42ਵਾਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ- ਨਿਤਿਨ ਕੋਹਲੀ ਅਤੇ ਯਸ਼ਪਾਲ ਕਾਂਤ ਹੋਣਗੇ ਵਿਸ਼ੇਸ਼ ਮਹਿਮਾਨ

– “ਡਾ. ਅਸ਼ੋਕ ਮਿੱਤਲ, ਮੈਂਬਰ ਪਾਰਲੀਮੈਂਟ (ਰਾਜ ਸਭਾ) ਕਰਨਗੇ ਉਦਘਾਟਨ
(Rajinder Kumar) ਜਲੰਧਰ, 19 ਅਕਤੂਬਰ 2025: ਦੇਸ਼ ਦੀਆਂ ਨਾਮੀ ਹਾਕੀ ਟੀਮਾਂ ਵਿਚਕਾਰ ਰੌਚਕ ਮੁਕਾਬਲੇ ਨਾਲ ਭਰਪੂਰ 42ਵਾਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ 23 ਅਕਤੂਬਰ ਤੋਂ ਸਥਾਨਕ ਸੁਰਜੀਤ ਹਾਕੀ ਸਟੇਡੀਅਮ ਵਿੱਚ ਸ਼ੁਰੂ ਹੋ ਰਿਹਾ ਹੈ।ਇਸ ਟੂਰਨਾਮੈਂਟ ਦਾ ਉਦਘਾਟਨ ਮੈਂਬਰ ਪਾਰਲੀਮੈਂਟ (ਰਾਜ ਸਭਾ) ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਫਾਉਂਡਰ ਚਾਂਸਲਰ ਡਾ. ਅਸ਼ੋਕ ਮਿੱਤਲ ਸ਼ਾਮ 6:15 ਵਜੇ ਕਰਨਗੇ।
ਇਸ ਟੂਰਨਾਮੈਂਟ ਵਿੱਚ ਪਿਛਲੇ ਸਾਲ ਦੀ ਚੈਂਪੀਅਨ ਟੀਮ ਇੰਡੀਅਨ ਆਇਲ ਮੁੰਬਈ ਅਤੇ ਉਪ-ਜੇਤੂ ਭਾਰਤ ਪੈਟਰੋਲੀਅਮ, ਮੁੰਬਈ ਸਮੇਤ ਦੇਸ਼ ਦੀਆਂ 12 ਉੱਚ ਕੋਟੀ ਦੀਆਂ ਟੀਮਾਂ ਇਸ ਟੂਰਨਾਮੈਂਟ ਵਿੱਚ ਆਪਣਾ ਜੌਹਰ ਦਿਖਾਉਣਗੀਆਂ। ਇਸ ਉਦਘਾਟਨੀ ਸਮਾਗਮ ‘ਤੇ ਇੰਡੀਅਨ ਆਇਲ ਦੇ ਚੀਫ਼ ਜਨਰਲ ਮੈਨੇਜਰ (ਓਪਰੇਸ਼ਨਜ਼) ਯਸ਼ਪਾਲ ਕਾਂਤ ਗੈਸਟ ਆਫ਼ ਆਨਰ ਹੋਣਗੇ, ਜਦਕਿ ਹਾਕੀ ਪੰਜਾਬ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਜਲੰਧਰ (ਸੈਂਟਰਲ) ਵਿਧਾਨ ਸਭਾ ਹਲਕੇ ਦੇ ਇੰਚਾਰਜ ਨਿਤੀਨ ਕੋਹਲੀ ਵਿਸ਼ੇਸ਼ ਮਹਿਮਾਨ ਹੋਣਗੇ।
10 ਦਿਨਾਂ ਤੱਕ ਚੱਲਣ ਵਾਲਾ ਇਹ ਟੂਰਨਾਂਮੈਂਟ ਫਲੱਡ ਲਾਈਟਾਂ ਹੇਠਾਂ ਹੋਵੇਗਾ ਅਤੇ ਹੋਣ ਹਰ ਰੋਜ਼ ਸ਼ਾਮ 4:30 ਵਜੇ ਤੋਂ ਦੋ-ਦੋ ਮੈਚ ਖੇਡੇ ਜਾਣਗੇ ਟੂਰਨਾਮੈਂਟ ਨੂੰ ਹੋਰ ਰੌਚਕ ਬਣਾਉਣ ਲਈ “ਸੁਰਜੀਤ ਹਾਕੀ ਦੇਖੋ-ਆਲਟੋ ਕਾਰ ਜਿੱਤੋ” ਦੇ ਨਾਅਰੇ ਹੇਠ ਦਰਸ਼ਕਾਂ ਵਿੱਚ ਉਤਸ਼ਾਹ ਪੈਦਾ ਕੀਤਾ ਜਾ ਰਿਹਾ ਹੈ। ਇਸ ਤਹਿਤ ਸਟੇਡੀਅਮ ਦੇ ਐਂਟਰੀ ਗੇਟ ‘ਤੇ ਪਹੁੰਚਣ ਵਾਲੇ ਹਰ ਦਰਸ਼ਕ ਨੂੰ ਲਗਾਤਾਰ 10 ਦਿਨ ਤੱਕ ਇੱਕ ਕੂਪਨ ਦਿੱਤਾ ਜਾਵੇਗਾ। ਟੂਰਨਾਮੈਂਟ ਦੇ ਫਾਈਨਲ ਮੈਚ ਤੋਂ ਤੁਰੰਤ ਬਾਅਦ ਇਨ੍ਹਾਂ ਕੂਪਨਾਂ ਵਿੱਚੋਂ ਇੱਕ ਦਰਸ਼ਕ ਦਾ ਆਲਟੋ ਕਾਰ ਦਾ ਇਨਾਮ ਕਢਿਆ ਜਾਵੇਗਾ। ਇਹ ਕਾਰ ਐਨ.ਆਰ.ਆਈ. ਸਤਨਾਮ ਸਿੰਘ ‘ਸੱਤਾ ਭਲਵਾਨ’ (ਅਮਰੀਕਾ) ਵੱਲੋਂ ਸਪਾਂਸਰ ਕੀਤੀ ਗਈ ਹੈ। ਇਸ ਤੋਂ ਇਲਾਵਾ ਦਰਸ਼ਕਾਂ ਨੂੰ ਫਰਿੱਜ, ਐਲਸੀਡੀ, ਵਾਸ਼ਿੰਗ ਮਸ਼ੀਨ, ਮਾਈਕ੍ਰੋਵੇਵ ਵਰਗੇ ਹੋਰ ਇਨਾਮ ਵੀ ਦਿੱਤੇ ਜਾਣਗੇ। ਹਾਕੀ ਪ੍ਰੇਮੀਆਂ ਨੂੰ 23 ਅਕਤੂਬਰ ਤੋਂ ਸਟੇਡੀਅਮ ਵਿੱਚ ਪਹੁੰਚਣ ਅਤੇ ਇਸ ਰੌਚਕ ਟੂਰਨਾਮੈਂਟ ਦਾ ਲੁਤਫ਼ ਉਠਾਉਣ ਦੀ ਅਪੀਲ ਕੀਤੀ ਗਈ ਹੈ।