ਕਿਸਾਨ ਘਰ ਬੈਠੇ ਮੋਬਾਈਲ ਫੋਨ ਰਾਹੀਂ ਬੁੱਕ ਕਰ ਸਕਦੇ ਹਨ ਪਰਾਲੀ ਪ੍ਰਬੰਧਨ ਮਸ਼ੀਨਾਂ: ਡਿਪਟੀ ਕਮਿਸ਼ਨਰ

– ਕਿਸਾਨਾਂ ਨੂੰ “ਉੱਨਤ ਕਿਸਾਨ” ਐਪ ਬਾਰੇ ਕੀਤਾ ਜਾ ਰਿਹਾ ਹੈ ਜਾਗਰੂਕ
(Rajinder Kumar) ਮਾਨਸਾ, 9 ਅਕਤੂਬਰ 2025: ਕਿਸਾਨ ਹੁਣ ਘਰ ਬੈਠੇ ਹੀ ਮੋਬਾਈਲ ਫੋਨ ਰਾਹੀਂ ਆਸਾਨੀ ਨਾਲ ਪਰਾਲੀ ਸੰਭਾਲ ਸਬੰਧੀ ਮਸ਼ੀਨਾਂ ਬੁੱਕ ਕਰ ਸਕਦੇ ਹਨ। ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਉੱਨਤ ਕਿਸਾਨ ਮੋਬਾਈਲ ਐਪ ‘ਤੇ ਕਿਸਾਨਾਂ ਨੂੰ ਫ਼ਸਲੀ ਰਹਿੰਦ-ਖੂੰਹਦ ਦੀ ਸੰਭਾਲ ਸਬੰਧੀ ਮਸ਼ੀਨਰੀ ਦੀ ਉਪਲੱਬਧਤਾ ਅਤੇ ਖੇਤੀਬਾੜੀ ਦੇ ਕਾਰਗਾਰ ਨੁਸਖਿਆਂ ਬਾਰੇ ਜਾਣਕਾਰੀ ਮਿਲੇਗੀ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਨਵਜੋਤ ਕੌਰ ਆਈ ਏ ਐੱਸ ਨੇ ਦੱਸਿਆ ਕਿ ਕਿਸਾਨ “ਉੱਨਤ ਕਿਸਾਨ” ਐਪ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ। ਪੰਜਾਬ ਸਰਕਾਰ ਦੀ ਇਸ ਡਿਜੀਟਲ ਪਹਿਲਕਦਮੀ ਰਾਹੀਂ ਕਿਸਾਨ ਵੀਰ ਘਰ ਬੈਠੇ ਹੀ ਆਪਣੇ ਮੋਬਾਈਲ ਫੋਨਾਂ ਰਾਹੀਂ ਸੀ.ਆਰ.ਐਮ. ਮਸ਼ੀਨਾਂ ਨੂੰ ਆਸਾਨੀ ਨਾਲ ਬੁੱਕ ਕਰਨ ਦੀ ਸਹੂਲਤ ਲੈ ਸਕਦੇ ਹਨ। ਓਨ੍ਹਾਂ ਕਿਹਾ ਕਿ ਹਰੇਕ ਮਸ਼ੀਨ ਨੂੰ ਕਾਸ਼ਤਯੋਗ ਜ਼ਮੀਨੀ ਖੇਤਰ ਮੁਤਾਬਕ ਜੀਓ-ਟੈਗ ਕੀਤਾ ਜਾਂਦਾ ਹੈ, ਜਿਸ ਨਾਲ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਗਤੀਵਿਧੀਆਂ ਦੀ ਨਿਗਰਾਨੀ ਅਤੇ ਦਸਤਾਵੇਜ਼ੀਕਰਨ ਦੀ ਸਹੂਲਤ ਮਿਲਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਐਪ ਵਿੱਚ ਪਿੰਡ ਪੱਧਰੀ ਫੈਸਿਲੀਟੇਟਰ (ਵੀ.