ਕੇਰਲਾ ਦੇ ਸਾਜੀ ਜੋਹਨ ਵੱਲੋਂ ਪਟਿਆਲਾ ਦੇ ਅਮਰੂਦ ਅਸਟੇਟ ਵਜੀਦਪੁਰ ਦਾ ਦੌਰਾ

0

– ਕਿਸਾਨਾਂ ਲਈ ਚੱਲ ਰਹੀਆਂ ਬਾਗਬਾਨੀ ਯੋਜਨਾਵਾਂ ਦੀ ਸਮੀਖਿਆ

 (Rajinder Kumar) ਪਟਿਆਲਾ , 24 ਸਤੰਬਰ 2025: ਸਟੇਟ ਹੋਰਟੀਕਲਚਰ ਮਿਸ਼ਨ ਡਾਇਰੈਕਟਰ ਅਤੇ ਸਟੇਟ ਐਗਰੀਕਲਚਰ ਪ੍ਰਾਈਸਸ ਬੋਰਡ, ਕੇਰਲਾ ਦੇ ਸਾਜੀ ਜੋਹਨ ਨੇ ਅੱਜ ਅਮਰੂਦ ਅਸਟੇਟ ਵਜੀਦਪੁਰ ਦਾ ਦੌਰਾ ਕਰਦਿਆਂ ਇਥੇ ਚੱਲ ਰਹੀਆਂ ਬਾਗਬਾਨੀ ਯੋਜਨਾਵਾਂ ਅਤੇ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਵਿਸਥਾਰ ਨਾਲ ਜਾਣਕਾਰੀ ਲੈਣ ਲਈ ਤਕਨੀਕੀ ਟੀਮ ਨਾਲ ਮੁਲਾਕਾਤ ਕੀਤੀ।

ਸਾਜੀ ਜੋਹਨ ਨੇ ਅਸਟੇਟ ਵਿੱਚ ਉਪਲਬਧ ਸਹੂਲਤਾਂ ਜਿਵੇਂ ਕਿ ਵਾਜਿਬ ਕੀਮਤਾਂ ‘ਤੇ ਮਸ਼ੀਨਰੀ ਕਿਰਾਏ ‘ਤੇ ਦੇਣਾ, ਉੱਤਮ ਕੁਆਲਟੀ ਦੇ ਅਮਰੂਦਾਂ ਦੇ ਬੂਟੇ ਕਿਸਾਨਾਂ ਨੂੰ ਮੁਹੱਈਆ ਕਰਵਾਉਣ, ਨਵੇਂ ਬਾਗ ਲਗਵਾਉਣ ਲਈ ਤਕਨੀਕੀ ਮਦਦ, ਫਲ ਮੱਖੀ ਤੋਂ ਬਚਾਅ ਲਈ ਫਰੂਟ ਫਲਾਈ ਟ੍ਰੈਪ ਉਪਲਬਧ ਕਰਵਾਉਣ ਅਤੇ ਨਵੇਂ ਕਿਸਾਨਾਂ ਨੂੰ ਬਾਗਬਾਨੀ ਨਾਲ ਜੋੜਨ ਵਰਗੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ।  ਉਨ੍ਹਾਂ ਅਸਟੇਟ ਵਿੱਚ ਚੱਲ ਰਹੀ ਪੌਲੀ ਕਲੀਨਿਕ ਲੈਬ ਦਾ ਵੀ ਦੌਰਾ ਕੀਤਾ ਅਤੇ ਉੱਥੇ ਮੌਜੂਦ ਲੈਬ ਅਟੈਂਡੈਂਟ ਮਿਸ ਸਿਮਰਨ ਵੱਲੋਂ ਮਿੱਟੀ ਅਤੇ ਪਾਣੀ ਦੇ ਟੈਸਟਿੰਗ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ।

ਇਸ ਤੋਂ ਇਲਾਵਾ, ਸਟੇਟ ਵਿਭਾਗ ਅਤੇ ਆਰਗੈਨਿਕ ਖੇਤੀ ਨੂੰ ਵਧਾਵਾ ਦੇਣ ਵਾਲੇ ਅਗਾਂਹਵਧੂ ਕਿਸਾਨਾਂ ਵੱਲੋਂ ਲਗਾਈਆਂ ਗਈਆਂ ਸਟਾਲਾਂ ਦਾ ਵੀ ਜਾਇਜ਼ਾ ਲਿਆ । ਇਨ੍ਹਾਂ ਸਟਾਲਾਂ ਵਿੱਚ ਆਰਗੈਨਿਕ ਸਬਜ਼ੀਆਂ, ਫਲ, ਖਾਦਾਂ ਅਤੇ ਹੋਰ ਉਤਪਾਦ ਪ੍ਰਦਰਸ਼ਤ ਕੀਤੇ ਗਏ ਸਨ।  ਇਸ ਦੌਰੇ ਦੌਰਾਨ ਜੋਹਨ ਵੱਲੋਂ ਯੂਨੀਵਰਸਿਟੀ ਐਗਰੀ-ਟਿਸ਼ੂ ਕਲਚਰ ਯੂਨਿਟ, ਪਿੰਡ ਮੁੰਡ ਖੇੜਾ ਦਾ ਵੀ ਦੌਰਾ ਕੀਤਾ ਗਿਆ। ਉੱਥੇ ਯੂਨਿਟ ਇੰਚਾਰਜ ਅਸ਼ਵਨੀ ਸਿੰਗਲਾ ਅਤੇ ਪਰਵਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਆਲੂ ਦੀ ਪੈਦਾਵਾਰ ਲਈ ਵਰਤੀ ਜਾਂਦੀ ਐਰੋਪੋਨਿਕ ਵਿਧੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।

ਇਸ ਦੌਰਾਨ ਉਨ੍ਹਾਂ ਦੇ ਨਾਲ ਬਾਗਬਾਨੀ ਵਿਭਾਗ ਦੇ ਡਾ: ਹਰਪ੍ਰੀਤ ਸਿੰਘ ਸੇਠੀ (ਡਿਪਟੀ ਡਾਇਰੈਕਟਰ, ਹੋਰਟੀਕਲਚਰ, ਮੋਹਾਲੀ), ਡਾ. ਹਰਿੰਦਰਪਾਲ ਸਿੰਘ (ਬਾਗਬਾਨੀ ਵਿਕਾਸ ਅਫਸਰ, ਅਮਰੂਦ ਅਸਟੇਟ ਵਜੀਦਪੁਰ), ਡਾ. ਦਿਲਪ੍ਰੀਤ ਸਿੰਘ (ਮਿਸ਼ਨ ਸਕੱਤਰ, ਐਨ.ਐਚ.ਐਮ. ਪਟਿਆਲਾ), ਡਾ. ਨਵਨੀਤ ਕੌਰ (ਬਾਗਬਾਨੀ ਵਿਕਾਸ ਅਫਸਰ, ਸਰਕਾਰੀ ਖੁਦ ਲੈਬ, ਪਟਿਆਲਾ), ਗੁਰਦਿਆਲ ਸਿੰਘ ਅਤੇ ਗਗਨਦੀਪ ਵੈਦ (ਬਾਗਬਾਨੀ ਉਪ-ਨਿਰੀਖਕ) ਵੀ ਮੌਜੂਦ ਸਨ।

About The Author

Leave a Reply

Your email address will not be published. Required fields are marked *