ਹਰੀਕੇ ਹੈਡ ਵਰਕਰਸ ਤੋਂ ਪਾਣੀ ਦੀ ਨਿਕਾਸੀ ਵਿੱਚ 19 ਹਜਾਰ ਕਿਊਸਿਕ ਦੀ ਕਮੀ ਆਈ -ਗੁਰਮੀਤ ਸਿੰਘ ਖੁੱਡੀਆਂ

0

– ਖੇਤੀਬਾੜੀ ਮੰਤਰੀ ਵੱਲੋਂ ਸਰਹੱਦੀ ਪਿੰਡਾਂ ਵਿੱਚ ਹੜ ਪ੍ਰਬੰਧਾਂ ਦੇ ਜਾਇਜੇ ਲਈ ਦੌਰਾ

(Rajinder Kumar) ਫਾਜ਼ਿਲਕਾ, 30 ਅਗਸਤ 2025: ਪੰਜਾਬ ਦੇ ਖੇਤੀਬਾੜੀ ਮੰਤਰੀ ਸ ਗੁਰਮੀਤ ਸਿੰਘ ਖੁਡੀਆਂ ਨੇ ਅੱਜ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਘੁਰਕਾ ਵਿਖੇ ਉਹ ਟਰੈਕਟਰ ਟਰਾਲੀ ਤੇ ਸਵਾਰ ਹੋ ਕੇ ਅਗਲੇਰੇ ਘਰਾਂ ਤੱਕ ਪਹੁੰਚੇ ਅਤੇ ਲੋਕਾਂ ਦਾ ਹਾਲ ਜਾਣਿਆ। ਉਹਨਾਂ ਨੇ ਇਸ ਮੌਕੇ ਆਖਿਆ ਕੇ ਹਰੀਕੇ ਹੈਡਵਰਕਸ ਤੋਂ ਪਾਣੀ ਦੀ ਨਿਕਾਸੀ ਵਿੱਚ ਕਮੀ ਆਈ ਹੈ ਅਤੇ ਅੱਜ ਉਥੋਂ ਦੋ ਲੱਖ 44 ਹਜਾਰ ਕਿਊਸਿਕ ਪਾਣੀ ਦੀ ਨਿਕਾਸੀ ਹੋ ਰਹੀ ਹੈ। ਉਹਨਾਂ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਹਰ ਪ੍ਰਕਾਰ ਦੀ ਫੌਰੀ ਮਦਦ ਮੁਹਈਆ ਕਰਵਾਉਣ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ ।

ਸ ਖੁੱਡੀਆਂ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਲਗਾਤਾਰ ਪ੍ਰਭਾਵਿਤ ਪਿੰਡਾਂ ਵਿੱਚ ਹਨ ਅਤੇ ਲੋਕਾਂ ਨੂੰ ਰਸਦ, ਪਸ਼ੂਆਂ ਲਈ ਚਾਰਾ ਅਤੇ ਫੀਡ ਪਹੁੰਚਾਈ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਅੱਠ ਰਾਹਤ ਕੈਂਪ ਬਣਾਏ ਗਏ ਹਨ ਉਥੇ ਵੀ ਲੋਕਾਂ ਨੂੰ ਲੰਗਰ ਅਤੇ ਹੋਰ ਰਸਦ ਅਤੇ ਰਾਹਤ ਸਮੱਗਰੀ ਬੇਰੋਕ ਟੋਕ ਭੇਜੀ ਜਾ ਰਹੀ ਹੈ।ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫਸਲਾਂ ਦੇ ਹੋਏ ਨੁਕਸਾਨ ਸਬੰਧੀ ਗਿਰਦਾਵਰੀ ਕਰਨ ਦੇ ਪਹਿਲਾਂ ਹੀ ਹੁਕਮ ਦਿੱਤੇ ਹੋਏ ਹਨ ਅਤੇ ਘਰਾਂ ਨੂੰ ਹੋਏ ਨੁਕਸਾਨ ਦਾ ਵੀ ਵੇਰਵਾ ਇਕੱਤਰ ਕੀਤਾ ਜਾਵੇਗਾ ਅਤੇ ਉਸੇ ਅਨੁਸਾਰ ਮੁਆਵਜਾ ਦਿੱਤਾ ਜਾਵੇਗਾ।

ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਆਖਿਆ ਕਿ ਰਾਹਤ ਕਾਰਜ ਪੂਰੀ ਤੇਜੀ ਨਾਲ ਚੱਲ ਰਹੇ ਹਨ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਹਰੇਕ ਪ੍ਰਭਾਵਿਤ ਤੱਕ ਰਾਹਤ ਸਮਗਰੀ ਪਹੁੰਚੇ। ਇਸ ਮੌਕੇ ਕੈਬਨਿਟ ਮੰਤਰੀ ਨੇ ਆਖਿਆ ਕਿ ਖੇਤੀਬਾੜੀ ਅਤੇ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੀ ਸਾਰੇ ਪ੍ਰਭਾਵਿਤ ਪਿੰਡਾਂ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ।
ਇਸ ਮੌਕੇ ਕੈਬਨਿਟ ਮੰਤਰੀ ਨੇ ਪਿੰਡ ਘੁਰਕਾ ਵਿੱਚ ਆਪਣੀ ਹਾਜ਼ਰੀ ਵਿੱਚ ਲੋਕਾਂ ਨੂੰ ਰਾਹਤ ਸਮੱਗਰੀ ਦੀ ਵੰਡ ਵੀ ਕਰਵਾਈ। ਇਸ ਮੌਕੇ ਉਨਾਂ ਦੇ ਨਾਲ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਐਸਡੀਐਮ ਵੀਰਪਾਲ ਕੌਰ, ਟਰੇਡ ਬੋਰਡ ਤੋਂ ਅਤੁਲ ਨਾਗਪਾਲ, ਚੇਅਰਮੈਨ ਇੰਦਰਜੀਤ ਸਿੰਘ, ਜ਼ਿਲਾ ਪ੍ਰਧਾਨ ਉਪਕਾਰ ਸਿੰਘ ਜਾਖੜ, ਮਾਰਕਿਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਨੂਰ ਸ਼ਾਹ,  ਡਿਪਟੀ ਡਾਇਰੈਕਟਰ ਪਸ਼ੂ ਪਾਲਨ ਮਨਦੀਪ ਸਿੰਘ ਵੀ ਹਾਜ਼ਰ ਸਨ।

About The Author

Leave a Reply

Your email address will not be published. Required fields are marked *