ਸੂਬੇ ਦੇ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਕਰਨ ਵਿੱਚ ਨਾਕਾਮ ਰਹੀ ਆਮ ਆਦਮੀ ਪਾਰਟੀ: ਪਵਨ ਦੀਵਾਨ

– ਜ਼ਿਲ੍ਹਾ ਕਾਂਗਰਸ ਕਮੇਟੀ ਦੇ ਨਵੇਂ ਅਹੁਦੇਦਾਰਾਂ ਨੂੰ ਵੰਡੇ ਨਿਯੁਕਤੀ ਪੱਤਰ
(Rajinder Kumar) ਲੁਧਿਆਣਾ, 16 ਅਕਤੂਬਰ 2025: ਕਾਂਗਰਸ ਪਾਰਟੀ ਨੂੰ ਹੋਰ ਮਜਬੂਤੀ ਪ੍ਰਦਾਨ ਕਰਦੇ ਹੋਏ, ਜਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਵੱਲੋਂ ਪਾਰਟੀ ਹਾਈ ਕਮਾਂਡ ਦੀ ਮਨਜੂਰੀ ਨਾਲ ਜਿਲ੍ਹਾ ਕਾਂਗਰਸ ਕਮੇਟੀ ਦੇ ਨਵੇਂ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ।
ਇਸ ਮੌਕੇ ਸੰਬੋਧਨ ਕਰਦਿਆਂ, ਪਵਨ ਦੀਵਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਕਾਫਿਲਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ, ਜੋ ਸਾਫ ਤੌਰ ਤੇ ਦਰਸਾਉਂਦਾ ਹੈ ਕਿ ਲੋਕ ਸਤਾਧਾਰੀ ਆਮ ਆਦਮੀ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਤੰਗ ਅਤੇ ਪਰੇਸ਼ਾਨ ਹਨ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤਾ ਗਿਆ ਕੋਈ ਵੀ ਵਾਇਦਾ ਪੂਰਾ ਨਹੀਂ ਕੀਤਾ ਹੈ। ਜਿੱਥੇ ਮਹਿਲਾਵਾਂ 1000 ਪ੍ਰਤੀ ਮਹੀਨੇ ਦੀਆਂ ਹਾਲੇ ਤੱਕ ਉਡੀਕ ਕਰ ਰਹੀਆਂ ਹਨ। ਉੱਥੇ ਹੀ, ਕਾਨੂੰਨ ਅਤੇ ਵਿਵਸਥਾ ਦਾ ਬੁਰਾ ਹਾਲ ਹੈ ਤੇ ਆਏ ਦਿਨ ਅਪਰਾਧਿਕ ਵਾਰਦਾਤਾਂ ਹੋ ਰਹੀਆਂ ਹਨ।
ਦੀਵਾਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਇਸ ਸਰਕਾਰ ਦੇ ਤਾਬੂਤ ਵਿੱਚ ਆਖਰੀ ਕਿਲ ਸਾਬਤ ਹੋਵੇਗੀ। ਇਸ ਸਰਕਾਰ ਨੂੰ ਚਲਦਾ ਕਰਨ ਲਈ ਲੋਕ ਬੇਸਬਰੀ ਨਾਲ ਵਿਧਾਨ ਸਭਾ ਚੋਣਾਂ ਦੀ ਉਡੀਕ ਕਰ ਰਹੇ ਹਨ ਅਤੇ ਉਹ ਮੌਕਾ ਹੁਣ ਜਿਆਦਾ ਦੂਰ ਨਹੀਂ ਰਹਿ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਸੀਨੀਅਰ ਕਾਂਗਰਸੀ ਆਗੂ ਇੰਦਰਜੀਤ ਕਪੂਰ, ਸੁਸ਼ੀਲ ਮਲਹੋਤਰਾ, ਦੀਪਕ ਹੰਸ ਅਤੇ ਮਨੀ ਖੀਵਾ ਵੀ ਮੌਜੂਦ ਰਹੇ। ਜਦਕਿ ਅਜੈ ਕੁਮਾਰ ਬਾਂਸਲ, ਰੋਹਿਤ ਪਾਹਵਾ, ਗਗਨਦੀਪ ਬਾਵਾ ਤੇ ਸੁਨੀਲ ਸਹਿਗਲ ਨੂੰ ਵਾਈਸ ਪ੍ਰਧਾਨ ਅਤੇ ਨੀਰਜ ਬਿਰਲਾ ਤੇ ਅਸ਼ਵਨੀ ਜੈਨ ਨੂੰ ਜਨਰਲ ਸਕੱਤਰ ਅਤੇ ਸੰਨੀ ਖੀਵਾ ਨੂੰ ਸਕੱਤਰ ਵਜੋਂ ਨਿਯੁਕਤੀ ਪੱਤਰ ਸੌਂਪੇ ਗਏ।