ਰਾਸ਼ਟਰੀ ਮਹਿਲਾ ਕਮਿਸ਼ਨ ਦੇ ਮੈਂਬਰ ਵੱਲੋਂ ਪਟਿਆਲਾ ‘ਚ ਮਹਿਲਾਜਨ ਸੁਣਵਾਈ

– ਔਰਤਾਂ ਨੂੰ ਨਿਆਂ ਪ੍ਰਦਾਨ ਕਰਨ ‘ਚ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਮਮਤਾ ਕੁਮਾਰੀ
(Rajinder Kumar) ਪਟਿਆਲਾ, 17 ਅਕਤੂਬਰ 2025: ਰਾਸ਼ਟਰੀ ਮਹਿਲਾ ਕਮਿਸ਼ਨ ਦੀ ਦੇਸ਼ ਵਿਆਪੀ ਪਹੁੰਚ ਪਹਿਲਕਦਮੀ ‘ਮਹਿਲਾ ਆਯੋਗ ਆਪਕੇ ਦੁਆਰ’ ਦੇ ਹਿੱਸੇ ਵਜੋਂ, ਕਮਿਸ਼ਨ ਦੀ ਮੈਂਬਰ ਮਮਤਾ ਕੁਮਾਰੀ ਨੇ ਸ਼ੁੱਕਰਵਾਰ ਨੂੰ ਪੁਲਿਸ ਲਾਈਨਜ਼, ਪਟਿਆਲਾ ਦੇ ਕਾਨਫਰੰਸ ਹਾਲ ਵਿਖੇ ਮਹਿਲਾ ਜਨ ਸੁਣਵਾਈ (ਮਹਿਲਾ ਜਨਤਕ ਸੁਣਵਾਈ) ਕੀਤੀ।
ਇਸ ਦੌਰਾਨ, ਲਗਭਗ 40 ਮਹਿਲਾ ਸ਼ਿਕਾਇਤਕਰਤਾਵਾਂ ਕਮਿਸ਼ਨ ਦੇ ਸਾਹਮਣੇ ਪੇਸ਼ ਹੋਈਆਂ ਅਤੇ ਘਰੇਲੂ ਹਿੰਸਾ, ਉਤਪੀੜਨ, ਦਾਜ ਅਤੇ ਹੋਰ ਲਿੰਗਕ ਸੰਬੰਧੀ ਮੁੱਦਿਆਂ ਨਾਲ ਸਬੰਧਤ ਆਪਣੀਆਂ ਸ਼ਿਕਾਇਤਾਂ ਪੇਸ਼ ਕੀਤੀਆਂ। ਮਮਤਾ ਕੁਮਾਰੀ ਨੇ ਹਰੇਕ ਮਾਮਲੇ ਦੀ ਸਹਿਜਤਾ ਨਾਲ ਸੁਣਵਾਈ ਕੀਤੀ ਅਤੇ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨੂੰ ਨਿਰਪੱਖ ਅਤੇ ਸਮਾਂਬੱਧ ਜਾਂਚ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਮਹਿਲਾ ਕਮਿਸ਼ਨ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ “ਔਰਤਾਂ ਨੂੰ ਨਿਆਂ ਪ੍ਰਦਾਨ ਕਰਨ ਵਿੱਚ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।”
ਮਮਤਾ ਕੁਮਾਰੀ ਨੇ ਜ਼ੋਰ ਦਿੱਤਾ ਕਿ ਦੇਸ਼ ਭਰ ਵਿੱਚ ਇਨ੍ਹਾਂ ਮਹਿਲਾ ਜਨ ਸੁਨਵਾਈ ਕੈਂਪਾਂ ਨੂੰ ਆਯੋਜਿਤ ਕਰਨ ਦਾ ਕਮਿਸ਼ਨ ਦਾ ਮੁੱਖ ਉਦੇਸ਼ ਜ਼ਮੀਨੀ ਪੱਧਰ ‘ਤੇ ਔਰਤਾਂ ਨੂੰ ਨਿਆਂ ਪ੍ਰਦਾਨ ਕਰਨਾ, ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਯਕੀਨੀ ਬਣਾਉਣਾ ਅਤੇ ਔਰਤਾਂ ਨਾਲ ਸਬੰਧਤ ਮਾਮਲਿਆਂ ਵਿੱਚ ਲਾਪਰਵਾਹੀ ਲਈ ਅਧਿਕਾਰੀਆਂ ਨੂੰ ਜਵਾਬਦੇਹ ਬਣਾਉਣਾ ਹੈ।
ਕੌਮੀ ਮਹਿਲਾ ਮੈਂਬਰ ਨੇ ਕਈ ਮਾਮਲਿਆਂ ਵਿੱਚ ਮੌਕੇ ‘ਤੇ ਨਿਰਦੇਸ਼ ਵੀ ਜਾਰੀ ਕਰਦਿਆਂ ਪੁਲਿਸ ਅਧਿਕਾਰੀਆਂ ਨੂੰ ਵਿਸਤ੍ਰਿਤ ਜਾਂਚ ਲਈ ਜਾਂਚ ਕਮੇਟੀਆਂ ਬਣਾਉਣ ਦੇ ਨਿਰਦੇਸ਼ ਦਿੱਤੇ, ਅਤੇ ਕੁਝ ਮਾਮਲਿਆਂ ਵਿੱਚ ਪੁਲਿਸ ਅਧਿਕਾਰੀਆਂ ਤੋਂ ਵਾਧੂ ਰਿਪੋਰਟਾਂ ਵੀ ਮੰਗੀਆਂ।
