” ਯੁੱਧ ਨਸ਼ਿਆਂ ਵਿਰੁੱਧ ” 6 ਅਤੇ 7 ਨਵੰਬਰ ਨੂੰ ਵਿਲੇਜ ਡਿਫੈਂਸ ਕਮੇਟੀਆਂ ਲਈ ਲਗਾਏ ਜਾਣਗੇ ਸਿਖਲਾਈ ਕੈਂਪ
– ਪ੍ਰਸ਼ਾਸਨ, ਪੁਲਿਸ ਤੇ ਜਨਤਾ ਦੇ ਸਹਿਯੋਗ ਨਾਲ ਹੀ ਹੋਵੇਗਾ ‘ ਨਸ਼ਾ ਮੁਕਤ ਪੰਜਾਬ ‘ ਦਾ ਸੁਪਨਾ ਸਾਕਾਰ- ਡਿਪਟੀ ਕਮਿਸ਼ਨਰ
(Rajinder Kumar) ਪਟਿਆਲਾ, 30 ਅਕਤੂਬਰ 2025: ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਨੇ ਜਿਲ੍ਹੇ ਅੰਦਰ ਪਿੰਡ ਅਤੇ ਸ਼ਹਿਰ ਵਿਚ ਵਿਲੇਜ ਡਿਫੈਂਸ ਕਮੇਟੀਆਂ ਦੇ ਕੰਮ ਦੀ ਸਮੀਖਿਆ ਕਰਦਿਆਂ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਹੁਣ ਸਾਰੇ ਪਿੰਡਾਂ ਅਤੇ ਵਾਰਡਾਂ ਨੂੰ ਜਾਗਰੂਕ ਕਰ ਚੁੱਕੀ ਹੈ ਤਾਂ ਜੋ ਲੋਕਾਂ ਨੂੰ ਨਸ਼ਿਆਂ ਦੇ ਪ੍ਰਭਾਵ ਤੋਂ ਬਚਾਇਆ ਜਾ ਸਕੇ। ਓਹਨਾ ਦੂਜੇ ਪੜਾਅ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਦੇ ਕੰਮਾਂ ਅਤੇ ਉਨ੍ਹਾਂ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ।
ਡੀਸੀ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਸਿਰਫ਼ ਸਰਕਾਰ ਜਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਹਰ ਪਿੰਡ ਦਾ ਹਰ ਵਿਅਕਤੀ ਇਸ ਯੁੱਧ ਦਾ ਹਿੱਸਾ ਬਣੇ। ਓਹਨਾ ਕਿਹਾ ਕਿ ਸਾਰੇ ਲੋਕ ਆਪਸੀ ਤਾਲਮੇਲ ਨਾਲ ਡਟ ਕੇ ਕੰਮ ਕਰਨ ਤੇ ਸਮਾਜ ਵਿਚ ਸ਼ਾਂਤੀ ਕਾਇਮ ਕਰਨ ਲਈ ਯੋਗਦਾਨ ਪਾਉਣ। ਡੀਸੀ ਨੇ ਸਮੂਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਹ ਬਹੁਤ ਗੰਭੀਰ ਮਸਲਾ ਹੈ ਅਤੇ ਪ੍ਰਸ਼ਾਸਨਕ ਟੀਮਾਂ ਵਿਚ ਪੂਰਾ ਤਾਲਮੇਲ ਬਣਾਈ ਰੱਖਣਾ ਲਾਜ਼ਮੀ ਹੈ।
