ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਅਤੇ ਮੁੜ ਵਸੇਬੇ ਲਈ ਜ਼ਿਲ੍ਹਾ ਪ੍ਰਸ਼ਾਸਨ ਕਾਰਜਸ਼ੀਲ-ਡਿਪਟੀ ਕਮਿਸ਼ਨਰ

– ਡਿਪਟੀ ਕਮਿਸ਼ਨਰ ਨਵਜੋਤ ਕੌਰ ਅਤੇ ਵਿਧਾਇਕ ਬੁੱਧ ਰਾਮ ਨੇ ਹੜ੍ਹਾਂ ਨਾਲ ਪ੍ਰਭਾਵਿਤ ਖੇਤਾਂ ਦਾ ਦੌਰਾ ਕਰਕੇ ਫਸਲਾਂ ਦੇ ਖਰਾਬੇ ਦਾ ਲਿਆ ਜਾਇਜ਼ਾ
– ਕਿਹਾ, ਖਰਾਬ ਹੋਈਆਂ ਫਸਲਾਂ ਵਾਲਾ ਕੋਈ ਕਿਸਾਨ ਮੁਆਵਜ਼ੇ ਤੋਂ ਵਾਂਝਾ ਨਹੀਂ ਰਹੇਗਾ
(Rajinder Kumar) ਮਾਨਸਾ, 18 ਸਤੰਬਰ 2025: ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਅਤੇ ਮੁੜ ਵਸੇਬੇ ਲਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਫਸਲਾਂ ਦੇ ਖਰਾਬੇ, ਘਰਾਂ ਦੇ ਨੁਕਸਾਨ ਆਦਿ ਸਬੰਧੀ ਹੇਠਲੇ ਪੱਧਰ ‘ਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਮੁਆਇਨਾ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, IAS ਨੇ ਪਿੰਡ ਜਲਵੇੜਾ ਵਿਖੇ ਹੜ੍ਹਾਂ ਕਾਰਨ ਖਰਾਬ ਹੋਈਆਂ ਫਸਲਾਂ ਵਾਲੇ ਖੇਤਾਂ ਦਾ ਜਾਇਜ਼ਾ ਲੈਣ ਮੌਕੇ ਕੀਤਾ। ਇਸ ਮੌਕੇ ਹਲਕਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ੍ਰ ਬੁੱਧ ਰਾਮ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫਸਲਾਂ ਦੇ ਖ਼ਰਾਬੇ ਅਤੇ ਹੜ੍ਹਾਂ ਕਾਰਨ ਹੋਏ ਨੁਕਸਾਨ ਸਬੰਧੀ ਡਾਟਾ ਇਕੱਤਰ ਕੀਤਾ ਜਾਵੇਗਾ ਤਾਂ ਜੋ ਫ਼ਸਲਾਂ ਦੇ ਖਰਾਬੇ ਅਤੇ ਪੁਨਰਵਾਸ ਸਬੰਧੀ ਤੇਜ਼ੀ ਨਾਲ ਕੰਮ ਸ਼ੁਰੂ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਇਸ ਲਈ ਜ਼ਮੀਨੀ ਪੱਧਰ ‘ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਪਹੁੰਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਕੋਸ਼ਿਸ਼ ਹੈ ਕਿ ਕੋਈ ਵੀ ਕਿਸਾਨ ਜਿਸ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ ਉਹ ਮੁਆਵਜ਼ੇ ਤੋਂ ਵਾਂਝਾ ਨਾ ਰਹਿ ਜਾਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੜ੍ਹਾਂ ਕਾਰਨ ਹੋਏ ਫਸਲਾਂ ਦੇ ਖਰਾਬੇ ਦਾ ਡਾਟਾ ਇਕੱਤਰ ਕਰਕੇ ਇਕ ਹਫ਼ਤੇ ਲਈ ਲਿਸਟਾਂ ਚਸਪਾ ਕੀਤੀਆਂ ਜਾਣਗੀਆਂ ਤਾਂ ਜੋ ਹਰ ਯੋਗ ਕਿਸਾਨ ਨੂੰ ਮੁਆਵਜ਼ਾ ਮਿਲ ਸਕੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਲਿਸਟਾਂ ਪ੍ਰਤੀ ਜੇਕਰ ਕਿਸੇ ਦਾ ਕੋਈ ਇਤਰਾਜ਼ ਵੀ ਹੋਇਆ ਤਾਂ ਉਹ ਆਪਣਾ ਇਤਰਾਜ਼ ਦਰਜ਼ ਕਰਵਾ ਸਕਣਗੇ। ਇਸ ਮੌਕੇ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ੍ਰ ਬੁੱਧ ਰਾਮ ਨੇ ਕਿਹਾ ਕਿ ਫਸਲਾਂ ਦੇ ਖਰਾਬੇ ਲਈ ਹਰੇਕ ਪ੍ਰਭਾਵਿਤ ਕਿਸਾਨ ਨੂੰ ਮੁਆਵਜ਼ਾ ਦਿਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਤਰ੍ਹਾਂ ਨਾਲ ਮਦਦ ਲਈ ਤਤਪਰ ਹਨ, ਪ੍ਰਭਾਵਿਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।ਪੰਜਾਬ ਸਰਕਾਰ ਕਿਸਾਨਾਂ ਦੇ ਹੱਕਾਂ ਲਈ ਹਮੇਸ਼ਾ ਵਚਨਬੱਧ ਹੈ।
ਇਸ ਮੌਕੇ ਡਾ. ਗੁਰਲੀਨ ਕੌਰ (ਯੂ.ਟੀ) ਆਈ.ਏ.ਐਸ., ਐਸ.ਡੀ.ਐਮ. ਬੁਢਲਾਡਾ ਸ੍ਰ ਗਗਨਦੀਪ ਸਿੰਘ ਤੋਂ ਇਲਾਵਾ ਕਿਸਾਨ ਤੇ ਹੋਰ ਮੋਹਤਬਰ ਵਿਅਕਤੀ ਮੌਜੂਦ ਸਨ।