸਾਰ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਜ਼ਿਲ੍ਹਾ ਪੱਧਰੀ ਪਸਾਰ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਵੱਲੋਂ ਮਾਹਿਲਪੁਰ ਬਲਾਕ ਦੇ ਪਿੰਡ ਸਾਰੰਗਵਾਲ ਵਿਖੇ ਸੋਇਆਬੀਨ ਦੀ ਕਾਸ਼ਤ ਬਾਬਤ ਖੇਤ ਦਿਵਸ ਮਨਾਇਆ ਗਿਆ।

ਇਸ ਮੌਕੇ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਪੀ.ਏ.ਯੂ.ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਡਾ. ਮਨਿੰਦਰ ਸਿੰਘ ਬੌਂਸ ਨੇ ਦੱਸਿਆ ਕਿ ਇਹ ਖੇਤ ਦਿਵਸ ਸੋਇਆਬੀਨ ਦੀ ਸੁਧਰੀ ਕਿਸਮ ਐਸ. ਐਲ. 958 ਦੀ ਕਾਸ਼ਤ ਬਾਬਤ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਖ਼ੁਰਾਕ ਅਤੇ ਸਨਅਤ ਵਿਚ ਸੋਇਆਬੀਨ ਕਈ ਤਰ੍ਹਾਂ ਨਾਲ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਕਿ ਖਾਣ ਵਾਲਾ ਤੇਲ, ਸੋਇਆ ਦੁੱਧ ਅਤੇ ਇਸ ਤੋਂ ਬਣਨ ਵਾਲੀਆਂ ਚੀਜ਼ਾਂ, ਬੇਕਰੀ ਦੀਆਂ ਚੀਜ਼ਾਂ, ਦਵਾਈਆਂ ਵਿਚ ਅਤੇ ਤਾਜ਼ੀ ਹਰੀ ਸੋਇਆਬੀਨ। ਉਨ੍ਹਾਂ ਕਿਹਾ ਕਿ ਸੋਇਆਬੀਨ ਦੀ ਇਹ ਕਿਸਮ, ਐਸ. ਐਲ. 958 ਪੱਕਣ ਲਈ ਤਕਰੀਬਨ 142 ਦਿਨ ਲੈਂਦੀ ਹੈ ਅਤੇ ਇਸ ਕਿਸਮ ਦਾ ਔਸਤ ਝਾੜ ਤਕਰੀਬਨ 7.3 ਕੁਇੰਟਲ ਪ੍ਰਤੀ ਏਕੜ ਹੈ। ਉਨ੍ਹਾਂ ਨੇ ਇਲਾਕੇ ਦੇ ਕਿਸਾਨਾਂ ਦੀ ਸ਼ਲਾਘਾ ਕੀਤੀ, ਜੋ ਕਿ ਪਿਛਲੇ ਕਈ ਸਾਲਾਂ ਤੋਂ ਸੋਇਆਬੀਨ ਦੀ ਫ਼ਸਲ ਦੀ ਸਫਲ ਕਾਸ਼ਤ ਕਰ ਰਹੇ ਹਨ ਤੇ ਫ਼ਸਲੀ ਵਿਭਿੰਨਤਾ ਵਿਚ ਅਹਿਮ ਰੋਲ ਅਦਾ ਕਰ ਰਹੇ ਹਨ।

ਡਾ. ਬੌਂਸ ਨੇ ਇਹ ਵੀ ਦੱਸਿਆ ਕਿ ਸੋਇਆਬੀਨ ਦੀ ਕਾਸ਼ਤ ਲਈ ਬਹੁਤ ਘੱਟ ਪਾਣੀ ਅਤੇ ਕੀਟਨਾਸ਼ਕਾਂ ਦੀ ਵਰਤੋਂ ਹੁੰਦੀ ਹੈ ਅਤੇ ਜੰਗਲੀ ਜਾਨਵਰ ਵੀ ਇਸ ਦਾ ਨਾਮਤਰ ਨੁਕਸਾਨ ਕਰਦੇ ਹਨ ਅਤੇ ਤਕਰੀਬਨ 500 ਏਕੜ ਰਕਬੇ ‘ਤੇ ਇਸ ਦੀ ਕਾਸ਼ਤ ਕੀਤੀ ਜਾ ਰਹੀ ਹੈ। ਇਸ ਫ਼ਸਲ ਦੀ ਕਾਸ਼ਤ ਨੂੰ ਹੋਰ ਪ੍ਰਫੁਲਿੱਤ ਕਰਨ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਫਾਰਮ ਤੇ ਸੋਇਆਬੀਨ ਦਾ ਬੀਜ ਵੀ ਤਿਆਰ ਕਰਕੇ ਕਿਸਾਨਾਂ ਨੂੰ ਉਪਲਬਧ ਕਰਵਾਇਆ ਜਾ ਰਿਹਾ ਹੈ।

ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਡਾ. ਪ੍ਰਭਜੋਤ ਕੌਰ ਨੇ ਸੋਇਆਬੀਨ ਦੀਆਂ ਫ਼ਸਲ ਪ੍ਰਦਰਸ਼ਨੀਆਂ ਦੇ ਮਨੋਰਥ ਬਾਰੇ ਦੱਸਿਆ ਅਤੇ ਯੂਨੀਵਰਸਿਟੀ ਵੱਲੋਂ ਸੋਇਆਬੀਨ ਦੀ ਕਾਸ਼ਤ ਨੂੰ ਹੋਰ ਪ੍ਰਫੁੱਲਿਤ ਕਰਨ ਬਾਰੇ ਕੀਤੀਆ ਜਾ ਰਹੀਆਂ ਖੋਜਾਂ ਤੇ ਕੋਸ਼ਿਸ਼ਾਂ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਸੋਇਆਬੀਨ ਦੀ ਫ਼ਸਲ ਵਿਚ ਵਾਲਾਂ ਵਾਲੀ ਸੁੰਡੀ, ਤੰਬਾਕੂ ਸੁੰਡੀ, ਫ਼ਲੀ ਛੇਦਕ ਸੁੰਡੀ ਅਤੇ ਚਿੱਟੀ ਮੱਖੀ ਦੀ ਰੋਕਥਾਮ ਬਾਰੇ ਵੀ ਵਿਸਥਾਰ ਨਾਲ ਦੱਸਿਆ। ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ) ਡਾ. ਕਰਮਵੀਰ ਸਿੰਘ ਗਰਚਾ ਨੇ ਫ਼ਲਾਂ ਅਤੇ ਸਬਜ਼ੀਆਂ ਦੀ ਖੁਰਾਕੀ ਮਹੱਤਤਾ ਬਾਰੇ ਚਾਨਣਾ ਪਾਇਆ ਤੇ ਪੌਸ਼ਟਿਕ ਘਰੇਲੂ ਬਗੀਚੀ ਅਪਨਾਉਣ ਬਾਬਤ ਜੋਰ ਦਿੱਤਾ।

ਇਸ ਖੇਤ ਦਿਵਸ ਵਿਚ ਸ਼ਮੂਲੀਅਤ ਕਰਨ ਵਾਲੇ ਅਗਾਂਹਵਧੂ ਕਿਸਾਨਾਂ ਕਸ਼ਮੀਰ ਸਿੰਘ, ਨਿਰਮਲ ਸਿੰਘ, ਸਤਨਾਮ ਸਿੰਘ, ਬਲਜਿੰਦਰ ਸਿੰਘ, ਲਖਬੀਰ ਸਿੰਘ ਅਤੇ ਹੋਰਾਂ ਨੂੰ ਸੋਇਆਬੀਨ ਦੇ ਖੇਤਾਂ ਦਾ ਦੌਰਾ ਕਰਵਾਇਆ ਗਿਆ ਜਿਥੇ ਉਨ੍ਹਾਂ ਨੇ ਮਾਹਿਰਾਂ ਨਾਲ ਆਪਣੇ ਸ਼ੰਕਿਆਂ ਬਾਰੇ ਵਿਚਾਰ-ਚਰਚਾ ਵੀ ਕੀਤੀ।

About The Author

Leave a Reply

Your email address will not be published. Required fields are marked *

You may have missed