ਨਗਰ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਜਿੱਥੇ ਵੀ ਪ੍ਰਸ਼ਾਸਨ ਨੂੰ ਸਾਡੀ ਲੋੜ ਹੋਵੇਗੀ, ਨਗਰ ਨਿਗਮ ਦੀ ਟੀਮ ਪੂਰੀ ਤਰ੍ਹਾਂ ਸਹਿਯੋਗ ਦੇਣ ਲਈ ਤਿਆਰ ਹੈ। ਉਹਨ ਕਿਹਾ ਕਿ ਇਹ ਇਕ ਸਾਂਝਾ ਕੰਮ ਹੈ ਅਤੇ ਇਸ ਲਈ ਸਮੂਹ ਵਿਭਾਗਾਂ ਨੂੰ ਇੱਕ ਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੈ।
ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੇ ਜ਼ੋਨ ਕੋ – ਆਰਡੀਨੇਟਰ ਅਨੁ ਬੱਬਰ ਨੇ ਜਾਣਕਾਰੀ ਦਿੱਤੀ ਕਿ 6 ਅਤੇ 7 ਤਾਰੀਖ ਨੂੰ ਵਿਸ਼ੇਸ਼ ਸਿਖਲਾਈ ਕੈਂਪ ਲਗਾਏ ਜਾਣਗੇ, ਜਿਨ੍ਹਾਂ ਵਿੱਚ ਹਰ ਰੋਜ਼ ਦੋ ਸੈਸ਼ਨ ਆਯੋਜਿਤ ਕੀਤੇ ਜਾਣਗੇ। ਇਨ੍ਹਾਂ ਸੈਸ਼ਨਾਂ ਰਾਹੀਂ ਵੀ ਡੀ ਸੀ ਮੈਂਬਰਾਂ ਨੂੰ ਉਨ੍ਹਾਂ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਬਾਰੇ ਜਾਣੂ ਕਰਵਾਇਆ ਜਾਵੇਗਾ। ਪਟਿਆਲਾ ਨੂੰ ਨਸ਼ਾ ਮੁਕਤ ਬਣਾਉਣ ਲਈ ਮੈਂਬਰਾਂ ਨੂੰ “ਯੁੱਧ ਨਸ਼ਿਆਂ ਵਿਰੁੱਧ” ਮੋਬਾਈਲ ਐਪ ਦੀ ਵੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਵੇਗੀ, ਤਾਂ ਜੋ ਉਹ ਮੈਦਾਨੀ ਪੱਧਰ ਦੀਆਂ ਸਾਰੀਆਂ ਜਾਣਕਾਰੀਆਂ ਪ੍ਰਸ਼ਾਸਨ ਤੱਕ ਪਹੁੰਚਾ ਸਕਣ। ਓਹਨਾ ਕਿਹਾ ਕਿ ਵੀ ਡੀ ਸੀ ਮੈਂਬਰਾਂ ਦੀ ਗਿਣਤੀ ਇੱਕ ਲੱਖ ਤੋਂ ਵੱਧ ਹੋ ਚੁੱਕੀ ਹੈ, ਜੋ ਲੋਕ ਭਾਗੀਦਾਰੀ ਦੀ ਮਜ਼ਬੂਤ ਮਿਸਾਲ ਹੈ।

ਇਸ ਮੌਕੇ ‘ਤੇ ਨਸ਼ਾ ਮੁਕਤੀ ਮੋਰਚਾ ਦੇ ਮੁੱਖ ਬੁਲਾਰੇ ਬਲਤੇਜ ਪਨੂੰ ਨੇ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿਚ ਪ੍ਰਸ਼ਾਸਨ ਦਾ ਯੋਗਦਾਨ ਬੇਮਿਸਾਲ ਹੈ। ਓਹਨਾ ਕਿਹਾ ਕਿ ਪੰਜਾਬ ਗੁਰੂਆਂ ਤੇ ਸ਼ਹੀਦਾਂ ਦੀ ਧਰਤੀ ਹੈ, ਜਿੱਥੇ ਮੂਲ ਮੰਤਰ ਦਾ ਉਚਾਰਣ ਹੋਇਆ ਸੀ, ਅਤੇ ਇਸ ਧਰਤੀ ਦੇ ਲੋਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਨਸ਼ਿਆਂ ਤੋਂ ਆਜ਼ਾਦ ਸਮਾਜ ਦੀ ਸਿਰਜਣਾ ਕਰਨ। ਓਹਨਾ ਦੱਸਿਆ ਕਿ ਪਹਿਲੇ ਪੜਾਅ ਵਿੱਚ ਹਰ ਪਿੰਡ ਤੱਕ ਪਹੁੰਚ ਕੀਤੀ ਗਈ ਸੀ ਅਤੇ ਹੁਣ ਇਸੇ ਜ਼ੁਨੂਨ ਅਤੇ ਇਮਾਨਦਾਰੀ ਨਾਲ ਅਗਲੇ ਪੜਾਅ ਵਿੱਚ ਵੱਡੀ ਟੀਮ ਬਣਾ ਕੇ ਕੰਮ ਕੀਤਾ ਜਾਵੇਗਾ।
