ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਹੜ੍ਹ ਪ੍ਰਭਾਵਿਤ ਪਿੰਡ ਚੱਕ ਰੁਹੇਲਾ, ਤੇਜਾ ਰੁਹੇਲਾ, ਮਹਾਤਮ ਨਗਰ ਤੇ ਢਾਣੀ ਲਾਭ ਸਿੰਘ ਦੇ ਲੋਕਾਂ ਨੂੰ ਵੰਡੀ ਰਾਹਤ ਸਮੱਗਰੀ

(Rajinder Kumar) ਫਾਜ਼ਿਲਕਾ, 9 ਸਤੰਬਰ 2025: ਵਿਧਾਇਕ ਫਾਜ਼ਿਲਕਾ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਨੇ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡ ਮਹਾਤਮ ਨਗਰ, ਢਾਣੀ ਲਾਭ ਸਿੰਘ, ਤੇਜਾ ਰੁਹੇਲਾ ਤੇ ਚੱਕ ਰੁਹੇਲਾ ਪਹੁੰਚ ਕੇ ਹੜ੍ਹ ਪੀੜਤ ਲੋਕਾਂ ਦਾ ਹਾਲ ਜਾਣਿਆ ਤੇ ਹੋਏ ਖ਼ਰਾਬੇ ਦਾ ਜਾਇਜ਼ਾ ਲਿਆ। ਇਸ ਦੌਰਾਨ ਵਿਧਾਇਕ ਨੇ ਪਿੰਡ ਵਾਸੀਆਂ ਨੂੰ ਰਾਹਤ ਸਮੱਗਰੀ ਦੀ ਵੰਡ ਵੀ ਕੀਤੀ।
ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਪਹਾੜੀ ਖੇਤਰਾਂ ਵਿੱਚ ਭਾਰੀ ਬਾਰਿਸ਼ ਪੈਣ ਕਰਕੇ ਹਲਕੇ ਦੇ ਕਾਂਵਾਵਾਲੀ ਪੁੱਲ ਪਾਰ ਦੇ ਪਿੰਡ ਪਾਣੀ ਦੀ ਮਾਰ ਹੇਠ ਆਏ ਸਨ ਜਿਸ ਕਾਰਨ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਤੇ ਇੱਥੋਂ ਤੱਕ ਉਨ੍ਹਾਂ ਨੂੰ ਆਪਣਾ ਖਾਣ ਪੀਣ ਦਾ ਗੁਜ਼ਾਰਾ ਕਰਨਾ ਵੀ ਔਖਾ ਹੋ ਗਿਆ ਜਿਸ ਨੂੰ ਦੇਖਦੇ ਹੋਏ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਰਾਸ਼ਨ ਸਮੱਗਰੀ ਦੀ ਵੰਡ ਜਾਰੀ ਹੈ ਜਿਵੇਂ ਪਸ਼ੂਆਂ ਲਈ ਫੀਡ, ਦਵਾਈਆਂ, ਖਾਣ ਲਈ ਰਾਸ਼ਨ, ਤਰਪਾਲਾਂ ਤੇ ਹੋਰ ਡਾਕਟਰੀ ਟੀਮਾਂ ਲਗਾਤਾਰ ਇਨ੍ਹਾਂ ਪਿੰਡਾਂ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਰਾਸ਼ਨ ਸਮੱਗਰੀ ਸਬੰਧੀ ਮੰਗ ਪੂਰੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਹੁਣ ਪਹਿਲਾਂ ਨਾਲੋਂ ਕਾਫੀ ਘਟ ਗਿਆ ਹੈ ਤੇ ਜਲਦੀ ਹੀ ਹੋਰ ਪਾਣੀ ਘਟਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਖਰਾਬੇ ਦਾ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਵੀ ਦਿੱਤਾ ਜਾਵੇਗਾ। ਸਰਕਾਰ ਇਸ ਕੁਦਰਤੀ ਆਫਤ ਵਿੱਚ ਹੜ੍ਹ ਪੀੜਤ ਲੋਕਾਂ ਦੇ ਨਾਲ ਖੜ੍ਹੀ ਹੈ ਤੇ ਹਰ ਸੰਭਵ ਮਦਦ ਕਰ ਰਹੀ ਹੈ ਤੇ ਉਹ ਖੁਦ ਵੀ ਲੋਕਾਂ ਵਿੱਚ ਰੋਜ਼ਾਨਾ ਵਿਚਰ ਰਹੇ ਹਨ।