ਅਰਵਿੰਦ ਕੇਜਰਵਾਲ ਅਤੇ ਮੁੱਖ ਮੰਤਰੀ ਮਾਨ ਵੱਲੋਂ ਨੌਜਵਾਨਾਂ ਦੀ ਉੱਦਮੀ ਸੋਚ ਨੂੰ ਉਤਸ਼ਾਹਿਤ ਕਰਨ ਬਾਰੇ ਨਵੇਂ ਕੋਰਸ ਦੀ ਸ਼ੁਰੂਆਤ

– ਪੰਜਾਬ ਨੂੰ ਨੌਕਰੀਆਂ ਮੰਗਣ ਦੀ ਬਜਾਏ ਨੌਕਰੀਆਂ ਦੇਣ ਦੇ ਸਮਰੱਥ ਬਣਾਏਗਾ ਨਵਾਂ ਕੋਰਸ
– ਨਵੀਂ ਐਪ ਵਿੱਚ ਭਾਰਤ ਨੂੰ ਸੁਪਰ ਪਾਵਰ ਅਤੇ ਚੀਨ ਵਰਗੀ ਆਲਮੀ ਅਰਥਵਿਵਸਥਾ ਨਾਲ ਮੁਕਾਬਲੇ ਕਰਨ ਦੀਆਂ ਵੱਡੀਆਂ ਸੰਭਾਵਨਾਵਾਂ-ਕੇਜਰੀਵਾਲ ਵੱਲੋਂ ਭਰੋਸਾ ਜ਼ਾਹਰ
– ਉਚੇਰੀ ਸਿੱਖਿਆ ਪੱਧਰ ’ਤੇ ਕੋਰਸ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ-ਕੇਜਰੀਵਾਲ
– ਨਵਾਂ ਕੋਰਸ ਸੂਬੇ ਦੀ ਆਰਥਿਕ ਤਰੱਕੀ ਨੂੰ ਹੋਰ ਮਜ਼ਬੂਤੀ ਵੱਲ ਲੈ ਕੇ ਜਾਵੇਗਾ-ਮੁੱਖ ਮੰਤਰੀ
– ਨਵੀਂ ਪਹਿਲ ਨਾਲ ਨੌਜਵਾਨਾਂ ਦੇ ਸੁਪਨਿਆਂ ਨੂੰ ਪਰਵਾਜ਼ ਮਿਲੇਗੀ-ਭਗਵੰਤ ਸਿੰਘ ਮਾਨ
(Rajinder Kumar) ਚੰਡੀਗੜ੍ਹ, 9 ਅਕਤੂਬਰ 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਨੌਜਵਾਨਾਂ ਦੀ ਉੱਦਮੀ ਸੋਚ ਨੂੰ ਉਤਸ਼ਾਹਿਤ ਕਰਨ ਬਾਰੇ ਨਵੇਂ ਕੋਰਸ (ਇੰਟਰਪ੍ਰੀਨਿਊਰਿਸ਼ਪ ਮਾਈਂਡਸੈੱਟ ਕੋਰਸ) ਦੀ ਸ਼ੁਰੂਆਤ ਕੀਤੀ ਤਾਂ ਕਿ ਪੰਜਾਬ ਨੂੰ ਨੌਕਰੀਆਂ ਮੰਗਣ ਦੀ ਬਜਾਏ ਨੌਕਰੀਆਂ ਦੇਣ ਵਾਲੀ ਧਰਤੀ ਬਣਾਇਆ ਜਾ ਸਕੇ।
ਅੱਜ ਇੱਥੇ ਟੈਗੋਰ ਥੀਏਟਰ ਵਿਖੇ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 17 ਸਾਲਾਂ ਤੱਕ ਇਕ ਵਿਦਿਆਰਥੀ ਸਿੱਖਿਆ ਵਿੱਚ ਯੋਗਦਾਨ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਉਦੇਸ਼ ਇਹ ਹੋਣਾ ਚਾਹੀਦਾ ਹੈ ਕਿ ਉਹ ਪਰਿਵਾਰ ਲਈ ਰੋਟੀ ਕਮਾ ਸਕੇ, ਉਹ ਦੇਸ਼ ਅਤੇ ਸਮਾਜ ਦਾ ਚੰਗਾ ਨਾਗਰਿਕ ਬਣੇ। ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਬਦਕਿਸਮਤੀ ਨਾਲ ਇਕ ਵਿਦਿਆਰਥੀ ਆਪਣੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਇਨ੍ਹਾਂ ਤਿੰਨਾਂ ਵਿੱਚ ਅਸਫਲ ਰਹਿੰਦਾ ਹੈ ਜਿਸ ਲਈ ਬਰਤਾਨਵੀ ਯੁੱਗ ਦੀ ਸਿੱਖਿਆ ਪ੍ਰਣਾਲੀ ਜ਼ਿੰਮੇਵਾਰ ਹੈ। ਆਪ ਦੇ ਰਾਸ਼ਟਰੀ ਕਨਵੀਨਰ ਨੇ ਕਿਹਾ ਕਿ ਅੰਗਰੇਜ਼ਾਂ ਨੇ ਕਲਰਕ ਪੈਦਾ ਕਰਨ ਲਈ ਸਿੱਖਿਆ ਪ੍ਰਣਾਲੀ ਵਿਕਸਤ ਕੀਤੀ ਸੀ ਅਤੇ ਬਦਕਿਸਮਤੀ ਨਾਲ ਆਜ਼ਾਦੀ ਤੋਂ ਬਾਅਦ ਵੀ ਇਹੀ ਵਿਵਸਥਾ ਜਾਰੀ ਰਹੀ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੋਈ ਵੀ ਸੌਖ ਦੀ ਅਵਸਥਾ ਤੋਂ ਬਾਹਰ ਨਿਕਲ ਕੇ ਚੁਣੌਤੀਆਂ ਨੂੰ ਅਪਣਾਉਣਾ ਨਹੀਂ ਚਾਹੁੰਦਾ। ਉਨ੍ਹਾਂ ਕਿਹਾ ਕਿ ਇਹ ਕੋਰਸ ਇਸ ਧਾਰਨਾ ਨੂੰ ਤੋੜ ਦੇਵੇਗਾ ਅਤੇ ਨੌਜਵਾਨ ਸੂਬੇ ਅਤੇ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੇ। ‘ਆਪ’ ਦੇ ਰਾਸ਼ਟਰੀ ਕਨਵੀਨਰ ਨੇ ਇਹ ਵੀ ਕਿਹਾ ਕਿ ਇਹ ਕੋਰਸ ਨੌਜਵਾਨਾਂ ਨੂੰ ਸੁਪਨੇ ਸੰਜੋਣ ਦੇ ਮੌਕੇ ਵੀ ਦੇਵੇਗਾ ਕਿਉਂਕਿ ਉਹ ਨਿਵੇਕਲੇ ਵਿਚਾਰ ਸਾਹਮਣੇ ਲਿਆਉਣਗੇ ਅਤੇ ਇਸ ਵਿਚਾਰ ਨੂੰ ਅਮਲ ਵਿੱਚ ਲਿਆ ਕੇ ਖੁਸ਼ਹਾਲ ਹੋਣ ਦਾ ਸੁਪਨਾ ਦੇਖਣਗੇ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਭ ਤੋਂ ਵਧੀਆ ਵਸਤਾਂ ਅਤੇ ਬ੍ਰਾਂਡ ਪੈਦਾ ਕਰਨ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਇਹ ਜਨੂੰਨ ਉਨ੍ਹਾਂ ਨੂੰ ਦੁਨੀਆ ਭਰ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬੀ ਜਨਮ ਤੋਂ ਹੀ ਉੱਦਮੀ ਹਨ ਅਤੇ ਇਹ ਕੋਰਸ ਉਨ੍ਹਾਂ ਦੀ ਇਸ ਵਿਲੱਖਣ ਸਮਰੱਥਾ ਨੂੰ ਵਰਤੋਂ ਵਿੱਚ ਲਿਆਉਣ ਵਿੱਚ ਮਦਦਗਾਰ ਹੋਵੇਗਾ। ‘ਆਪ’ ਦੇ ਰਾਸ਼ਟਰੀ ਕਨਵੀਨਰ ਨੇ ਕਿਹਾ ਕਿ ਇਸ ਐਪ ਵਿੱਚ ਬਹੁਤ ਵੱਡੀਆਂ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਇਸ ਐਪ ਦੀ ਸਫਲਤਾ ਭਾਰਤ ਨੂੰ ਵੱਡੀ ਤਾਕਤ ਬਣਾਏਗੀ ਕਿਉਂਕਿ ਇਸ ਰਾਹੀਂ ਅਸੀਂ ਚੀਨ ਵਰਗੀਆਂ ਵਿਸ਼ਵਵਿਆਪੀ ਅਰਥਵਿਵਸਥਾਵਾਂ ਨਾਲ ਮੁਕਾਬਲਾ ਕਰਨ ਦੇ ਯੋਗ ਹੋਵਾਂਗੇ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ, ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਨੇ ਉੱਚ ਸਿੱਖਿਆ ਪੱਧਰ ‘ਤੇ ਉੱਦਮੀ ਵਿਚਾਰਾਂ ਨੂੰ ਪ੍ਰਫੁੱਲਤ ਕਰਨ ਲਈ ਨਵਾਂ ਕੋਰਸ ਸ਼ੁਰੂ ਕੀਤਾ ਹੈ, ਜੋ ਸਿੱਖਿਆ ਖੇਤਰ ਵਿੱਚ ਇਤਿਹਾਸਕ ਕਦਮ ਹੈ। ਉਨ੍ਹਾਂ ਕਿਹਾ ਕਿ ਅਕਾਦਮਿਕ ਸਾਲ 2025-26 ਤੋਂ ਇਹ ਕੋਰਸ ਸੂਬਾ ਭਰ ਦੀਆਂ ਯੂਨੀਵਰਸਿਟੀਆਂ, ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈਜ਼) ਅਤੇ ਪੌਲੀਟੈਕਨਿਕ ਕਾਲਜਾਂ ਵਿੱਚ ਲਾਗੂ ਕੀਤਾ ਜਾਵੇਗਾ। ‘ਆਪ’ ਦੇ ਰਾਸ਼ਟਰੀ ਕਨਵੀਨਰ ਨੇ ਕਿਹਾ ਕਿ ਅਕਾਦਮਿਕ ਸਾਲ 2025-26 ਲਈ ਇਹ ਕੋਰਸ ਬੈਚਲਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ (ਬੀ.ਬੀ.ਏ.), ਬੈਚਲਰ ਆਫ਼ ਕਾਮਰਸ (ਬੀ.ਕਾਮ), ਬੈਚਲਰ ਆਫ਼ ਟੈਕਨਾਲੋਜੀ (ਬੀ.ਟੈੱਕ) ਅਤੇ ਬੈਚਲਰ ਆਫ਼ ਵੋਕੇਸ਼ਨ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਲਾਜ਼ਮੀ ਹੋਵੇਗਾ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਕਾਦਮਿਕ ਸਾਲ 2026-27 ਤੋਂ ਇਸ ਕੋਰਸ ਨੂੰ ਹੋਰ ਸਾਰੇ ਡਿਗਰੀ ਪ੍ਰੋਗਰਾਮਾਂ ਨਾਲ ਜੋੜਿਆ ਜਾਵੇਗਾ। ਇਹ ਕੋਰਸ ਹਰ ਸਮੈਸਟਰ ਵਿੱਚ ਲਾਜ਼ਮੀ ਹੋਵੇਗਾ, ਜਿਸ ਨਾਲ ਹਰੇਕ ਵਿਦਿਆਰਥੀ ਕਾਰੋਬਾਰ ਨੂੰ ਅਮਲੀ ਤੌਰ ਤੌਰ ‘ਤੇ ਕਿਵੇਂ ਚਲਾਉਣਾ ਹੈ, ਬਾਰੇ ਸਿਖਲਾਈ ਹਾਸਲ ਕਰ ਸਕੇਗਾ। ਉਨ੍ਹਾਂ ਕਿਹਾ ਕਿ ਇਹ ਏ.ਆਈ. ਅਧਾਰਤ ਬਹੁ-ਭਾਸ਼ਾਈ (ਪੰਜਾਬੀ/ਹਿੰਦੀ/ਅੰਗਰੇਜ਼ੀ) ਡਿਜੀਟਲ ਪਲੇਟਫਾਰਮ ਵਿਦਿਆਰਥੀਆਂ ਦਾ ਮਾਰਗਦਰਸ਼ਨ, ਸਹਿਯੋਗ ਅਤੇ ਨਿਗਰਾਨੀ ਕਰਨ ਦੇ ਨਾਲ-ਨਾਲ ਹਰੇਕ ਗ੍ਰੈਜੂਏਟ ਨੂੰ ਨੌਕਰੀ ਭਾਲਣ ਵਾਲੇ ਦੀ ਬਜਾਏ ਨੌਕਰੀ ਪੈਦਾ ਕਰਨ ਵਾਲਾ ਬਣਨ ਵਿੱਚ ਮਦਦ ਕਰੇਗਾ। ਆਪ ਦੇ ਰਾਸ਼ਟਰੀ ਕਨਵੀਨਰ ਨੇ ਕਿਹਾ ਕਿ ਇਸ ਕੋਰਸ ਦੀ ਸ਼ੁਰੂਆਤ ਨਾਲ ਡੇਢ ਲੱਖ ਵਿਦਿਆਰਥੀ ਨਾ ਸਿਰਫ਼ ਪੜ੍ਹਾਈ ਕਰਨਗੇ ਬਲਕਿ ਉੱਦਮੀ ਵੀ ਬਣਨਗੇ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਕਾਦਮਿਕ ਸਾਲ 2025-26 ਦੌਰਾਨ ਇਹ ਕੋਰਸ 20 ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ, 320 ਆਈ.