ਪਿੰਡ ਤਾਮਕੋਟ, ਭੁਪਾਲ ਕਲਾਂ ‘ਚ ਅੱਗ ਦੀ ਕੋਈ ਘਟਨਾ ਨਹੀਂ, ਪਿੰਡਾਂ ਦਾ ਕੀਤਾ ਜਾਵੇਗਾ ਵਿਸ਼ੇਸ਼ ਸਨਮਾਨ: ਡਿਪਟੀ ਕਮਿਸ਼ਨਰ

0

– ਡਿਪਟੀ ਕਮਿਸ਼ਨਰ, ਐੱਸ ਐੱਸ ਪੀ ਵਲੋਂ ਪਿੰਡ ਤਾਮਕੋਟ, ਰੱਲਾ, ਭੁਪਾਲ ਕਲਾਂ, ਜੋਗਾ ਦੇ ਖੇਤਾਂ ਦਾ ਦੌਰਾ

– ਅੱਗ ਲੱਗਣ ਦੀ ਜ਼ੀਰੋ ਘਟਨਾ ਵਾਲੇ ਪਿੰਡਾਂ ‘ਚ ਤਾਇਨਾਤ ਅਫ਼ਸਰਾਂ ਦਾ ਕੀਤਾ ਜਾਵੇਗਾ ਸਨਮਾਨ

– ਜੋਗਾ ‘ਚ ਮੌਕੇ ‘ਤੇ ਅੱਗ ਬੁਝਾਈ; ਨੋਡਲ ਅਫ਼ਸਰਾਂ ਨੂੰ ਕਰੜੀ ਨਿਗਰਾਨੀ ਦੀਆਂ ਹਦਾਇਤਾਂ

– ਕਿਹਾ, ਕਿਸੇ ਵੀ ਤਰ੍ਹਾਂ ਦੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ

(Rajinder Kumar) ਮਾਨਸਾ, 30 ਅਕਤੂਬਰ 2025: ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਆਈ ਏ ਐੱਸ ਅਤੇ ਐੱਸ ਐੱਸ ਪੀ ਭਾਗੀਰਥ ਮੀਨਾ ਵਲੋਂ ਅੱਜ ਪਰਾਲੀ ਪ੍ਰਬੰਧਨ ਦੇ ਸਬੰਧ ਵਿੱਚ ਜ਼ਿਲ੍ਹੇ ਦੇ ਪਿੰਡ ਤਾਮਕੋਟ, ਭੁਪਾਲ ਕਲਾਂ, ਰੱਲਾ ਤੇ ਜੋਗਾ ਦਾ ਦੌਰਾ ਕੀਤਾ ਗਿਆ। ਪਿੰਡ ਤਾਮਕੋਟ ਵਿੱਚ ਓਨ੍ਹਾਂ ਨੇ ਕਿਸਾਨ ਜਸਵਿੰਦਰ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ, ਜਿੱਥੇ ਕਿਸਾਨ ਵਲੋਂ 18 ਏਕੜ ਵਿੱਚ ਪਰਾਲੀ ਦਾ ਪ੍ਰਬੰਧਨ ਕੀਤਾ ਜਾ ਰਿਹਾ ਹੈ। 15 ਏਕੜ ਵਿੱਚ ਗੱਠਾਂ ਬਣਾਈਆਂ ਜਾ ਰਹੀਆਂ ਹਨ ਅਤੇ 3 ਏਕੜ ਵਿੱਚ ਜ਼ਮੀਨ ਵਿਚ ਹੀ ਪਰਾਲੀ ਦਾ ਨਿਬੇੜਾ ਕੀਤਾ ਜਾਵੇਗਾ। ਮੌਕੇ ‘ਤੇ ਖੇਤੀਬਾੜੀ ਅਫ਼ਸਰਾਂ ਅਤੇ ਕਿਸਾਨਾਂ ਨੇ ਦੱਸਿਆ ਕਿ ਅਜੇ ਤੱਕ ਪਿੰਡ ਦੇ ਇਕ ਵੀ ਖੇਤ ਵਿਚ ਪਰਾਲੀ ਨੂੰ ਅੱਗ ਨਹੀਂ ਲੱਗੀ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਅੱਗ ਲੱਗਣ ਦੀ ਜ਼ੀਰੋ ਘਟਨਾ ਵਾਲੇ ਪਿੰਡਾਂ ਵਿਚ ਤਾਇਨਾਤ ਅਧਿਕਾਰੀਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।

