ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਗਾਂਧੀ ਜਯੰਤੀ ‘ਤੇ ਵਾਰ ਮੈਮੋਰੀਅਲ ਤੋਂ ਵਿੱਢੀ ਗਈ ਸਵੱਛਤਾ ਮੁਹਿੰਮ

0
– ਐਨ.ਸੀ.ਸੀ. ਦੀ ਫਰਸਟ ਪੰਜਾਬ ਬਟਾਲੀਅਨ ਦੇ ਸਹਿਯੋਗ ਨਾਲ ਦਿੱਤਾ ਗਿਆ ਸਵੱਛਤਾ ਦਾ ਸੁਨੇਹਾ
(Rajinder Kumar) ਅੰਮ੍ਰਿਤਸਰ, 2/10/2025: ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸੈਂਟਰਲ ਬਿਊਰੋ ਆਫ ਕਮਿਊਨੀਕੇਸ਼ਨ ਵੱਲੋਂ ਐਨ.ਸੀ.ਸੀ. ਦੀ ਫਰਸਟ ਪੰਜਾਬ ਬਟਾਲੀਅਨ ਦੇ ਸਹਿਯੋਗ ਨਾਲ ਵਾਰ ਮੈਮੋਰੀਅਲ ਵਿੱਚ ਸਵੱਛ ਭਾਰਤ ਮੁਹਿੰਮ ਦਾ ਸੁਨੇਹਾ ਦਿੰਦਿਆਂ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਮਗਰੋਂ ਸ਼ਹਿਰ ਵਿੱਚ ਵੱਡੇ ਪੱਧਰ ‘ਤੇ ਸ਼੍ਰਮਦਾਨ ਮੁਹਿੰਮ ਵਿੱਢੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਪੁੱਜੇ ਨੌਜਵਾਨਾਂ ਨੇ ਸ਼੍ਰਮਦਾਨ ਤੋਂ ਪਹਿਲਾਂ ਅਪਣਾ ਆਲਾ ਦੁਆਲਾ ਸਾਫ ਰੱਖਣ ਸਬੰਧੀ ਸਹੁੰ ਚੁੱਕੀ।
ਇਸ ਮੌਕੇ ਸੰਬੋਧਨ ਕਰਦਿਆਂ ਸੂਬੇਦਾਰ ਗੁਰਨਾਮ ਸਿੰਘ ਨੇ ਕਿਹਾ ਕਿ ਧਰਮ ਗ੍ਰੰਥਾਂ ਵਿੱਚ ਪਵਨ, ਪਾਣੀ ਅਤੇ ਧਰਤੀ ਦੀ ਮਹੱਤਤਾ ਦਾ ਜ਼ਿਕਰ ਕੀਤਾ ਗਿਆ ਹੈ, ਇਸ ਲਈ ਸਾਨੂੰ ਇੱਕ ਚੰਗੇ ਨਾਗਰਿਕ ਹੋਣ ਦਾ ਸਬੂਤ ਦਿੰਦਿਆਂ ਸਵੱਛਤਾ ਬਾਰੇ ਪਹਿਲ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੋਲੀਥੀਨ ਦੀ ਵਰਤੋਂ ਨੂੰ ਬੰਦ ਕਰਦਿਆਂ ਕਪੜੇ ਦੇ ਥੈਲੇ ਇਸਤੇਮਾਲ ਕਰਨੇ ਚਾਹੀਦੇ ਹਨ।
ਇਸ ਮੌਕੇ ਐਨ.ਸੀ.ਸੀ. ਅਫ਼ਸਰ ਸੁਖਪਾਲ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੇ ਜਨਮ ਦਿਹਾੜੇ ‘ਤੇ ਸਵੱਛਤਾ ਅਭਿਆਨ ਦਾ ਆਗਾਜ਼ ਕੀਤਾ ਗਿਆ ਸੀ। ਪਿਛਲੇ 11 ਵਰ੍ਹਿਆਂ ਵਿੱਚ ਸਵੱਛ ਭਾਰਤ ਇੱਕ ਵੱਡਾ ਅਭਿਆਨ ਬਣਿਆ ਹੈ। ਇਸ ਦੌਰਾਨ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਅਧਿਕਾਰੀ ਨਿਸ਼ਾ ਨੇ ਦੱਸਿਆ ਕਿ ਵਿਕਸਿਤ ਮੁਲਕਾਂ ਵੱਲੋਂ ਸਾਫ ਸਫਾਈ ਵੱਲ ਵਧੇਰੇ ਧਿਆਨ ਦਿੱਤਾ ਜਾਂਦਾ ਹੈ ਅਤੇ ਸਾਡੇ ਮੁਲਕ ਵਿਚ ਵੀ ਅਜਿਹੀ ਪਹਿਲ ਸਰਕਾਰ ਦੇ ਨਾਲ-ਨਾਲ ਲੋਕਾਂ ਨੂੰ ਕਰਨੀ ਹੋਵੇਗੀ।
