ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਹੁਣ ਤੱਕ 14936 ਵਿਅਕਤੀ ਬਾਹਰ ਕੱਢੇ: ਹਰਦੀਪ ਸਿੰਘ ਮੁੰਡੀਆਂ

0

– 6582 ਵਿਅਕਤੀਆਂ ਨੂੰ ਰਾਹਤ ਕੈਂਪਾਂ ਵਿੱਚ ਠਹਿਰਾਇਆ ਗਿਆ

– ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਚਲ ਰਹੇ ਹਨ 122 ਰਾਹਤ ਕੈਂਪ

(Rajinder Kumar) ਚੰਡੀਗੜ੍ਹ, 31 ਅਗਸਤ 2025: ਪੰਜਾਬ ਦੇ ਮਾਲ, ਮੁੜ-ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਹੁਣ ਤੱਕ ਕੁੱਲ 14936 ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਪੂਰੀ ਮਸ਼ੀਨਰੀ, ਐਨ.ਡੀ.ਆਰ.ਐਫ, ਐਸ.ਡੀ.ਆਰ.ਐਫ, ਫੌਜ ਅਤੇ ਪੰਜਾਬ ਪੁਲਿਸ ਦੇ ਜਵਾਨ ਹੜ੍ਹਾਂ ਵਿੱਚ ਜਾਨ-ਮਾਲ ਦੀ ਰਾਖੀ ਲਈ ਦਿਨ-ਰਾਤ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿੱਚ 1700 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ ਜਦਕਿ ਬਰਨਾਲਾ ਵਿੱਚ 25, ਫ਼ਾਜ਼ਿਲਕਾ ਵਿੱਚ 1599, ਫਿਰੋਜ਼ਪੁਰ ਵਿੱਚ 3265, ਗੁਰਦਾਸਪੁਰ ਵਿੱਚ 5456, ਹੁਸ਼ਿਆਰਪੁਰ ਵਿੱਚ 1052, ਕਪੂਰਥਲਾ ਵਿੱਚ 362, ਮਾਨਸਾ ਵਿੱਚ 163, ਮੋਗਾ ਵਿੱਚ 115, ਪਠਾਨਕੋਟ ਵਿੱਚ 1139 ਅਤੇ ਜ਼ਿਲ੍ਹਾ ਤਰਨ ਤਾਰਨ ਵਿੱਚ ਹੁਣ ਤੱਕ 60 ਵਿਅਕਤੀ ਹੜ੍ਹਾਂ ਦੇ ਪਾਣੀ ‘ਚੋਂ ਸੁਰੱਖਿਅਤ ਕੱਢੇ ਗਏ ਹਨ।

