ਘੱਗਰ ਦੇ ਪਾਣੀ ਨਾਲ ਪ੍ਰਭਾਵਿਤ ਪਿੰਡਾਂ ਵਿੱਚ ਬਿਮਾਰੀਆਂ ਦੀ ਰੋਕਥਾਮ ਲਈ ਉਪਰਾਲੇ

(Rajinder Kumar) ਘਨੌਰ, 6 ਸਤੰਬਰ 2025: ਘਨੌਰ ਹਲਕੇ ਦੇ ਪਿੰਡਾਂ ਚਮਾਰੂ, ਕਾਮੀ ਖੁਰਦ, ਊਂਟਸਰ, ਸਮਸ਼ਪੁਰ, ਸੰਜਰਪੁਰ,ਸਰਾਲਾ ਖੁਰਦ ਅਤੇ ਲਾਛੜੂ ਸਮੇਤ ਕਈ ਪਿੰਡਾਂ ਵਿੱਚ ਆਏ ਘੱਗਰ ਦਰਿਆ ਦੇ ਪਾਣੀ ਕਾਰਨ ਬਿਮਾਰੀਆਂ ਫੈਲਣ ਦੇ ਖਦਸ਼ੇ ਨੂੰ ਦੇਖਦੇ ਹੋਏ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਉਪ ਚੇਅਰਮੈਨ, ਮਨਿੰਦਰਜੀਤ ਸਿੰਘ ਵਿੱਕੀ ਘਨੌਰ, ਨੇ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਇਸ ਦੌਰੇ ਦਾ ਮੁੱਖ ਮੰਤਵ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਡੇਂਗੂ, ਡਾਇਰੀਆ ਅਤੇ ਚਮੜੀ ਦੇ ਰੋਗਾਂ ਦੀ ਰੋਕਥਾਮ ਲਈ ਤਿਆਰੀਆਂ ਦਾ ਜਾਇਜ਼ਾ ਲੈਣਾ ਸੀ। ਉਨ੍ਹਾਂ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਘਨੌਰ ਕਮਿਊਨਿਟੀ ਹੈਲਥ ਸੈਂਟਰ ਦਾ ਵੀ ਦੌਰਾ ਕੀਤਾ।


ਉਪ ਚੇਅਰਮੈਨ ਨੇ ਸਿਹਤ ਕੇਂਦਰ ਵਿੱਚ ਵਾਰਡ ਬਣਾਉਣ, ਦਵਾਈਆਂ ਦਾ ਉਚਿਤ ਪ੍ਰਬੰਧ ਕਰਨ ਅਤੇ ਹਸਪਤਾਲਾਂ ਵਿੱਚ ਲੋੜੀਂਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ। ਉਹਨਾਂ ਕਿਹਾ ਕਿ ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਨੇ ਵੀ ਫੋਨ ਕਰ ਹਲਕਾ ਘਨੌਰ ਦੇ ਪਿੰਡਾ ਦੀ ਸਥਿਤੀ ਦਾ ਜਾਇਜ਼ਾ ਲਿਆ ਹੈ। ਤੇ ਨਾਲ ਹੀ ਉਹਨਾਂ ਕਿਹਾ ਕਿ ਜਿਨਾਂ ਪਿੰਡਾਂ ਦੇ ਵਿੱਚ ਡਾਇਰੀਆ ਫੈਲਣ ਦਾ ਖਤਰਾ ਹੈ ਉਹਨਾਂ ਪਿੰਡਾਂ ਦੇ ਵਿੱਚ ਪਾਣੀ ਵੀ ਟੈਸਟ ਕਰਾਏ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਉਹਨਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਪਾਣੀ ਨੂੰ ਉਬਾਲ ਕੇ ਪੀਣ ਅਤੇ ਕੁਝ ਦਿਨਾਂ ਦੇ ਲਈ ਆਪਣੇ ਟੋਟਿਆਂ ਟਿਊਬਵੈਲ ਨਲਕਿਆਂ ਦਾ ਪਾਣੀ ਨਾ ਪੀਣ। ਉਹਨਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਪਿੰਡਾਂ ਦੇ ਵਿੱਚ ਲਗਾਤਾਰ ਜਾਂਚ ਕਰ ਰਹੀਆਂ ਹਨ ਜੇਕਰ ਕਿਸੇ ਵੀ ਮਰੀਜ਼ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਤਾਂ ਉਹ ਉਹਨਾਂ ਦੇ ਨਾਲ ਸੰਪਰਕ ਕਰ ਸਕਦਾ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਐੱਸਐੱਮਓ ਕਿਰਨਜੋਤ ਕੌਰ, ਐਸਐਮਓ ਹਰਪਾਲਪੁਰ ਰਵਨੀਤ ਕੌਰ,ਪਿੰਡ ਚਮਾਰੂ ਦੇ ਸਰਪੰਚ ਅਮਰਜੀਤ ਸਿੰਘ ਅਤੇ ਸਾਬਕਾ ਸਰਪੰਚ ਹਰਪ੍ਰੀਤ ਸਿੰਘ ਤੇ ਘਨੌਰ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ। ਉਨ੍ਹਾਂ ਨੇ ਸਮੂਹ ਸਟਾਫ ਨੂੰ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਤੁਰੰਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਤਿਆਰ ਰਹਿਣ ਲਈ ਕਿਹਾ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸਰਕਾਰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਦੀ ਸਿਹਤ ਦਾ ਪੂਰਾ ਖਿਆਲ ਰੱਖੇਗੀ।