ਉਨ੍ਹਾਂ ਪਿੰਡ ਭੁਪਾਲ ਕਲਾਂ ਵਿੱਚ ਕੁਲਦੀਪ ਸਿੰਘ ਦੇ ਖੇਤ ਦਾ ਦੌਰਾ ਕੀਤਾ, ਜਿੱਥੇ ਕਿਸਾਨ ਵਲੋਂ 8 ਏਕੜ ਵਿੱਚ ਪਰਾਲੀ ਦਾ ਪ੍ਰਬੰਧਨ ਕੀਤਾ ਜਾ ਰਿਹਾ ਸੀ। ਖੇਤੀਬਾੜੀ ਅਫ਼ਸਰਾਂ ਨੇ ਦੱਸਿਆ ਕਿ ਭੁਪਾਲ ਕਲਾਂ ਸਣੇ ਪੂਰੇ ਅਲੀਸ਼ੇਰ ਕਲਾਂ ਸਰਕਲ (ਅਲੀਸ਼ੇਰ ਕਲਾਂ, ਅਲੀਸ਼ੇਰ ਖੁਰਦ, ਅਤਲਾ ਕਲਾਂ, ਮੌਜੋ ਕਲਾਂ, ਮੌਜੋ ਖੁਰਦ, ਮੱਤੀ, ਗੁਰਥੜੀ ਤੇ ਭੁਪਾਲ) ਵਿੱਚ ਅੱਗ ਦੀ ਅਜੇ ਤਕ ਕੋਈ ਘਟਨਾ ਨਹੀਂ। ਓਨ੍ਹਾਂ ਕਿਸਾਨਾਂ ਅਤੇ ਖੇਤੀਬਾੜੀ ਤੇ ਨੋਡਲ ਅਫ਼ਸਰਾਂ ਦੀ ਸ਼ਲਾਘਾ ਕੀਤੀ।

ਇਸ ਮਗਰੋਂ ਓਨ੍ਹਾਂ ਸਿਮਰਜੀਤ ਸਿੰਘ ਪਿੰਡ ਰੱਲਾ ਦੇ ਖੇਤ ਦਾ ਦੌਰਾ ਕੀਤਾ ਜਿੱਥੇ ਕਿਸਾਨ ਵਲੋਂ 7 ਏਕੜ ਵਿੱਚ ਰੋਟਾਵੇਟਰ ਨਾਲ ਪ੍ਰਬੰਧਨ ਕੀਤਾ ਜਾ ਰਿਹਾ ਸੀ। ਡਿਪਟੀ ਕਮਿਸ਼ਨਰ ਅਤੇ ਐੱਸ ਐੱਸ ਪੀ ਪਿੰਡ ਜੋਗਾ ਦੇ ਖੇਤਾਂ ਵਿਚ ਵੀ ਪੁੱਜੇ, ਜਿੱਥੇ ਤਾਇਨਾਤ ਅਮਲੇ ਵਲੋਂ ਇਕ ਖੇਤ ਵਿਚ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਈ ਗਈ। ਡਿਪਟੀ ਕਮਿਸ਼ਨਰ ਨੇ ਸਬੰਧਤ ਏਡੀਓਜ਼, ਐੱਸਐਚਓਜ਼ ਅਤੇ ਨੋਡਲ ਅਫ਼ਸਰਾਂ ਨੂੰ ਤਾਲਮੇਲ ਬਣਾ ਕੇ ਅੱਗ ਦੇ ਕੇਸਾਂ ‘ਤੇ ਸਖ਼ਤ ਨਿਗਰਾਨੀ ਰੱਖਣ ਦੀ ਹਦਾਇਤ ਕੀਤੀ, ਓਨ੍ਹਾਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਅਤੇ ਕੌਮੀ ਗ੍ਰੀਨ ਟ੍ਰਿਬਿਊਨਲ ਦੀਆਂ ਸਖ਼ਤ ਹਦਾਇਤਾਂ ਹਨ ਅਤੇ ਕੋਈ ਵੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮੌਕੇ ‘ਤੇ ਮੌਜੂਦ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਅਤੇ ਦੱਸਿਆ ਕਿ ਪਰਾਲੀ ਦੀ ਸਾਂਭ ਸੰਭਾਲ ਅਤੇ ਯੋਗ ਪ੍ਰਬੰਧਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮਾਨਸਾ ਦੇ ਕਮਰਾ ਨੰਬਰ 25 ਵਿੱਚ ਕੰਟਰੋਲ ਰੂਮ ਨੰਬਰ 01652-229082 ਸਥਾਪਿਤ ਕੀਤਾ ਗਿਆ ਹੈ। ਇਸ ਨੰਬਰ ‘ਤੇ ਫੋਨ ਕਰਕੇ ਪਰਾਲੀ ਪ੍ਰਬੰਧਨ ਲਈ ਮੌਜੂਦ ਖੇਤੀ ਮਸ਼ੀਨਰੀ ਦੀ ਜਾਣਕਾਰੀ ਲਈ ਜਾ ਸਕਦੀ ਹੈ।

ਇਸ ਮੌਕੇ ਗੁਰਲੀਨ ਕੌਰ (ਅੰਡਰ ਟ੍ਰੇਨਿੰਗ ਆਈ ਏ ਐੱਸ), ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਡਾ. ਹਰਵਿੰਦਰ ਸਿੰਘ, ਸਬੰਧਤ ਖੇਤੀਬਾੜੀ ਵਿਕਾਸ ਅਫ਼ਸਰ, ਪੁਲਿਸ ਅਧਿਕਾਰੀ, ਐੱਸ ਡੀ ਓ ਪ੍ਰਦੂਸ਼ਣ ਕੰਟਰੋਲ ਬੋਰਡ ਹਰਮਨ ਗਿੱਲ, ਨੋਡਲ ਅਫ਼ਸਰ ਮੌਜੂਦ ਸਨ।

About The Author

Leave a Reply

Your email address will not be published. Required fields are marked *

You may have missed