ਸ. ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਹੜ੍ਹਾਂ ਵਿੱਚੋਂ ਕੱਢੇ ਜਾ ਰਹੇ ਵਿਅਕਤੀਆਂ ਦੀ ਗਿਣਤੀ ਵਧਣ ਦੇ ਨਾਲ-ਨਾਲ ਹੀ ਕੈਂਪਾਂ ਦੀ ਗਿਣਤੀ ਵੀ ਵਧਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ 122 ਰਾਹਤ ਕੈਂਪ ਚਲ ਰਹੇ ਹਨ, ਜਿਨ੍ਹਾਂ ਵਿੱਚ 6582 ਵਿਅਕਤੀਆਂ ਨੂੰ ਠਹਿਰਾਇਆ ਗਿਆ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿੱਚ 16 ਕੈਂਪ ਸਥਾਪਤ ਕੀਤੇ ਗਏ ਹਨ। ਇਸੇ ਤਰ੍ਹਾਂ ਬਰਨਾਲਾ ਵਿੱਚ 1, ਫ਼ਾਜ਼ਿਲਕਾ ਵਿੱਚ 7, ਫਿਰੋਜ਼ਪੁਰ ਵਿੱਚ 8, ਗੁਰਦਾਸਪੁਰ ਵਿੱਚ 25, ਹੁਸ਼ਿਆਰਪੁਰ ਵਿੱਚ 20, ਕਪੂਰਥਲਾ ਵਿੱਚ 4, ਮਾਨਸਾ ਵਿੱਚ 1, ਮੋਗਾ ਵਿੱਚ 5, ਪਠਾਨਕੋਟ ਵਿੱਚ 14, ਸੰਗਰੂਰ ਵਿੱਚ 1 ਅਤੇ ਪਟਿਆਲਾ ਵਿੱਚ 20 ਕੈਂਪ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਨ੍ਹਾਂ ਕੈਂਪਾਂ ਵਿੱਚ ਜ਼ਰੂਰਤ ਦੀਆਂ ਸਾਰੀਆਂ ਵਸਤਾਂ ਯਕੀਨੀ ਬਣਾਉਣ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਕੈਂਪਾਂ ਵਿਚ 170 ਵਿਅਕਤੀਆਂ ਨੂੰ ਠਹਿਰਾਇਆ ਗਿਆ ਹੈ ਜਦਕਿ ਬਰਨਾਲਾ ਵਿਖੇ 25, ਫ਼ਾਜ਼ਿਲਕਾ ਵਿਖੇ 652, ਫਿਰੋਜ਼ਪੁਰ ਵਿਖੇ 3987, ਗੁਰਦਾਸਪੁਰ ਵਿਖੇ 411, ਹੁਸ਼ਿਆਰਪੁਰ ਵਿਖੇ 478, ਕਪੂਰਥਲਾ ਵਿਖੇ 110, ਮਾਨਸਾ ਵਿਖੇ 163, ਮੋਗਾ ਵਿਖੇ 115, ਪਠਾਨਕੋਟ ਵਿਖੇ 411 ਅਤੇ ਜ਼ਿਲ੍ਹਾ ਸੰਗਰੂਰ ਦੇ ਰਾਹਤ ਕੈਂਪਾਂ ਵਿੱਚ 60 ਵਿਅਕਤੀ ਰੁਕੇ ਹੋਏ ਹਨ।

