‘ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ’,ਸਿਰਫ਼ 1600 ਕਰੋੜ ਦੇ ਕੇ PM ਮੋਦੀ ਨੇ ਪੰਜਾਬੀਆਂ ਦੇ ਜ਼ਖ਼ਮਾਂ ‘ਤੇ ਛਿੜਕਿਆ ਲੂਣ

0

(Rajinder Kumar) ਚੰਡੀਗੜ੍ਹ, 12 ਸਤੰਬਰ 2025: ਹੜ੍ਹਾਂ ਦੀ ਭਿਆਨਕ ਸਥਿਤੀ ਵਿਚੋਂ ਲੰਘ ਰਿਹਾ ਪੰਜਾਬ ਅੱਜ ਦੇਸ਼ ਦੇ ਸਭ ਤੋਂ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਲੋਕ ਬੇਘਰ ਹੋ ਰਹੇ ਹਨ, ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ ਤੇ ਉਦਯੋਗ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਇਸ ਮੁਸ਼ਕਲ ਸਮੇਂ ਪੰਜਾਬੀਆਂ ਨੂੰ ਉਮੀਦ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਦਰਦ ਨੂੰ ਸਮਝਣਗੇ ਅਤੇ ਵੱਡਾ ਰਾਹਤ ਪੈਕੇਜ ਦੇਣਗੇ। ਪਰ ਗੁਰਦਾਸਪੁਰ ਆ ਕੇ PM ਮੋਦੀ ਨੇ ਸਿਰਫ਼ ₹1,600 ਕਰੋੜ ਦਾ ਐਲਾਨ ਕੀਤਾ। ਇਸ ਤੋਂ ਵੀ ਵੱਧ ਦੁੱਖਦਾਈ ਗੱਲ ਉਹਨਾਂ ਦੀ “ਹਿੰਦੀ ਨਹੀਂ ਆਉਂਦੀ?” ਵਾਲੀ ਟਿੱਪਣੀ ਸੀ, ਜਿਸ ਨਾਲ ਨਾ ਸਿਰਫ਼ ਪੰਜਾਬ ਦੇ ਜ਼ਖ਼ਮਾਂ ‘ਤੇ ਨਮਕ ਛਿੜਕਿਆ ਗਿਆ ਸਗੋਂ ਪੰਜਾਬੀ ਮਾਂ-ਬੋਲੀ ਦਾ ਵੀ ਅਪਮਾਨ ਕੀਤਾ |

ਪੰਜਾਬ ਦੇ ਮਾਲ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਜਦੋਂ ਦੱਸਿਆ ਕਿ ਇਹ ਰਾਹਤ ਰਕਮ ਬਹੁਤ ਘੱਟ ਹੈ ਤਾਂ ਮੋਦੀ ਜੀ ਨੇ ਹੱਸ ਕੇ ਕਿਹਾ — “ਹਿੰਦੀ ਨਹੀਂ ਆਉਂਦੀ?, 1600 ਕਰੋੜ ਐਲਾਨ ਕਰ ਦਿੱਤਾ।” ਇਸ ‘ਤੇ ਮੁੰਡੀਆਂ ਨੇ ਸਾਫ਼ ਜਵਾਬ ਦਿੱਤਾ ਕਿ “ਹਿੰਦੀ ਤਾਂ ਆਉਂਦੀ ਹੈ, ਪਰ ਪੈਸੇ ਘੱਟ ਹਨ।”ਇਹ ਘਟਨਾ ਸਾਫ਼ ਦਰਸਾਉਂਦੀ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਦੀ ਗੰਭੀਰ ਸਥਿਤੀ ਨੂੰ ਹਾਸੇ-ਮਜ਼ਾਕ ਵਿੱਚ ਉਡਾ ਦਿੱਤਾ।ਇਹ ਸਿਰਫ਼ ਪੰਜਾਬ ਦੇ ਲੋਕਾਂ ਦਾ ਨਹੀਂ, ਸਗੋਂ ਮਾਂ-ਬੋਲੀ ਪੰਜਾਬੀ ਦਾ ਵੀ ਅਪਮਾਨ ਹੈ। ਇੱਕ ਪ੍ਰਧਾਨ ਮੰਤਰੀ ਵੱਲੋਂ ਅਜਿਹੀ ਟਿੱਪਣੀ ਕਰਨਾ ਪੰਜਾਬ ਪ੍ਰਤੀ ਉਨ੍ਹਾਂ ਦੀ ਸੋਚ ਨੂੰ ਸਾਫ਼ ਕਰਦਾ ਹੈ।

