ਵਿਧਾਇਕ ਜਿੰਪਾ ਨੇ ਕਰਵਾਈ ਵਾਰਡ ਨੰਬਰ 3 ਦੀਆਂ ਗਲੀਆਂ ’ਚ ਟਾਇਲ ਵਰਕ ਦੀ ਸ਼ੁਰੂਆਤ

(Rajinder Kumar) ਹੁਸ਼ਿਆਰਪੁਰ, 17 ਅਕਤੂਬਰ 2025: ਵਿਕਾਸ ਕਾਰਜਾਂ ਨੂੰ ਲਗਾਤਾਰ ਗਤੀ ਦਿੰਦੇ ਹੋਏ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਵਾਰਡ ਨੰਬਰ 3 ਦੀਆਂ ਵੱਖ-ਵੱਖ ਗਲੀਆਂ ਵਿਚ ਟਾਇਲ ਵਰਕ ਦੀ ਸ਼ੁਰੂਆਤ ਕਰਵਾਈ। ਇਸ ਕੰਮ ਲਈ 12,81,000 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਵਿਧਾਇਕ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਸ਼ਹਿਰ ਵਿਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣਾ ਉਨ੍ਹਾਂ ਦੀ ਪਹਿਲਕਦਮੀ ਹੈ। ਉਨ੍ਹਾਂ ਦੱਸਿਆ ਕਿ ਜਨਤਾ ਦੀ ਮੰਗ ’ਤੇ ਵਾਰਡ ਨੰਬਰ 3 ਵਿਚ ਇਹ ਟਾਇਲ ਵਰਕ ਕਰਵਾਇਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਬਾਰਸ਼ ਦੇ ਮੌਸਮ ਵਿਚ ਕੀਚੜ ਅਤੇ ਗੰਦਗੀ ਤੋਂ ਰਾਹਤ ਮਿਲੇ।
ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਦੇ ਹਰ ਵਾਰਡ ਵਿਚ ਸਮਾਨ ਢੰਗ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਅੱਗੇ ਵੀ ਕਿਸੇ ਵੀ ਹਲਕੇ ਨੂੰ ਵਿਕਾਸ ਤੋਂ ਵੰਚਿਤ ਨਹੀਂ ਰੱਖਿਆ ਜਾਵੇਗਾ।
ਇਸ ਮੌਕੇ ਸਥਾਨਕ ਨਿਵਾਸੀਆਂ ਨੇ ਵਿਧਾਇਕ ਜਿੰਪਾ ਅਤੇ ਨਗਰ ਨਿਗਮ ਦੀ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਕੰਮ ਨਾਲ ਮੁਹੱਲੇ ਦੀ ਸੂਰਤ ਵਿਚ ਸੁਧਾਰ ਆਵੇਗਾ ਅਤੇ ਲੋਕਾਂ ਨੂੰ ਕਾਫ਼ੀ ਸੁਵਿਧਾ ਹੋਵੇਗੀ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਗੰਗਾ ਪ੍ਰਸਾਦ ਅਤੇ ਮੁਹੱਲਾ ਨਿਵਾਸੀ ਵੀ ਮੌਜੂਦ ਸਨ।