ਟੀ.ਆਈਜ਼. ਅਤੇ 91 ਪੌਲੀਟੈਕਨਿਕ ਕਾਲਜਾਂ ਵਿੱਚ ਸ਼ੁਰੂ ਕੀਤਾ ਜਾਵੇਗਾ, ਜਿਸ ਵਿੱਚ ਡੇਢ ਲੱਖ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਅਕਾਦਮਿਕ ਸਾਲ 2028-29 ਤੱਕ, ਇਸ ਕੋਰਸ ਵਿੱਚ ਪੰਜਾਬ ਭਰ ਦੇ 5 ਲੱਖ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਅਤੇ ਸੰਤੁਸ਼ਟੀ ਵਾਲੀ ਗੱਲ ਹੈ ਕਿ ਪੰਜਾਬ, ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਇਸ ਕੋਰਸ ਨੂੰ ਇੰਨੇ ਵੱਡੇ ਪੱਧਰ ‘ਤੇ ਲਾਜ਼ਮੀ ਬਣਾਇਆ ਹੈ। ‘ਆਪ’ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਇਹ ਪਹਿਲ ਛੋਟੇ ਉੱਦਮਾਂ ਅਤੇ ਪੇਂਡੂ ਸਟਾਰਟਅੱਪਸ ਦੇ ਵਿਕਾਸ ਨੂੰ ਹੁਲਾਰਾ ਦੇਵੇਗਾ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਮਰੀਕਾ, ਯੂ.ਕੇ., ਜਰਮਨੀ, ਫਰਾਂਸ ਅਤੇ ਜਾਪਾਨ ਵਰਗੇ ਦੇਸ਼ਾਂ ਵਿੱਚ ਜੀ.ਡੀ.ਪੀ. ਦਾ ਲਗਭਗ 72 ਫੀਸਦ ਉੱਦਮੀ ਅਤੇ ਵਪਾਰਕ ਗਤੀਵਿਧੀਆਂ ਤੋਂ ਆਉਂਦਾ ਹੈ। ਉਨ੍ਹਾਂ ਕਿਹਾ ਕਿ ਉੱਦਮੀ ਸੋਚ ਸਬੰਧੀ ਕੋਰਸ ਰਾਹੀਂ ਵਿਦਿਆਰਥੀ ਸੰਚਾਰ ਸਬੰਧੀ ਹੁਨਰ, ਵਿੱਤੀ ਪ੍ਰਬੰਧਨ, ਬਜਟ, ਮਾਰਕੀਟਿੰਗ ਅਤੇ ਵਪਾਰਕ ਸੰਚਾਲਨ ਬਾਰੇ ਸਿੱਖਣਗੇ। ‘ਆਪ’ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਇਹ ਸਿਖਲਾਈ ਵਿਦਿਆਰਥੀਆਂ ਨੂੰ ਆਪਣੇ ਉੱਦਮ ਸ਼ੁਰੂ ਕਰਨ ਅਤੇ ਦੂਜਿਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਯੋਗ ਬਣਾਏਗੀ।
ਇਸ ਮੌਕੇ ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਪ੍ਰਗਤੀਸ਼ੀਲ ਸੰਸਾਰ ਦਾ ਨਵਾਂ ਮਾਡਲ ਹੈ ਅਤੇ ਇਸ ਦਾ ਉਦੇਸ਼ ਲੋਕਾਂ ਨੂੰ ਅਸਲ ਗਿਆਨ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਨਾਲ ਨੌਜਵਾਨਾਂ ਵਿੱਚ ਨਵੇਂ ਵਿਚਾਰਾਂ ਦੀ ਸਿਰਜਣਾ ਦੀ ਸਮਰੱਥਾ ਦੇ ਨਾਲ-ਨਾਲ ਉਨ੍ਹਾਂ ਦੇ ਸ਼ਖਸੀਅਤ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਪੰਜਾਬ ਨੂੰ ਨਵੀਆਂ ਸੰਭਾਵਨਾਵਾਂ ਅਤੇ ਵਪਾਰ ਦਾ ਕੇਂਦਰ ਬਣਾਉਣ ਦਾ ਰਾਹ ਪੱਧਰਾ ਕਰੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਦੁਨੀਆ ਦੇ ਸ਼ਕਤੀਸ਼ਾਲੀ ਦੇਸ਼ ਵਿਚਾਰਾਂ ਦੀ ਸ਼ਕਤੀ ਦਿਖਾਉਣ ਵਾਲੀਆਂ ਐਪਾਂ ਜਾਰੀ ਕਰਨ ਪਿੱਛੇ ਲੱਗੇ ਹੋਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਕਿਉਂਕਿ ਬੋਇੰਗ ਵਿੱਚ 45 ਫੀਸਦੀ ਇੰਜੀਨੀਅਰ ਪੰਜਾਬ ਤੋਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਵਿੱਚ ਹਰ ਖੇਤਰ ‘ਚ ਮੱਲਾਂ ਮਾਰਨ ਦੇ ਗੁਣ ਸਮੋਏ ਹਨ ਅਤੇ ਉਨ੍ਹਾਂ ਦੀਆਂ ਯੋਗਤਾਵਾਂ ਦੀ ਸਹੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਦਿਆਰਥੀ ਅਤੇ ਨੌਜਵਾਨ ਜਹਾਜ਼ਾਂ ਵਾਂਗ ਹੁੰਦੇ ਹਨ ਅਤੇ ਸੂਬਾ ਸਰਕਾਰ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਇੱਕ ਲਾਂਚ ਪੈਡ ਪ੍ਰਦਾਨ ਕਰੇਗੀ।
ਮੁੱਖ ਮੰਤਰੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਉਹ ਉਦੋਂ ਤੱਕ ਆਰਾਮ ਨਾਲ ਨਹੀਂ ਬੈਠਣਗੇ, ਜਦੋਂ ਤੱਕ ਪੰਜਾਬ ਦੇ ਵਿਦਿਆਰਥੀ ਆਪਣੇ ਮਨਪਸੰਦ ਟੀਚਿਆਂ ਨੂੰ ਸਰ ਨਹੀਂ ਕਰ ਲੈਂਦੇ। ਉਨ੍ਹਾਂ ਨੇ ਨੌਜਵਾਨਾਂ ਨੂੰ ਜ਼ਿੰਦਗੀ ਵਿੱਚ ਵੱਡੀ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ ਵੀ ਜ਼ਮੀਨ ਨਾਲ ਜੁੜੇ ਰਹਿਣ ਅਤੇ ਸਖ਼ਤ ਮਿਹਨਤ ਵਿੱਚ ਵਿਸ਼ਵਾਸ ਰੱਖਣ ਲਈ ਪ੍ਰੇਰਿਤ ਕੀਤਾ ਕਿਉਂਕਿ ਇਹ ਸਫਲਤਾ ਦੀ ਇੱਕੋ-ਇੱਕ ਕੁੰਜੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਵਿਕਾਸ ਅਤੇ ਇਸ ਦੇ ਵਸਨੀਕਾਂ ਦੀ ਖੁਸ਼ਹਾਲੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਖ਼ਤ ਮਿਹਨਤ ਹੀ ਸਫਲਤਾ ਦਾ ਇਕੋ-ਇਕ ਰਾਹ ਹੈ ਅਤੇ ਨੌਜਵਾਨਾਂ ਨੂੰ ਹਮੇਸ਼ਾ ਸਖ਼ਤ ਮਿਹਨਤ ਦਾ ਰਾਹ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹਮੇਸ਼ਾ ਨੌਜਵਾਨਾਂ ਦੇ ਨੇਕ ਵਿਚਾਰਾਂ ਲਈ ਉਨ੍ਹਾਂ ਦਾ ਸਮਰਥਨ ਕਰੇਗੀ। ਭਗਵੰਤ ਸਿੰਘ ਮਾਨ ਨੇ ਆਸ ਪ੍ਰਗਟਾਈ ਕਿ ਇਹ ਕੋਰਸ ਸੂਬੇ ਨੂੰ ਆਰਥਿਕ ਵਿਕਾਸ ਨੂੰ ਨਵੀਆਂ ਬੁਲੰਦੀਆਂ ਉਤੇ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਨੌਜਵਾਨਾਂ ਨੂੰ ਸੇਧ ਦੇਣ ਲਈ ਇਕ ਪਹਿਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਰਾਜਨੀਤੀ ਨੂੰ ਸਿਰਫ਼ ਇੱਕ ਖੇਡ ਮੰਨਿਆ ਜਾਂਦਾ ਸੀ ਅਤੇ ਸਿਆਸੀ ਆਗੂਆਂ ਵੱਲੋਂ ਆਪਣੇ ਸੌੜੇ ਹਿਤਾਂ ਦੀ ਪੂਰਤੀ ਲਈ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਨਸ਼ੇ ਦੇ ਡਰ ਕਾਰਨ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਦੇ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇੱਕ ਸਮੇਂ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਸਿਰਫ਼ 33 ਫੀਸਦੀ ਸੀਟਾਂ ਭਰੀਆਂ ਜਾਂਦੀਆਂ ਸਨ ਪਰ ਜਦੋਂ ਤੋਂ ਉਨ੍ਹਾਂ ਨੇ ਸੱਤਾ ਸੰਭਾਲੀ ਹੈ, ਦਾਖਲਾ ਦਰ 100 ਫੀਸਦ ਹੋ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਪਵਿੱਤਰ, ਉਪਜਾਊ ਅਤੇ ਸੁਭਾਗੀ ਹੈ। ਉਨ੍ਹਾਂ ਅੱਗੇ ਕਿਹਾ ਕਿ ਹਰ ਬੱਚੇ ਕੋਲ ਆਪਣੇ ਵਿਲੱਖਣ ਵਿਚਾਰ ਹੁੰਦੇ ਹਨ। ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਇਹਨਾਂ ਬੱਚਿਆਂ ਨੂੰ ਕਦੇ ਵੀ ਆਪਣੀ ਸੋਚ ਪ੍ਰਗਟਾਉਣ ਦਾ ਮੌਕਾ ਨਹੀਂ ਮਿਲਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਉੱਦਮੀ ਕੋਰਸ ਦੀ ਸ਼ੁਰੂਆਤ ਨਾਲ ਨੌਜਵਾਨ ਹੁਣ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਵਿੱਚ ਨਵੇਂ ਵਿਚਾਰ ਇਨਕਲਾਬ ਲਿਆ ਰਹੇ ਹਨ। ਉਨ੍ਹਾਂ ਕਿਹਾ ਕਿ ਖਾਸ ਕਰਕੇ ਸੂਚਨਾ ਤਕਨਾਲੋਜੀ ਦੇ ਇਸ ਯੁੱਗ ਵਿੱਚ, ਨਵੇਂ ਵਿਚਾਰ ਬਹੁਤ ਮਹੱਤਵਪੂਰਨ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਸਿੱਖਿਆ ਵਿੱਚ ਰਵਾਇਤੀ ਤਰੀਕਿਆਂ ਦਾ ਸਮਾਂ ਖਤਮ ਹੋ ਗਿਆ ਹੈ ਅਤੇ ਨੌਜਵਾਨਾਂ ਨੂੰ ਨਵੀਆਂ ਬੁਲੰਦੀਆਂ ਹਾਸਲ ਕਰਨ ਲਈ ਵੱਖਰਾ ਸੋਚਣਾ ਪਵੇਗਾ।