ਡਿਪਟੀ ਮੇਅਰ ਜਗਦੀਪ ਜੱਗਾ ਨੇ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ ਜਿਹਨਾਂ ਪਿੰਡਾਂ ‘ਚ ਜਾ ਕੇ ਨਸ਼ਾ ਮੁਕਤੀ ਯਾਤਰਾ ਵਿਚ ਬਹੁਤ ਜਿੰਮੇਵਾਰੀ ਨਾਲ ਕੰਮ ਕੀਤਾ।
ਐਸ.ਪੀ. ਵੈਭਵ ਚੌਧਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੁਲਿਸ ਵਿਭਾਗ ਨਸ਼ਾ ਵਿਰੋਧੀ ਮਿਸ਼ਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਓਹਨਾ ਭਰੋਸਾ ਦਿਵਾਇਆ ਕਿ ਪੁਲੀਸ ਪਹਿਲਾਂ ਵੀ ਇਸ ਮੁਹਿੰਮ ਨਾਲ ਜੁੜੀ ਸੀ ਅਤੇ ਅੱਗੇ ਵੀ ਪੂਰੇ ਜਜ਼ਬੇ ਨਾਲ ਜੁੜੀ ਰਹੇਗੀ। ਓਹਨਾ ਸਮੂਹ ਡੀਐਸਪੀਜ਼ ਨੂੰ ਹਦਾਇਤ ਕੀਤੀ ਕਿ ਉਹ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਨਸ਼ਾ ਮੁਕਤ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਥਾਨਕ ਕਮੇਟੀਆਂ ਦੇ ਸਹਿਯੋਗ ਨਾਲ ਸਰਗਰਮੀ ਨਾਲ ਕੰਮ ਕਰਨ।
ਬੈਠਕ ਦਾ ਸੰਚਾਲਨ ਸਮੁੱਚੇ ਤਾਲਮੇਲ ਅਤੇ ਜ਼ਮੀਨੀ ਕਾਰਵਾਈ ਦੇ ਮੱਦੇਨਜ਼ਰ ਸੁਚਾਰੂ ਢੰਗ ਨਾਲ ਕੀਤਾ ਗਿਆ। ਸਮੂਹ ਅਧਿਕਾਰੀਆਂ ਅਤੇ ਮੈਂਬਰਾਂ ਨੇ ਇਕਜੁੱਟ ਹੋ ਕੇ ਨਸ਼ਾ ਮੁਕਤ ਪਟਿਆਲਾ ਬਣਾਉਣ ਦਾ ਸੰਕਲਪ ਲਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰਜ਼, ਦਮਨਜੀਤ ਸਿੰਘ, ਨਵਰੀਤ ਕੌਰ ਸੇਖੋਂ, ਸਿਮਰਪ੍ਰੀਤ ਕੌਰ, ਐਸ ਡੀ ਐਮਜ਼ ਇਸਮਤ ਵਿਜੈ ਸਿੰਘ , ਕਿਰਪਾਲ ਵੀਰ ਸਿੰਘ, ਅਤੇ ਵੱਡੀ ਗਿਣਤੀ ਵਿਚ ਪਿੰਡ/ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਮੌਜੂਦ ਸਨ।