ਐਲ.ਐਫਜ਼) ਅਤੇ ਕਲੱਸਟਰ ਅਫ਼ਸਰ (ਸੀ.ਓਜ਼) ਸ਼ਾਮਲ ਹਨ ਜੋ ਕਿਸਾਨਾਂ ਨੂੰ ਜ਼ਮੀਨੀ ਪੱਧਰ ‘ਤੇ ਸਹਾਇਤਾ ਪ੍ਰਦਾਨ ਕਰਨ ਤੋਂ ਇਲਾਵਾ ਗਤੀਵਿਧੀਆਂ ਦੀ ਨਿਗਰਾਨੀ ਕਰ ਰਹੇ ਹਨ। ਇਹ ਪਲੇਟਫਾਰਮ ਸੀ.ਆਰ.ਐਮ. ਮਸ਼ੀਨਾਂ ਦੇ ਪ੍ਰਾਈਵੇਟ ਮਾਲਕਾਂ ਨੂੰ ਆਪਣੇ ਖੇਤੀ ਸੰਦਾਂ ਨੂੰ ਰਜਿਸਟਰ ਕਰਨ ਦੀ ਸਹੂਲਤ ਵੀ ਪ੍ਰਦਾਨ ਕਰਦਾ ਹੈ ਤਾਂ ਜੋ ਮਸ਼ੀਨਾਂ ਦੀ ਉਪਲਬਧਤਾ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਭਾਈਚਾਰਕ ਸਹਾਇਤਾ ਲਈ, ਵੀ.ਐਲ.ਐਫਜ਼ ਕਿਸਾਨਾਂ ਲਈ ਆਪ ਵੀ ਮਸ਼ੀਨਾਂ ਬੁੱਕ ਕਰ ਸਕਦੇ ਹਨ ਤਾਂ ਜੋ ਕੋਈ ਵੀ ਕਿਸਾਨ ਇਸ ਸਹੂਲਤ ਤੋਂ ਵਾਂਝਾ ਨਾ ਰਹੇ।
ਉਨ੍ਹਾਂ ਦੱਸਿਆ ਕਿ ਇਸ ਐਪ ਵਿੱਚ ਰੀਅਲ-ਟਾਈਮ ਡੈਸ਼ ਬੋਰਡ ਹੈ ਜੋ ਮਸ਼ੀਨ ਦੀ ਵਰਤੋਂ ਅਤੇ ਫੀਲਡ ਅਫ਼ਸਰਾਂ ਦੀਆਂ ਗਤੀਵਿਧੀਆਂ ਦੀ ਸਟੀਕ ਨਿਗਰਾਨੀ ਨੂੰ ਸਮਰੱਥ ਬਣਾਉਂਦਾ ਹੈ। ਇਹ ਜਵਾਬਦੇਹੀ, ਸਮੱਸਿਆਵਾਂ ਦੇ ਤੁਰੰਤ ਹੱਲ ਅਤੇ ਅਨੁਕੂਲ ਸਰੋਤ ਯਕੀਨੀ ਬਣਾਉਂਦਾ ਹੈ ਅਤੇ ਵਾਢੀ ਦੇ ਮਹੱਤਵਪੂਰਨ ਸਮੇਂ ਦੌਰਾਨ ਕਿਸਾਨ ਵੀਰਾਂ ਲਈ ਲਾਹੇਵੰਦ ਬਣਦਾ ਹੈ।
ਓਨ੍ਹਾਂ ਕਿਹਾ ਕਿ ਇਸ ਐਪ ਰਾਹੀਂ ਨੇੜਲੇ ਕਸਟਮ ਹਾਇਰਿੰਗ ਸੈਂਟਰਾਂ ਅਤੇ ਨਿੱਜੀ ਮਸ਼ੀਨ ਮਾਲਕਾਂ ਤੋਂ ਆਸਾਨ ਬੁਕਿੰਗ ਐਪ ਰਾਹੀਂ ਕੀਤੀ ਜਾ ਸਕਦੀ ਹੈ। ਓਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ, ਸਰਕਲ ਇੰਚਾਰਜ, ਕਲੱਸਟਰ ਅਫ਼ਸਰ, ਨੋਡਲ ਅਫ਼ਸਰਾਂ ਤੇ ਸਾਰਾ ਅਮਲਾ ਕਿਸਾਨਾਂ ਨੂੰ ਇਸ ਐਪ ਬਾਰੇ ਜਾਗਰੂਕ ਕਰ ਰਿਹਾ ਹੈ।