ਆਪ ਸੂਬਾ ਪ੍ਰਧਾਨ ਅਤੇ ਕੈਬਿਨਟ ਮੰਤਰੀ ਅਮਨ ਅਰੋੜਾ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ, “ਪੰਜਾਬ ਨਾਲ ਮੋਦੀ ਜੀ ਨੇ ਭਿਆਨਕ ਮਜ਼ਾਕ ਕੀਤਾ ਹੈ। 20,000 ਕਰੋੜ ਤੋਂ ਵੱਧ ਦੇ ਨੁਕਸਾਨ ‘ਤੇ ਸਿਰਫ਼ 1600 ਕਰੋੜ ਦੇਣਾ, ਜ਼ਖ਼ਮਾਂ ‘ਤੇ ਮਲ੍ਹਮ ਨਹੀਂ ਬਲਕਿ ਨਮਕ ਛਿੜਕਣਾ ਹੈ।” ਉਨ੍ਹਾਂ ਨੇ ਕਿਹਾ ਕਿ ਕੇਂਦਰ ਨੇ ਪੰਜਾਬ ਦੇ 60,000 ਕਰੋੜ ਰੁਪਏ ਫੰਡ ਰੋਕੇ ਹੋਏ ਹਨ, ਜੋ ਅੱਜ ਦੀ ਲੋੜ ਮੁਤਾਬਿਕ ਤੁਰੰਤ ਜਾਰੀ ਹੋਣੇ ਚਾਹੀਦੇ ਹਨ।PM ਮੋਦੀ ਦਾ ਦੌਰਾ ਸਿਰਫ਼ ਫੋਟੋ ਖਿਚਵਾਉਣ ਅਤੇ ਰਾਜਨੀਤਿਕ ਸਟੰਟ ਤੱਕ ਸੀਮਤ ਰਿਹਾ। ਜਦੋਂ ਪੰਜਾਬ ਨੂੰ ਵੱਡੇ ਪੱਧਰ ਦੀ ਮਦਦ ਦੀ ਲੋੜ ਸੀ, ਤਦ ਕੇਂਦਰ ਸਰਕਾਰ ਨੇ ਪੰਜਾਬ ਦਾ ਮਜ਼ਾਕ ਉਡਾ ਕੇ ਰਾਜਨੀਤਿਕ ਹੰਕਾਰ ਦਰਸਾਇਆ।

ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਇਸ ਪੈਕੇਜ ਨੂੰ “ਵੱਡਾ ਮਜ਼ਾਕ” ਕਰਾਰ ਦਿੱਤਾ ਜਦਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “30 ਦਿਨਾਂ ਬਾਅਦ ਮੋਦੀ ਜੀ ਨੂੰ ਪੰਜਾਬ ਦੀ ਯਾਦ ਆਈ ਤੇ 1600 ਕਰੋੜ ਦੇ ਕੇ ਉਹਨਾਂ ਨੇ ਊਠ ਦੇ ਮੂੰਹ ਵਿੱਚ ਜੀਰਾ ਪਾ ਦਿੱਤਾ ਹੈ।”

ਖੁਦ BJP ਦੇ ਰਵਨੀਤ ਬਿੱਟੂ ਨੇ ਵੀ ਮੰਨਿਆ ਕਿ ਮੋਦੀ ਜੀ ਦੇ ਲਹਿਜ਼ੇ ਨਾਲ ਪੰਜਾਬੀ ਭਾਸ਼ਾ ਦਾ ਅਪਮਾਨ ਹੋਇਆ। ਭਾਵੇਂ ਬਾਅਦ ‘ਚ ਉਹਨਾਂ ਨੇ ਗੱਲ ਨੂੰ ਘੁਮਾਉਣ ਦੀ ਕੋਸ਼ਿਸ਼ ਕੀਤੀ, ਪਰ ਪੰਜਾਬ ਦੇ ਲੋਕਾਂ ਨੇ ਇਸਨੂੰ ਆਪਣੇ ਮਾਣ-ਸਨਮਾਨ ‘ਤੇ ਸਿੱਧਾ ਹਮਲਾ ਮੰਨਿਆ।

ਆਪ ਸਰਕਾਰ ਨੇ ਕੇਂਦਰ ਤੋਂ ਮੁੜ ਮੰਗ ਕੀਤੀ ਹੈ ਕਿ ਹੜ੍ਹਾਂ ਕਾਰਨ ਹੋਏ 20,000 ਕਰੋੜ ਰੁਪਏ ਤੋਂ ਵੱਧ ਨੁਕਸਾਨ ਦੀ ਭਰਪਾਈ ਲਈ ਵੱਡਾ ਪੈਕੇਜ ਐਲਾਨਿਆ ਜਾਵੇ। ਇਸ ਤੋਂ ਇਲਾਵਾ, ਪੰਜਾਬ ਦੇ ਰੋਕੇ ਹੋਏ ਫੰਡ ਤੁਰੰਤ ਜਾਰੀ ਕੀਤੇ ਜਾਣ।ਆਪ ਸਰਕਾਰ ਨੇ ਕਿਹਾ ਕਿ ਜਿਵੇਂ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਦੇਸ਼ ਦੇ ਅੰਨ ਭੰਡਾਰ ਨੂੰ ਭਰਨ ਤੱਕ ਪੰਜਾਬ ਹਮੇਸ਼ਾ ਅੱਗੇ ਰਿਹਾ ਹੈ, ਅੱਜ ਵੀ ਪੰਜਾਬ ਆਪਣੇ ਲੋਕਾਂ ਦੇ ਨਾਲ ਖੜ੍ਹਾ ਹੈ। ਭਾਵੇਂ ਕੇਂਦਰ ਨੇ ਅਣਦੇਖੀ ਕੀਤੀ ਹੈ, ਪਰ ਭਗਵੰਤ ਮਾਨ ਸਰਕਾਰ ਹਰ ਹੜ੍ਹ-ਪ੍ਰਭਾਵਿਤ ਪਰਿਵਾਰ ਦੀ ਬਾਂਹ ਫੜੇਗੀ, ਕਿਸਾਨਾਂ ਦਾ ਹੌਸਲਾ ਬਣੇਗੀ ਅਤੇ ਪੰਜਾਬੀਆਂ ਦੇ ਸਨਮਾਨ ਦੀ ਰੱਖਿਆ ਕਰੇਗੀ।

About The Author

Leave a Reply

Your email address will not be published. Required fields are marked *