ਸ. ਹਰਦੀਪ ਸਿੰਘ ਮੁੰਡੀਆਂ ਨੇ ਹੜ੍ਹਾਂ ਵਿੱਚ ਜਾਨ-ਮਾਲ ਦੀ ਰਾਖੀ ਲਈ ਦਿਨ-ਰਾਤ ਡਟੇ ਐਨ.ਡੀ.ਆਰ.ਐਫ, ਐਸ.ਡੀ.ਆਰ.ਐਫ, ਫੌਜ ਤੇ ਪੰਜਾਬ ਪੁਲਿਸ ਦੇ ਜਵਾਨਾਂ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਇਸ ਔਖੀ ਘੜੀ ਵਿੱਚ ਸਾਥ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਮੇਂ ਗੁਰਦਾਸਪੁਰ ਵਿੱਚ ਐਨ.ਡੀ.ਆਰ.ਐਫ ਦੀਆਂ 6 ਟੀਮਾਂ ਅਤੇ ਫ਼ਾਜ਼ਿਲਕਾ, ਫਿਰੋਜ਼ਪੁਰ ਪਠਾਨਕੋਟ ਤੇ ਅੰਮ੍ਰਿਤਸਰ ਵਿੱਚ 1-1 ਟੀਮ ਤੈਨਾਤ ਹੈ। ਇਸੇ ਤਰ੍ਹਾਂ ਕਪੂਰਥਲਾ ਵਿੱਚ ਐਸ.ਡੀ.ਆਰ.ਐਫ ਦੀਆਂ 2 ਟੀਮਾਂ ਸਰਗਰਮ ਹਨ। ਕਪੂਰਥਲਾ, ਗੁਰਦਾਸਪੁਰ, ਫਿਰੋਜ਼ਪੁਰ ਅਤੇ ਪਠਾਨਕੋਟ ਵਿੱਚ ਆਰਮੀ, ਨੇਵੀ ਅਤੇ ਏਅਰਫੋਰਸ ਨੇ ਵੀ ਮੋਰਚਾ ਸਾਂਭਿਆ ਹੋਇਆ ਹੈ ਜਦਕਿ ਬੀ.ਐਸ.ਐਫ ਦੀ 1-1 ਟੀਮ ਗੁਰਦਾਸਪੁਰ ਅਤੇ ਫਿਰੋਜ਼ਪੁਰ ਵਿੱਚ ਰਾਹਤ ਕਾਰਜਾਂ ਵਿੱਚ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਅਤੇ ਫਾਇਰ ਬ੍ਰਿਗੇਡ ਵੱਲੋਂ ਕਪੂਰਥਲਾ ਅਤੇ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪ੍ਰਸ਼ਾਸ਼ਨ ਦੇ ਨਾਲ ਮਦਦ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਕਪੂਰਥਲਾ ਵਿੱਚ 15 ਕਿਸ਼ਤੀਆਂ, ਫਿਰੋਜ਼ਪੁਰ ਵਿੱਚ 12 ਕਿਸ਼ਤੀਆਂ ਅਤੇ ਪਠਾਨਕੋਟ ਵਿੱਚ 4 ਕਿਸ਼ਤੀਆਂ ਰਾਹੀਂ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ ਅਤੇ ਜਿੱਥੇ ਕਿਤੇ ਵੀ ਏਅਰਲਿਫਟ ਦੀ ਜ਼ਰੂਰਤ ਹੈ ਤਾਂ ਉਸ ਸਬੰਧੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਮਾਲ ਮੰਤਰੀ ਨੇ ਦੱਸਿਆ ਕਿ ਹੜ੍ਹਾਂ ਕਾਰਨ ਹੁਣ ਤੱਕ ਪੰਜਾਬ ਦੇ ਕੁੱਲ 1312 ਪਿੰਡ ਪ੍ਰਭਾਵਿਤ ਹੋਏ ਹਨ। ਇਨ੍ਹਾਂ ਵਿੱਚ ਅੰਮ੍ਰਿਤਸਰ ਦੇ 93, ਬਰਨਾਲਾ ਦੇ 26, ਬਠਿੰਡਾ ਦੇ 21, ਫਤਹਿਗੜ੍ਹ ਸਾਹਿਬ ਦਾ 1, ਫਾਜ਼ਿਲਕਾ ਦੇ 92, ਫਿਰੋਜ਼ਪੁਰ ਦੇ 107, ਗੁਰਦਾਸਪੁਰ ਦੇ 324, ਹੁਸ਼ਿਆਰਪੁਰ ਦੇ 86, ਜਲੰਧਰ ਦੇ 55, ਕਪੂਰਥਲਾ ਦੇ 123, ਲੁਧਿਆਣਾ ਦੇ 26, ਮਾਲੇਰਕੋਟਲਾ ਦੇ 4, ਮਾਨਸਾ ਦੇ 77, ਮੋਗਾ ਦੇ 35, ਪਠਾਨਕੋਟ ਦੇ 81, ਪਟਿਆਲਾ ਦੇ 14, ਰੂਪਨਗਰ ਦੇ 2, ਸੰਗਰੂਰ ਦੇ 22, ਐਸ.ਏ.ਐਸ. ਨਗਰ ਦਾ 1, ਐਸ.ਬੀ.ਐਸ ਨਗਰ ਦੇ 3, ਸ੍ਰੀ ਮੁਕਤਸਰ ਸਾਹਿਬ ਦੇ 74 ਅਤੇ ਤਰਨ ਤਾਰਨ ਦੇ 45 ਪਿੰਡ ਸ਼ਾਮਿਲ ਹਨ।

About The Author

Leave a Reply

Your email address will not be published. Required fields are marked *