ਆਪਣੇ ਇਸ ਦੌਰੇ ਦੇ ਹਿੱਸੇ ਵਜੋਂ, ਮਮਤਾ ਕੁਮਾਰੀ ਨੇ ਕੇਂਦਰੀ ਜੇਲ੍ਹ, ਪਟਿਆਲਾ ਦਾ ਵੀ ਨਿਰੀਖਣ ਕੀਤਾ, ਮਹਿਲਾ ਕੈਦੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਰਹਿਣ-ਸਹਿਣ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਮਹਿਲਾ ਬੰਦੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਜੇਲ੍ਹ ਅਧਿਕਾਰੀਆਂ ਨੂੰ ਕਾਨੂੰਨੀ ਸਹਾਇਤਾ, ਸਿਹਤ ਸਹੂਲਤਾਂ ਅਤੇ ਪੁਨਰਵਾਸ ਸਹਾਇਤਾ ਤੱਕ ਪਹੁੰਚ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ।
ਇਸ ਤੋਂ ਇਲਾਵਾ ਮਮਤਾ ਕੁਮਾਰੀ ਨੇ ਮਾਤਾ ਕੌਸ਼ਲਿਆ ਹਸਪਤਾਲ, ਸਖੀ ਵਨ ਸਟਾਪ ਸੈਂਟਰ ਅਤੇ ਮਾਤਾ ਖੀਵੀ ਬਿਰਧ ਆਸ਼ਰਮ ਦਾ ਵੀ ਦੌਰਾ ਕੀਤਾ ਅਤੇ ਇੱਥੇ ਔਰਤਾਂ ਅਤੇ ਬਜ਼ੁਰਗ ਨਾਗਰਿਕਾਂ ਲਈ ਉਪਲਬਧ ਸਹੂਲਤਾਂ ਦੀ ਸਮੀਖਿਆ ਕੀਤੀ।
ਮਮਤਾ ਕੁਮਾਰੀ ਨੇ ਔਰਤਾਂ ਦੇ ਮੁੱਦਿਆਂ ਨੂੰ ਹੱਲ ਕਰਨ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਔਰਤਾਂ ਦੇ ਨਿਆਂ, ਸੁਰੱਖਿਆ ਅਤੇ ਸਸ਼ਕਤੀਕਰਨ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਖੇਤਰਾਂ ਵਿਭਾਗਾਂ ਦਰਮਿਆਨ ਵਧੇਰੇ ਤਾਲਮੇਲ ‘ਤੇ ਜ਼ੋਰ ਦਿੱਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ, ਐਸਪੀ (ਹੈੱਡਕੁਆਰਟਰ) ਵੈਭਵ ਚੌਧਰੀ, ਜੇਲ੍ਹ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ, ਐਸਡੀਐਮ ਹਰਜੋਤ ਕੌਰ, ਡੀਐਸਪੀ ਨੇਹਾ ਅਗਰਵਾਲ, ਡੀਪੀਓ ਪ੍ਰਦੀਪ ਸਿੰਘ ਗਿੱਲ ਅਤੇ ਸਿਵਲ ਸਰਜਨ ਡਾ. ਜਗਪਾਲਿੰਦਰ ਸਿੰਘ ਮੌਜੂਦ ਰਹੇ ਅਤੇ ਜ਼ਿਲ੍ਹੇ ਵਿੱਚ ਔਰਤਾਂ ਦੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣ ਵਿੱਚ ਕਮਿਸ਼ਨ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਮਹਿਲਾ ਜਨ ਸੁਣਵਾਈ ਦੌਰਾਨ ਕਾਨੂੰਨੀ ਮਾਹਿਰ ਐਡਵੋਕੇਟ ਲੱਕੀ ਸ਼ਰਮਾ, ਐਡਵੋਕੇਟ ਜਿਤੇਂਦਰ ਭਾਟੀਆ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥੋਰਿਟੀ ਤੋਂ ਸਹਾਇਕ ਐਲਏਡੀਸੀ ਐਡਵੋਕੇਟ ਜਸਮੀਤ ਸਿੰਘ, ਸਰਬਦੀਪ ਸਿੰਘ ਅਤੇ ਪੈਨਲ ਐਡਵੋਕੇਟ ਗੁਰਵਿੰਦਰ ਕੌਰ ਕੰਬੋਜ ਨੇ ਵੀ ਹਿੱਸਾ ਲਿਆ ਅਤੇ ਸ਼ਿਕਾਇਤਕਰਤਾਵਾਂ ਨੂੰ ਕਾਨੂੰਨੀ ਉਪਚਾਰਾਂ ਅਤੇ ਪ੍ਰਕਿਰਿਆਵਾਂ ਬਾਰੇ ਮਾਰਗਦਰਸ਼ਨ ਕੀਤਾ।