ਐਮ.ਐਲ.ਏ. ਕੁਲਵੰਤ ਸਿੰਘ ਨੇ ਸ਼ੁਤਰਾਣਾ ਹਲਕੇ ਦੇ ਹੜ੍ਹ ਪ੍ਰਭਾਵਿਤ 14 ਪਿੰਡਾਂ ਦੇ 230 ਲਾਭਪਾਤਰੀਆਂ ਨੂੰ 69.56 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਸੌਂਪੀ

0

ਪੰਜਾਬ ਸਰਕਾਰ ਹੜ੍ਹ ਪੀੜਤਾਂ ਦੇ ਦੁੱਖ ‘ਚ ਨਾਲ ਖੜ੍ਹੀ, ਮਿੱਥੇ ਸਮੇਂ ‘ਚ ਦਿੱਤਾ ਮੁਆਵਜ਼ਾ-ਕੁਲਵੰਤ ਸਿੰਘ ਬਾਜ਼ੀਗਰ

ਕਿਹਾ, ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਕਿਸਾਨਾਂ ਨੂੰ ਸੌਂਪੀ ਮੁਆਵਜ਼ਾ ਰਾਸ਼ੀ

(Rajinder Kumar) ਪਾਤੜਾਂ, 16 ਅਕਤੂਬਰ 2025: ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਅੱਜ ਆਪਣੇ ਹਲਕੇ 14 ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ਦੇ 230 ਲਾਭਪਾਤਰੀਆਂ ਨੂੰ ਹੜ੍ਹ ਪੀੜਤਾਂ ਦੀ ਮੁਆਵਜ਼ਾ ਰਾਸ਼ੀ 69.56 ਲੱਖ ਰੁਪਏ ਦੀ ਉਨ੍ਹਾਂ ਦੇ ਖਾਤਿਆਂ ਵਿੱਚ ਪਾਈ ਗਈ ਰਾਸ਼ੀ ਦੇ ਪ੍ਰਵਾਨਗੀ ਪੱਤਰ ਸੌਂਪੇ।

ਇੱਥੇ ਕਿਰਤੀ ਕਾਲਜ ਨਿਆਲ ਵਿਖੇ ਐਸ.ਡੀ.ਐਮ. ਪਾਤੜਾਂ ਅਸ਼ੋਕ ਕੁਮਾਰ ਦੀ ਅਗਵਾਈ ਹੇਠਲੇ ਕਰਵਾਏ ਸਮਾਰੋਹ ਦੌਰਾਨ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸੂਬੇ ਦੇ ਹੜ੍ਹ ਪੀੜਤਾਂ ਦੇ ਦੁੱਖ ‘ਚ ਸਾਥ ਦੇ ਕੇ ਸਮੇਂ ਸਿਰ ਮੁਆਵਜ਼ਾ ਦਿੰਦਿਆਂ ਪੀੜਤਾਂ ਦੇ ਜਖ਼ਮਾਂ ‘ਤੇ ਮੱਲ੍ਹਮ ਲਗਾਈ ਹੈ। ਉਨ੍ਹਾਂ ਕਿਹਾ ਕਿ 20 ਹਜ਼ਾਰ ਰੁਪਏ ਦਾ ਮੁਆਵਜ਼ਾ ਪੂਰੇ ਦੇਸ਼ ਵਿੱਚ ਕਿਸੇ ਵੀ ਰਾਜ ਵਿੱਚ ਨਹੀਂ ਦਿੱਤਾ ਗਿਆ ਅਤੇ ਇਹ ਪੰਜਾਬ ਸਰਕਾਰ ਦੀ ਸੂਬੇ ਦੇ ਪੀੜਤ ਲੋਕਾਂ ਨਾਲ ਖੜ੍ਹੇ ਹੋਣ ਦੀ ਮਿਸਾਲ ਹੈ।

ਕੁਲਵੰਤ ਸਿੰਘ ਬਾਜ਼ੀਗਰ ਨੇ ਦੱਸਿਆ ਕਿ ਹਲਕਾ ਸ਼ੁਤਰਾਣਾ ਦੇ ਪਿੰਡਾਂ ਸ਼ੇਰਗੜ੍ਹ, ਸ਼ਾਦੀਪੁਰ ਮੋਮੀਆਂ, ਦਫ਼ਤਰੀਵਾਲਾ, ਦਿਉਗੜ੍ਹ, ਹਰਿਆਉ ਕਲਾਂ, ਢਾਬੀ ਗੁੱਜਰਾਂ, ਬਾਦਸ਼ਾਹਪੁਰ, ਜੋਗੇਵਾਲਾ, ਦੁਗਾਲ ਖੁਰਦ, ਗੁਲਾਹੜ, ਗਨੇਸ਼ਪੁਰਾ ਸਿਉਨਾ, ਨਿਰਮਲ ਕੋਟ ਤੇ ਅਰਨੇਟੂ, ਜਿਨ੍ਹਾਂ ‘ਚ ਘੱਗਰ ਦੇ ਪਾਣੀ ਦੀ ਮਾਰ ਪੈਣ ਕਰਕੇ ਕਿਸਾਨਾਂ ਦੀਆਂ ਫ਼ਸਲਾਂ ਤੇ ਹੋਰ ਮਾਲੀ ਨੁਕਸਾਨ ਹੋਇਆ ਹੈ, ਦੇ ਪ੍ਰਭਾਵਿਤ ਕਿਸਾਨਾਂ ਤੇ ਪਰਿਵਾਰਾਂ ਨੂੰ ਅੱਜ ਮੁਆਵਜ਼ਾ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ। ਇਸ ਤੋਂ ਬਿਨ੍ਹਾਂ 6 ਪਿੰਡ ਹੋਰ ਹਨ, ਜਿਨ੍ਹਾਂ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਮੁਆਵਜ਼ਾ ਰਾਸ਼ੀ ਪਾਈ ਜਾ ਰਹੀ ਹੈ ਅਤੇ ਦੀਵਾਲੀ ਤੋਂ ਪਹਿਲਾਂ-ਪਹਿਲਾਂ ਸਾਰੀ ਰਾਸ਼ੀ ਪਾ ਦਿੱਤੀ ਜਾਵੇਗੀ।

ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਦੇਸ਼ ਦਿੱਤੇ ਸਨ, ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਰਾਸ਼ੀ 45 ਦਿਨਾਂ ਦੇ ਅੰਦਰ-ਅੰਦਰ ਪ੍ਰਦਾਨ ਕੀਤੀ ਜਾਵੇਗੀ, ਪਰੰਤੂ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਦੇ ਆਦੇਸ਼ਾਂ ਦੀ ਤੁਰੰਤ ਪਾਲਣਾ ਕਰਦਿਆਂ ਇਹ ਰਾਸ਼ੀ ਮੁੱਖ ਮੰਤਰੀ ਦੇ ਐਲਾਨ ਦੇ 30 ਦਿਨਾਂ ਦੇ ਅੰਦਰ-ਅੰਦਰ ਵਿਸ਼ੇਸ਼ ਗਿਰਦਾਵਰੀ ਆਨਲਾਈਨ ਕਰਵਾਕੇ ਪੂਰੀ ਪਾਰਦਸ਼ਤਾ ਨਾਲ ਇਹ ਰਾਸ਼ੀ ਪੀੜਤਾਂ ਨੂੰ ਪ੍ਰਦਾਨ ਕੀਤੀ ਹੈ।

ਵਿਧਾਇਕ ਨੇ ਅੱਗੇ ਕਿਹਾ ਕਿ ਭਾਵੇਂ ਕਿ ਪ੍ਰਤੀ ਏਕੜ 20000 ਰੁਪਏ ਮੁਆਵਜ਼ਾ ਰਾਸ਼ੀ ਬਹੁਤ ਘੱਟ ਹੈ, ਪਰੰਤੂ ਪੰਜਾਬ ਸਰਕਾਰ ਨੇ ਇਸ ਵਿੱਚ ਕਰੀਬ 15 ਹਜ਼ਾਰ ਰੁਪਏ ਆਪਣੇ ਕੋਲੋਂ ਪਾਏ ਹਨ ਪਰੰਤੂ ਕੇਂਦਰ ਸਰਕਾਰ ਨੇ ਸੂਬੇ ਦੇ ਹੜ੍ਹ ਪੀੜਤਾਂ ਦੀ ਬਾਂਹ ਨਹੀਂ ਫੜੀ ਅਤੇ ਪੰਜਾਬ ਨਾਲ ਹਮੇਸ਼ਾ ਦੀ ਤਰ੍ਹਾਂ ਵਿਤਕਰਾ ਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੀੜਤ ਲੋਕਾਂ ਦੇ ਪੂਰੀ ਤਰ੍ਹਾਂ ਢਹਿ-ਢੇਰੀ ਹੋਏ ਘਰਾਂ ਲਈ 1,20,000 ਰੁਪਏ ਦੇਣ ਸਮੇਤ ਅੰਸ਼ਕ ਤੌਰ ‘ਤੇ ਨੁਕਸਾਨੇ ਗਏ ਘਰਾਂ ਲਈ 40,000 ਰੁਪਏ ਦੇਣ ਦਾ ਐਲਾਨ ਕੀਤਾ ਜਦਕਿ ਪਿਛਲੀਆਂ ਸਰਕਾਰਾਂ ਮੌਕੇ ਇਹ ਰਕਮ 6,500 ਰੁਪਏ ਸੀ।

                   ਐਸ.ਡੀ.ਐਮ. ਅਸ਼ੋਕ ਕੁਮਾਰ ਨੇ ਦੱਸਿਆ ਕਿ ਸ਼ੁਤਰਾਣਾ ਹਲਕੇ ਦੇ 20 ਪਿੰਡਾਂ ਵਿੱਚ ਘੱਗਰ ਦੇ ਹੜ੍ਹਾਂ ਨੇ ਨੁਕਸਾਨ ਕੀਤਾ ਸੀ ਅਤੇ ਇਨ੍ਹਾਂ ਪਿੰਡਾਂ ਦੇ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਉਨ੍ਹਾਂ ਦੇ ਖਾਤਿਆਂ ਵਿੱਚ ਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਦੀ ਹਲਕਾ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਹੇਠ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਗਈ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਸ਼ੁਤਰਾਣਾ ਦੇ ਸੀਨੀਅਰ ਆਗੂ ਤੇ ਅਹੁਦੇਦਾਰਾਂ ਸਮੇਤ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

About The Author

Leave a Reply

Your email address will not be published. Required fields are marked *

You may have missed