ਵਿਧਾਇਕ ਫਾਜ਼ਿਲਕਾ ਨੇ ਪਿੰਡ ਘੁਰਕਾ, ਜੋੜਕੀ ਕੰਕਰ ਵਾਲੀ, ਅਭੁੰਨ ਸ਼ਿਵਾਨਾ ਅਤੇ ਓਡੀਆਂ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਨੁਕਸਾਨੀਆਂ ਫਸਲਾਂ ਅਤੇ ਘਰਾਂ ਦੇ ਮੁਆਵਜ਼ਾ ਰਾਸ਼ੀ ਦੇ ਮਨਜੂਰੀ ਪੱਤਰ ਦਿੱਤੇ

– ਹਰੇਕ ਹੜ ਪੀੜਤ ਤੱਕ ਪਹੁੰਚੇਗਾ ਪੰਜਾਬ ਸਰਕਾਰ ਵੱਲੋਂ ਜਾਰੀ ਮੁਆਵਜਾ-ਨਰਿੰਦਰ ਪਾਲ ਸਿੰਘ ਸਵਨਾ
(Rajinder Kumar) ਫਾਜ਼ਿਲਕਾ, 17 ਅਕਤੂਬਰ 2025: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਕੁਦਰਤੀ ਕਰੋਪੀ ਹੜ੍ਹਾਂ ਤੋਂ ਬਾਅਦ ਲੋਕਾਂ ਦੇ ਪੁਨਰਵਾਸ ਕਰਨ ਦੇ ਨਾਲ-ਨਾਲ ਇਕ ਮਹੀਨੇ ਦੇ ਅੰਦਰ-ਅੰਦਰ ਮੁਆਵਜਾ ਦੇਣ ਦੇ ਵਾਅਦੇ ਦੀ ਪੂਰਤੀ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਦੀਵਾਲੀ ਤੋਂ ਪਹਿਲਾਂ ਮੁਆਵਜਾ ਦੇਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਹ ਸ਼ਬਦ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਪਿੰਡ ਘੁਰਕਾ, ਜੋੜਕੀ ਕੰਕਰ ਵਾਲੀ, ਅਭੁੰਨ ਸ਼ਿਵਾਨਾ ਅਤੇ ਓਡੀਆਂ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਨੁਕਸਾਨੀਆਂ ਫਸਲਾਂ ਅਤੇ ਘਰਾਂ ਦੇ ਮੁਆਵਜ਼ਾ ਰਾਸ਼ੀ ਦੇ ਮਨਜੂਰੀ ਪੱਤਰ ਦੇਣ ਮੌਕੇ ਕੀਤਾ।
ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਪੰਜਾਬ ਸਰਕਾਰ ਹੜ ਪੀੜ੍ਹਤਾਂ ਨਾਲ ਖੜ੍ਹੀ ਹੈ ਤੇ ਹਰੇਕ ਨੂੰ ਉਸਦੇ ਨੁਕਸਾਨ ਦਾ ਮੁਆਵਜਾ ਦੇਣ ਲਈ ਕਾਰਜਸ਼ੀਲ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀ ਵਿਸ਼ੇਸ਼ ਤਰਜੀਹ ਸੀ ਕਿ ਪਾਣੀ ਦੀ ਮਾਰ ਹੇਠ ਆਏ ਇਲਾਕਿਆਂ ਅੰਦਰ ਦੀਵਾਲੀ ਮੌਕੇ ਖੁਸ਼ੀਆਂ ਦੇ ਦੀਵੇ ਬਾਲਣੇ ਹਨ, ਇਸ ਤਹਿਤ ਮੁਆਵਜਾ ਰਾਸ਼ੀ ਦੀਵਾਲੀ ਤੋਂ ਪਹਿਲਾਂ ਪਹਿਲਾਂ ਦੇਣ ਦਾ ਤਹੱਈਆ ਕੀਤਾ ਗਿਆ ਹੈ।
ਸ੍ਰੀ ਸਵਨਾ ਨੇ ਕਿਹਾ ਕਿ ਹੜ੍ਹਾਂ ਦੌਰਾਨ ਵੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਰਾਹਤ ਸਮੱਗਰੀ ਮੁਹੱਈਆ ਕਰਵਾਈ ਗਈ, ਪਸ਼ੂ ਪਾਲਕਾਂ ਨੂੰ ਪਸ਼ੂਆਂ ਵਾਸਤੇ ਹਰਾ ਚਾਰਾ ਤੇ ਕੈਟਲ ਫੀਡ ਦਿੱਤੀ ਗਈ। ਉਨ੍ਹਾਂ ਕਿਹਾ ਹੜ੍ਹਾਂ ਅਤੇ ਭਾਰੀ ਬਾਰਿਸ਼ਾਂ ਕਰਕੇ ਫਸਲਾਂ, ਮਕਾਨਾਂ ਤੇ ਪਸ਼ੂ ਧਨ ਦਾ ਜੋ ਵੀ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਕਰਨ ਲਈ ਉਹ ਖੁਦ ਪਿੰਡਾਂ ਵਿਚ ਪਹੁੰਚ ਕਰਕੇ ਮੁਆਵਜਾ ਰਾਸ਼ੀ ਦੇ ਮਨਜੂਰੀ ਪੱਤਰ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ ਜਦੋਂ ਤੱਕ ਹਰੇਕ ਹੜ੍ਹ ਪੀੜਤ ਨੂੰ ਉਸਦੇ ਹੋਏ ਨੁਕਸਾਨ ਦਾ ਮੁਆਵਜਾ ਨਹੀਂ ਮਿਲ ਜਾਂਦਾ।