ਆਪਣੇ ਸੰਬੋਧਨ ਵਿੱਚ ਸੀਨੀਅਰ ਆਪ ਨੇਤਾ ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਸ ਕੋਰਸ ਨੂੰ ਲਾਗੂ ਕਰਨਾ ਪੂਰੀ ਦੁਨੀਆ ਲਈ ਇਕ ਇਤਿਹਾਸਕ ਪਲ ਹੈ ਕਿਉਂਕਿ ਇਹ ਵਿਦਿਆਰਥੀਆਂ ਲਈ ਬਿਜ਼ਨਸ ਕਲਾਸ ਨੂੰ ਲਾਜ਼ਮੀ ਬਣਾ ਦੇਵੇਗਾ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਆਪਣੇ ਪੈਰਾਂ ‘ਤੇ ਖੜ੍ਹਾ ਹੋਣ ਲਈ ਸਿੱਖਿਆ ਹਾਸਲ ਕਰਦਾ ਹੈ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਹਰ ਸਾਲ ਡੇਢ ਕਰੋੜ ਵਿਦਿਆਰਥੀ ਆਪਣੀਆਂ ਗ੍ਰੈਜੂਏਸ਼ਨ ਡਿਗਰੀਆਂ ਪੂਰੀਆਂ ਕਰਦੇ ਹਨ, ਪਰ ਉਨ੍ਹਾਂ ਵਿੱਚੋਂ ਸਿਰਫ਼ 15 ਲੱਖ ਨੂੰ ਹੀ ਨੌਕਰੀਆਂ ਮਿਲਦੀਆਂ ਹਨ ਅਤੇ ਬਾਕੀ ਬਚੇ ਵਿਦਿਆਰਥੀਆਂ ਵਿੱਚੋਂ ਕਈ ਗਲਤ ਰਸਤੇ ‘ਤੇ ਚਲੇ ਜਾਂਦੇ ਹਨ।
ਸੀਨੀਅਰ ‘ਆਪ’ ਆਗੂ ਨੇ ਕਿਹਾ ਕਿ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਰੁਜ਼ਗਾਰ ਦੇ ਸਹੀ ਮੌਕੇ ਪ੍ਰਦਾਨ ਨਹੀਂ ਕਰਦੇ ਤਾਂ ਇਸ ਦਾ ਮਤਲਬ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਕੋਰਸ ਇੱਕ ਵਿਲੱਖਣ ਪ੍ਰੋਗਰਾਮ ਹੈ ਜਿਸ ਵਿੱਚ ਏ.ਆਈ. ਅਧਾਰਿਤ ਤਕਨਾਲੋਜੀ ਅਤੇ ਹੋਰ ਸਾਧਨ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਕੋਰਸ ਹਰ ਨੌਜਵਾਨ ਨੂੰ ਪੜ੍ਹਾਈ ਕਰਦੇ ਹੋਏ ਕਮਾਈ ਕਰਨ ਦੇ ਢੰਗ-ਤਰੀਕੇ ਸਿੱਖਣ ਦੇ ਯੋਗ ਬਣਾਏਗਾ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਹ ਬੇਰੁਜ਼ਗਾਰੀ ਨੂੰ ਘਟਾਉਣ ਅਤੇ ਸਾਡੇ ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਨੌਕਰੀ ਲੱਭਣ ਵਾਲਿਆਂ ਦੀ ਬਜਾਏ ਨੌਕਰੀ ਪ੍ਰਦਾਨ ਕਰਨ ਵਾਲਾ ਮੁਲਕ ਬਣੀਏ ਨਹੀਂ ਤਾਂ ਅਸੀਂ ਇੱਕ ਵਿਕਾਸਸ਼ੀਲ ਦੇਸ਼ ਹੀ ਰਹਾਂਗੇ।
ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਤੇ ਹੋਰ ਹਾਜ਼ਰ ਸਨ।