ਇਸ ਮੌਕੇ ਮਿਉਂਸਪਲ ਕਾਰਪੋਰੇਸ਼ਨ ਦੀ ਸਵੱਛਤਾ ਕੁਆਰਡੀਨੇਟਰ ਮਨਦੀਪ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਚਾਰ ਚੁਫੇਰੇ ਨੂੰ ਸਾਫ ਰੱਖਣ ਲਈ ਹਰ ਦੇਸ਼ਵਾਸੀ ਨੂੰ ਅੱਗੇ ਆਉਣਾ ਪਵੇਗਾ। ਉਨ੍ਹਾਂ ਕਿਹਾ ਕਿ ਪਲਾਸਟਿਕ ਨੂੰ ਸੜਕਾਂ ਉੱਤੇ ਸੁੱਟਣ ਦੇ ਬਜਾਏ ਕੂੜੇਦਾਨ ਵਿੱਚ ਸੁੱਟਿਆ ਜਾਣਾ ਚਾਹੀਦਾ ਹੈ। ਉਥੇ ਹੀ ਸਵੱਛਤਾ ਕੁਆਰਡੀਨੇਟਰ ਦਵਿੰਦਰ ਜੀਤ ਕੌਰ ਨੇ ਕਿਹਾ ਕਿ ਸਾਰੇ ਲੋਕਾਂ ਨੂੰ ਗਿੱਲੇ ਅਤੇ ਸੁੱਕੇ ਕੁੜੇ ਵਿੱਚ ਫਰਕ ਨੂੰ ਸਮਝਣਾ ਚਾਹੀਦਾ ਹੈ ਅਤੇ ਉਸਨੂੰ ਵੱਖ ਵੱਖ ਰੱਖਣਾ ਚਾਹੀਦਾ ਹੈ।
ਇਸ ਪ੍ਰੋਗਰਾਮ ਤਹਿਤ ਵਾਰ ਮੈਮੋਰੀਅਲ ਤੋਂ ਇੰਡੀਆ ਗੇਟ ਤੱਕ ਸਵੱਛਤਾ ਦਾ ਸੁਨੇਹਾ ਦਿੰਦਿਆਂ ਇੱਕ ਰੈਲੀ ਵੀ ਕੱਢੀ ਗਈ। ਇਸਦੇ ਨਾਲ ਹੀ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਅਤੇ ਵਿਦਿਆਰਥੀਆਂ ਨੇ ਸ਼੍ਰਮਦਾਨ ਕੀਤਾ ਅਤੇ ਆਪਣੇ ਆਲੇ ਦੁਆਲੇ ਨੂੰ ਸਾਫ ਰੱਖਣ ਦਾ ਸੁਨੇਹਾ ਦਿੱਤਾ। ਇਸ ਦੌਰਾਨ ਸ਼੍ਰਮਦਾਨ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਪਲਾਸਟਿਕ ਵੇਸਟ ਮੈਨੇਜਮੈਂਟ ਅਤੇ ਪਲਾਸਟਿਕ ਨੂੰ ਰੀਸਾਈਕਲ ਕਰਨ ਬਾਰੇ ਜਾਣਕਾਰੀ ਦਿੱਤੀ ਗਈ।
ਪ੍ਰੋਗਰਾਮ ਦੌਰਾਨ ਪੇਸ਼ ਕੀਤੇ ਗਏ ਨੁੱਕੜ ਨਾਟਕ ਨੇ ਸਮਾਂ ਬੰਨ੍ਹ ਕੇ ਰੱਖ ਦਿੱਤਾ ਅਤੇ ਸਵੱਛਤਾ ਨੂੰ ਜੀਵਨ ਦਾ ਹਿੱਸਾ ਬਣਾਉਣ ਬਾਰੇ ਰੋਮਾਂਚਕ ਢੰਗ ਨਾਲ ਸਮਝਾਇਆ ਗਿਆ। ਬਹਿਰਹਾਲ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਆਯੋਜਿਤ ਕੀਤਾ ਗਿਆ ਇਹ ਪ੍ਰੋਗਰਾਮ ਸਫਲ ਹੋ ਨਿੱਬੜਿਆ ਅਤੇ ਇਲਾਕਾ ਵਾਸੀਆਂ ਵਿੱਚ ਸਵੱਛਤਾ ਦੀ ਮਹੱਤਤਾ ਦੇ ਨਾਲ ਨਾਲ ਵਾਤਾਵਰਣ ਦੀ ਸਾਂਭ ਸੰਭਾਲ ਦਾ ਸੁਨੇਹਾ ਦਿੰਦਿਆਂ ਇੱਕ ਨਵੀਂ ਊਰਜਾ ਦਾ ਸੰਚਾਰ ਕਰ ਗਿਆ।

About The Author

Leave a Reply

Your email address will not be published. Required fields are marked *

You may have missed