ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ 6 ਕਰੋੜ ਰੁਪਏ ਨਾਲ ਬਣਨ ਵਾਲੀਆਂ ਸ਼ਹਿਰ ਦੀ ਪ੍ਰਮੁੱਖ ਸੜਕ ਦੇ ਕੰਮ ਦੀ ਕਰਵਾਈ ਸ਼ੁਰੂਆਤ

–ਬਰਸਾਤਾਂ ਤੋਂ ਬਾਅਦ ਹੁਣ ਸ਼ਹਿਰ ਦੀਆਂ ਸੜਕਾਂ ਬਣਾਉਣ ਦਾ ਕੰਮ ਜੰਗੀ ਪੱਧਰ ‘ਤੇ ਕੀਤਾ ਜਾਵੇਗਾ : ਅਜੀਤਪਾਲ ਸਿੰਘ ਕੋਹਲੀ
–ਕਿਹਾ, ਅਗਲੇ ਹਫ਼ਤੇ ਤੋਂ ਸ਼ਹਿਰ ਦੀਆਂ ਅੰਦਰਲੀਆਂ ਸੜਕਾਂ ਦਾ ਕੰਮ ਵੀ ਹੋਵੇਗਾ ਸ਼ੁਰੂ
–ਸ਼ਹਿਰ ਦੀਆਂ ਬਣਨ ਵਾਲੀਆਂ ਸੜਕਾਂ ਦੀ ਗੁਣਵੱਤਾ ਦਾ ਰੱਖਿਆ ਜਾਵੇਗਾ ਖਾਸ ਖਿਆਲ : ਐਮ.ਐਲ.ਏ.
(Rajinder Kumar) ਪਟਿਆਲਾ, 12 ਸਤੰਬਰ 2025: ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਕਰੀਬ 6 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਪਟਿਆਲਾ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਦੇ ਕੰਮ ਦੀ ਸ਼ੁਰੂਆਤ ਪੁਰਾਣੇ ਬੱਸ ਅੱਡੇ ਨੇੜੇ ਰਾਜਪੁਰਾ ਕਲੋਨੀ ਤੋਂ ਕਰਵਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਵਿਖੇ 24 ਘੰਟੇ ਸੱਤੇ ਦਿਨ ਪੀਣ ਵਾਲੇ ਨਹਿਰੀ ਪਾਣੀ ਦੀ ਸਪਲਾਈ ਲਈ ਪਾਈਪਾਂ ਪਾਉਣ ਲਈ ਐਲ ਐਂਡ ਟੀ ਵੱਲੋਂ ਪੁੱਟੀਆਂ ਗਈਆਂ ਸੜਕਾਂ ਦੀ ਉਸਾਰੀ ਦਾ ਕੰਮ ਹੁਣ ਬਰਸਾਤਾਂ ਤੋਂ ਬਾਅਦ ਜੰਗੀ ਪੱਧਰ ‘ਤੇ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਬਹੁਤ ਜਲਦੀ ਮੁਕੰਮਲ ਕਰ ਲਿਆ ਜਾਵੇਗਾ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਟਿਆਲਾ ਦੇ ਸਰਬਪੱਖੀ ਵਿਕਾਸ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਤੇ ਉਨ੍ਹਾਂ ਵੱਲੋਂ ਵਿਕਾਸ ਕਾਰਜਾਂ ਸਬੰਧੀ ਨਿੱਜੀ ਤੌਰ ‘ਤੇ ਰਿਪੋਰਟ ਵੀ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ 6 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਰਜਿੰਦਰਾ ਹਸਪਤਾਲ ਤੋਂ ਵੱਡੀ ਨਦੀ ਦੇ ਪੁੱਲ ਤੱਕ ਬਣਨ ਵਾਲੀ ਸੜਕ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਵੱਡਾ ਲਾਭ ਹੋਵੇਗਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਇਸ ਵਾਰ ਮੌਨਸੂਨ ਜੂਨ ਤੋਂ ਸਤੰਬਰ ਤੱਕ ਰਹੀ ਹੈ ਤੇ ਅੱਜ ਮੌਸਮ ਖੁੱਲਣ ‘ਤੇ ਪਟਿਆਲਾ ਸ਼ਹਿਰ ਵਾਸੀਆਂ ਲਈ ਸਭ ਤੋਂ ਜਰੂਰੀ ਕੰਮ ਇਥੋਂ ਦੀਆਂ ਸੜਕਾਂ ਦਾ ਹੈ ਜੋ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਪੁਰਾਣੇ ਬੱਸ ਅੱਡੇ ਤੋਂ ਵੱਡੀ ਨਦੀ ਦੇ ਪੁੱਲ ਤੱਕ ਦੇ ਸਟਰੇਚ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਗਲੇ ਹਫ਼ਤੇ ਤੋਂ ਸ਼ਹਿਰ ਦੀਆਂ ਅੰਦਰਲੀਆਂ ਸੜਕਾਂ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਜਾਵੇਗਾ।
ਮੌਜੂਦਾ ਮੌਨਸੂਨ ਸੀਜ਼ਨ ਜੂਨ ਤੋਂ ਸਤੰਬਰ ਤੱਕ ਲੰਮਾ ਹੋਣ ਕਰਕੇ ਤੇ ਨਿਰੰਤਰ ਬਰਸਾਤਾਂ ਹੋਣ ਕਾਰਨ ਸੜਕਾਂ ਬਣਨ ਦੇ ਕੰਮ ਵਿੱਚ ਹੋਈ ਦੇਰੀ ਲਈ ਵਿਧਾਇਕ ਕੋਹਲੀ ਨੇ ਸ਼ਹਿਰ ਵਾਸੀਆਂ ਤੋਂ ਮੁਆਫ਼ੀ ਮੰਗਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਲੰਮਾ ਸਮਾਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਲਈ ਉਨ੍ਹਾਂ ਨੂੰ ਖੇਦ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਵਾਸੀਆਂ ਨੂੰ ਨਹਿਰੀ ਪਾਣੀ ਦੀ ਸਪਲਾਈ ਦੇਣ ਲਈ ਪਾਈਪਾਂ ਪਾਉਣ ਦਾ ਕੰਮ ਚੱਲ ਰਿਹਾ ਹੋਣ ਕਾਰਨ ਸੜਕਾਂ ਪੁੱਟੀਆਂ ਗਈਆਂ ਸਨ, ਪਰ ਜਿਥੇ ਪਾਈਪਾਂ ਪੈ ਗਈਆਂ ਹਨ ਉਥੇ ਸੜਕਾਂ ਬਣਾਉਣ ਦਾ ਕੰਮ ਤੇਜ਼ੀ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਬਣਨ ਵਾਲੀਆਂ ਸੜਕਾਂ ਦੀਆਂ ਗੁਣਵੱਤਾ ਦਾ ਧਿਆਨ ਰੱਖਣ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਵੀ ਦਿੱਤੇ ਗਏ ਹਨ।
ਇਸ ਮੌਕੇ ਐਸ.ਡੀ.ਐਮ. ਪਟਿਆਲਾ ਹਰਜੋਤ ਕੌਰ, ਐਕਸੀਅਨ ਵਿਨੀਤ ਸਿੰਗਲਾ, ਵਾਰਡ 48 ਦੇ ਕੌਸਲਰ ਰਾਜੇਸ਼ ਕੁਮਾਰ (ਰਾਜੂ), ਵਾਰਡ 49 ਦੇ ਕੌਸਲਰ ਸੰਜੀਵ ਕੁਮਾਰ ਅਤੇ ਸ਼ਹਿਰ ਵਾਸੀ ਮੌਜੂਦ ਸਨ।