15 ਜੂਨ ਤੋਂ ਜ਼ਿਲ੍ਹਾ ਅਤੇ ਸਬ-ਡਵੀਜਨ ਪੱਧਰ ’ਤੇ ਫਲੱਡ ਕੰਟਰੋਲ ਰੂਮ ਦੇਣਗੇ ਸੇਵਾਵਾਂ
ਹੁਸ਼ਿਆਰਪੁਰ, 11 ਜੂਨ :
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਬਰਸਾਤਾਂ ਦੇ ਕਾਰਨ ਸੰਭਾਵੀ ਹੜ੍ਹ ਤੋਂ ਨਿਪਟਣ ਦੇ ਲਈ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੁਕੰਮਲ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਜਾ ਚੁੱਕੀਆਂ ਹਨ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸੰਭਾਵੀ ਹੜ੍ਹਾਂ ਨਾਲ ਨਿਪਟਣ ਦੇ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਜੂਨ ਤੋਂ ਸਤੰਬਰ ਤੱਕ ਭਾਰੀ ਬਾਰਸ਼ ਦੇ ਕਾਰਨ ਹੜ੍ਹਾਂ ਦੀ ਸਥਿਤੀ ਬਣੀ ਰਹਿਣ ਦੀ ਸੰਭਾਵਨਾ ਹੁੰਦੀ ਹੈ, ਇਸ ਲਈ ਇਸ ਨਾਲ ਨਜਿੱਠਣ ਲਈ ਅਗੇਤੇ ਪ੍ਰਬੰਧ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨ ਦੇ ਲਈ ਇਕਜੁੱਟਤਾ ਅਤੇ ਤਾਲਮੇਲ ਦੇ ਨਾਲ ਕੰਮ ਕਰਨ ਦੀ ਲੋੜ ਹੈ।
ਡਿਪਟੀ ਕਮਿਸ਼ਨਰ ਨੇ ਸਮੂਹ ਐਸ.ਡੀ.ਐਮਜ਼ ਨੂੰ ਸਬ ਡਵੀਜ਼ਨ ਪੱਧਰ ’ਤੇ ਸੈਕਟਰ ਪਲਾਨ ਬਣਾਉਣ ਦੇ ਨਾਲ-ਨਾਲ ਪੁਲਿਸ ਦੇ ਤਾਲਮੇਲ ਨਾਲ ਸੈਕਟਰ ਅਫ਼ਸਰ ਨਿਯੁਕਤ ਕਰਨ ਲਈ ਕਿਹਾ। ਇਸ ਤੋਂ ਇਲਾਵਾ ਉਨ੍ਹਾਂ ਨੇ ਟਰੇਂਡ ਡਰਾਈਵਰ ਅਤੇ ਸਵੀਮਰ ਨੂੰ ਵੀ ਪਹਿਲਾ ਚੋਣ ਕਰਨ ਦੇ ਨਿਰਦੇਸ਼ ਦਿੱਤੇ ਜਾਂ ਜੋ ਲੋੜ ਪੈਣ ’ਤੇ ਇਨ੍ਹਾਂ ਦਾ ਸਹਿਯੋਗ ਲਿਆ ਜਾ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਸੰਭਾਵੀ ਹੜ੍ਹਾਂ ਵਾਲੇ ਇਲਾਕਿਆਂ ਵਿੱਚ ਲੋਕਾਂ ਨੂੰ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣ ਦੇ ਲਈ ਅਗੇਤੇ ਪ੍ਰਬੰਧ ਕਰ ਲਏ ਜਾਣ। ਉਨ੍ਹਾਂ ਅਧਿਕਾਰੀਆਂ ਨੂੰ ਸੌਂਪੀ ਗਈ ਡਿਊਟੀ ਨੂੰ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਕਿਹਾ, ਤਾਂ ਜੋ ਹੜ੍ਹ ਵਰਗੇ ਹਾਲਾਤਾਂ ਨਾਲ ਨਜਿੱਠਣ ਲਈ ਕੋਈ ਮੁਸ਼ਕਿਲ ਨਾ ਆ ਸਕੇ। ਉਨ੍ਹਾਂ ਕਿਹਾ ਕਿ ਹੜ੍ਹਾਂ ਦੇ ਸੀਜਨ ਦੌਰਾਨ ਜੂਨ ਤੋਂ ਸਤੰਬਰ ਤੱਕ ਕਿਸੇ ਵੀ ਅਧਿਕਾਰੀ ਦਾ ਮੋਬਾਇਲ ਫੋਨ ਬੰਦ ਨਹੀਂ ਹੋਣਾ ਚਾਹੀਦਾ, ਬਲਕਿ 24 ਘੰਟੇ ਚਾਲੂ ਰਹਿੰਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਦੀ ਆਗਿਆ ਤੋਂ ਬਿਨ੍ਹਾਂ ਕੋਈ ਵੀ ਅਧਿਕਾਰੀ ਹੜ੍ਹਾਂ ਦੇ ਇਸ ਸੀਜਨ ਵਿੱਚ ਉਨ੍ਹਾਂ ਆਗਿਆ ਤੋਂ ਬਿਨ੍ਹਾਂ ਛੁੱਟੀ ਨਹੀਂ ਕਰੇਗਾ ਅਤੇ ਨਾ ਹੀ ਆਪਣਾ ਸਟੇਸ਼ਨ ਛੱਡੇਗਾ। ਇਸ ਦੌਰਾਨ ਉਨ੍ਹਾਂ ਨੇ ਦਸੂਹਾ ਅਤੇ ਮੁਕੇਰੀਆਂ ਸਬ ਡਵੀਜਨ ਤਹਿਤ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਲਈ ਐਸ.ਡੀ.ਐਮ ਦਸੂਹਾ ਅਤੇ ਐਸ.ਡੀ.ਐਮ ਮੁਕੇਰੀਆਂ ਨੂੰ ਸਾਂਝੇ ਤੌਰ ’ਤੇ ਕੰਮ ਕਰਨ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਹੜ੍ਹਾਂ ਦੇ ਸੀਜਨ ਦੌਰਾਨ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਚੋਆਂ ਦੇ ਨਜ਼ਦੀਕ ਬੱਚੇ ਨਹਾਉਣ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਹੜ੍ਹਾਂ ਦੇ ਸੀਜਨ ਦੌਰਾਨ ਬੱਚਿਆਂ ਦਾ ਚੋਆਂ ਵਿੱਚ ਨਹਾਉਣਾ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧੀ ਅਗੇਤੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਐਸ.ਡੀ.ਐਮਜ਼ ਨੂੰ ਨਿਰਦੇਸ਼ ਦਿੱਤੇ ਕਿ ਬਰਸਾਤਾਂ ਵਿੱਚ ਸ਼ਹਿਰਾਂ ਅਤੇ ਪੇਂਡੂ ਇਲਾਕਿਆਂ ਦੇ ਜਿਨ੍ਹਾਂ ਥਾਵਾਂ ’ਤੇ ਜ਼ਿਆਦਾ ਪਾਣੀ ਆਉਂਦਾ ਹੈ, ਉਥੇ ਉਸਦੀ ਨਿਕਾਸੀ ਦੇ ਵੀ ਉਚਿਤ ਪ੍ਰਬੰਧ ਪਹਿਲਾਂ ਹੀ ਕਰ ਲਏ ਜਾਣ, ਜਿਸ ਵਿੱਚ ਨਗਰ ਨਿਗਮ, ਨਗਰ ਕੌਂਸਲਾਂ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਪੂਰਾ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਐਸ.ਡੀ.ਐਮਜ਼ ਅਤੇ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਆਪਣੇ ਅਧੀਨ ਆਉਂਦੇ ਪ੍ਰਭਾਵਿਤ ਪਿੰਡਾਂ ਦੀ ਚੋਣ ਕਰਨ ਦੇ ਨਾਲ-ਨਾਲ ਦਰਿਆਵਾਂ, ਧੁੱਸੀ ਬੰਨ ਦੇ ਕਿਨਾਰਿਆਂ ਨੂੰ ਦਰੁੱਸਤ ਕਰਵਾਉਣ ਤੋਂ ਇਲਾਵਾ ਉਚਿਤ ਥਾਵਾਂ ਨੂੰ ਜਲਦੀ ਰਿਪੇਅਰ ਕਰਵਾਉਣ ਦੇ ਯਤਨ ਕੀਤੇ ਜਾਣੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ ’ਤੇ ਅਤੇ ਸਬ ਡਵੀਜਨ ਪੱਧਰ ’ਤੇ ਫਲੱਡ ਕੰਟਰੋਲ ਰੂਮ ਵੀ ਸਥਾਪਿਤ ਕੀਤੇ ਜਾਣੇ ਹਨ। ਉਨ੍ਹਾਂ ਕਿਹਾ ਕਿ ਫਲੱਡ ਕੰਟਰੋਲ ਰੂਮ 15 ਜੂਨ ਤੋਂ 30 ਸਤੰਬਰ ਤੱਕ ਚੱਲੇਗਾ, ਇਸ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਜ਼ਿਲ੍ਹਾ ਪੱਧਰ ’ਤੇ ਫਲੱਡ ਕੰਟਰੋਲ ਰੂਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਸ ਵਿੱਚ ਸਥਾਪਿਤ ਕੀਤਾ ਜਾਵੇਗਾ, ਜਿਸ ਦਾ ਫੋਨ ਨੰਬਰ 01882-220412 ਹੈ।
ਅਪਨੀਤ ਰਿਆਤ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸੰਭਾਵਿਤ ਹੜ੍ਹਾਂ ਦੌਰਾਨ ਜਿਥੇ ਡਾਕਟਰ ਦੀ ਡਿਊਟੀ ਲਗਾਏ ਜਾਵੇ, ਉਥੇ ਦਵਾਈਆਂ ਦਾ ਪ੍ਰਬੰਧ ਵੀ ਯਕੀਨੀ ਬਣਾਇਆ ਜਾਵੇ, ਉਨ੍ਹਾਂ ਕਿਹਾ ਕਿ ਬਰਸਾਤਾਂ ਦੌਰਾਨ ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਲਈ ਸਿਹਤ ਵਿਭਾਗ ਖਾਸ ਤੌਰ ’ਤੇ ਚੌਕਸ ਰਹੇ। ਇਸ ਤੋਂ ਉਨ੍ਹਾਂ ਨੇ ਸਬੰਧਤ ਵਿਭਾਗ ਨੂੰ ਕਿਸ਼ਤੀਆਂ, ਲਾਈਫ ਜੈਕਟਾਂ ਅਤੇ ਹੜ੍ਹਾਂ ਦੀ ਸਥਿਤੀ ਸਬੰਧੀ ਵਰਤੋਂ ਕੀਤੀਆਂ ਜਾਣ ਵਾਲੀਆਂ ਮਸ਼ੀਨਰੀ ਦੇ ਅਗੇਰੇ ਤੌਰ ’ਤੇ ਜਾਂਚ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਹੜ੍ਹਾਂ ਵਰਗੇ ਹਾਲਾਤਾਂ ਦੌਰਾਨ ਪਸ਼ੂ ਪਾਲਣ ਵਿਭਾਗ ਨੂੰ ਪਸ਼ੂਆਂ ਦੇ ਲਈ ਉਚਿਤ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਐਸ.ਡੀ.ਐਮਜ਼ ਨੂੰ ਸਮਾਜ ਸੇਵੀ ਅਤੇ ਸਮਾਜਿਕ ਸੰਸਥਾਵਾਂ ਦੀ ਚੋਣ ਕਰਨ ਤੋੀ ਇਲਾਵਾ ਪਿੰਡਾ ਵਿੱਚ ਮਿਹਨਤੀ ਵਿਅਕਤੀਆਂ ਦੀ ਪਛਾਣ ਕਰਨ ਦੇ ਲਈ ਕਿਹਾ, ਤਾਂ ਜੋ ਇਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨ ਲਈ ਇਨ੍ਹਾਂ ਦਾ ਸਹਿਯੋਗ ਲਿਆ ਜਾ ਸਕੇ।
ਇਸ ਮੌਕੇ ’ਤੇ ਐਸ.ਡੀ.ਐਮ ਹੁਸ਼ਿਆਰਪੁਰ ਅਮਿਤ ਮਹਾਜਨ, ਐਸ.ਡੀ.ਐਮ ਮੁਕੇਰੀਆਂ ਅਸ਼ੋਕ ਕੁਮਾਰ, ਐਸ.ਡੀ.ਐਮ ਦਸੂਹਾ ਰਣਦੀਪ ਸਿੰਘ ਹੀਰ, ਜ਼ਿਲ੍ਹਾ ਮਾਲ ਅਫ਼ਸਰ ਅਮਨਪਾਲ ਸਿੰਘ, ਸਿਵਲ ਸਰਜਨ ਡਾ. ਰਣਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।