ਇੰਡੀਅਨ ਏਅਰ ਫੋਰਸ ਦੀ ਓਪਨ ਭਰਤੀ ਰੈਲੀ ਦੀ ਸ਼ੁਰੂਆਤ, ਪਹਿਲੇ ਦਿਨ 6000 ਉਮੀਦਵਾਰਾਂ ਨੇ ਲਿਆ ਭਾਗ

– ਮੀਂਹ ਵੀ ਨੌਜਵਾਨਾਂ ਦੇ ਜੋਸ਼ ਨੂੰ ਮੱਠਾ ਨਹੀਂ ਕਰ ਸਕਿਆ
(Rajinder Kumar) ਜਲੰਧਰ, 27 ਅਗਸਤ 2025: ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇੰਡੀਅਨ ਏਅਰ ਫੋਰਸ ਵੱਲੋਂ ਅੱਜ ਸਥਾਨਕ ਸਰਕਾਰੀ ਆਰਟਸ ਤੇ ਸਪੋਰਟਸ ਕਾਲਜ ਵਿਖੇ ਓਪਨ ਭਰਤੀ ਰੈਲੀ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿੱਚ ਮੀਂਹ ਦੇ ਬਾਵਜੂਦ ਪਹਿਲੇ ਦਿਨ ਲਗਭਗ 6000 ਉਮੀਦਵਾਰਾਂ ਨੇ ਉਤਸ਼ਾਹ ਨਾਲ ਭਾਗ ਲਿਆ।
ਐਸ.ਡੀ.ਐਮ. ਆਦਮਪੁਰ ਵਿਵੇਕ ਕੁਮਾਰ ਮੋਦੀ (ਵਾਧੂ ਚਾਰਜ ਵਧੀਕ ਡਿਪਟੀ ਕਮਿਸ਼ਨਰ ਦਿਹਾਤੀ ਵਿਕਾਸ) ਨੇ ਦੱਸਿਆ ਕਿ ਇੰਡੀਅਨ ਏਅਰ ਫੋਰਸ ਓਪਨ ਭਰਤੀ ਰੈਲੀ ਦੀ ਸ਼ੁਰੂਆਤ ਬਾਰਿਸ਼ ਦੇ ਵਿੱਚ ਹੀ ਸਵੇਰੇ 4:30 ਵਜੇ ਕੀਤੀ ਗਈ, ਜਿਸ ਵਿੱਚ ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ ਅਤੇ ਲੱਦਾਖ ਤੋਂ ਆਏ ਕਰੀਬ 6000 ਉਮੀਦਵਾਰਾਂ ਨੇ ਭਾਗ ਲਿਆ।
ਰੈਲੀ ਦੌਰਾਨ ਪਹਿਲੇ ਰਾਊਂਡ ਵਿੱਚ ਉਮੀਦਵਾਰਾਂ ਨੇ 1600 ਮੀਟਰ ਦੀ ਦੌੜ 7 ਮਿੰਟ ਵਿੱਚ ਪੂਰੀ ਕੀਤੀ। ਇਸ ਤੋਂ ਬਾਅਦ ਕੁੱਝ ਹੋਰ ਸਰੀਰਕ ਮਾਪਦੰਡ ਲਈ ਡੰਢ-ਬੈਠਕ ਆਦਿ ਕਰਵਾਏ ਗਏ। ਫ਼ਿਜ਼ੀਕਲ ਟੈਸਟ ਤੋਂ ਬਾਅਦ ਬਿਨੈਕਾਰਾਂ ਦਾ ਲਿਖ਼ਤੀ ਟੈਸਟ ਵੀ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਜਿਹੜੇ ਉਮੀਦਵਾਰ ਇਸ ਲਿਖ਼ਤੀ ਟੈਸਟ ਵਿੱਚ ਪਾਸ ਹੋਣਗੇ, ਉਨ੍ਹਾਂ ਨੂੰ 28 ਅਗਸਤ ਨੂੰ ਗਰੁੱਪ ਡਿਸਕਸ਼ਨ ਅਤੇ ਹੋਰ ਮਨੋਵਿਗਿਆਨਿਕ ਪ੍ਰੀਖਿਆਵਾਂ ਲਈ ਦੁਬਾਰਾ ਬੁਲਾਇਆ ਜਾਵੇਗਾ।
ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖ਼ਲਾਈ ਬਿਊਰੋ ਨੀਲਮ ਮਹੇ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਅਤੇ ਚੰਡੀਗੜ੍ਹ ਦੇ ਲੜਕਿਆਂ ਲਈ ਭਰਤੀ ਰੈਲੀ 30 ਅਗਸਤ ਨੂੰ ਹੋਵੇਗੀ ਅਤੇ 2 ਸਤੰਬਰ ਨੂੰ ਲੜਕੀਆਂ ਦੀ ਭਰਤੀ ਰੈਲੀ ਹੋਵੇਗੀ। ਉਨ੍ਹਾਂ ਨੌਜਵਾਨਾਂ ਨੂੰ ਇਸ ਭਰਤੀ ਰੈਲੀ ਵਿੱਚ ਵਧ ਚੜ੍ਹ ਕੇ ਭਾਗ ਲੈਣ ਅਤੇ ਸਰਕਾਰੀ ਖੇਤਰ ਵਿੱਚ ਰੋਜ਼ਗਾਰ ਦੇ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਉਣ ਦੀ ਅਪੀਲ ਕੀਤੀ।
ਜ਼ਿਕਰਯੋਗ ਹੈ ਕਿ ਭਰਤੀ ਰੈਲੀ ਦੌਰਾਨ ਜੰਮੂ ਤੇ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਵੀ ਵੱਡੀ ਗਿਣਤੀ ਨੌਜਵਾਨ ਪਹੁੰਚੇ ਹੋਏ ਸਨ। ਰੈਲੀ ਦੌਰਾਨ ਨੌਜਵਾਨਾਂ ਦਾ ਜਜ਼ਬਾ ਕਾਬਿਲ-ਏ-ਤਾਰੀਫ਼ ਰਿਹਾ, ਜਿਨ੍ਹਾਂ ਦੇ ਜੋਸ਼ ਨੂੰ ਮੀਂਹ ਵੀ ਮੱਠਾ ਨਹੀਂ ਕਰ ਸਕਿਆ।