ਡਿਪਟੀ ਕਮਿਸ਼ਨਰ ਵੱਲੋਂ ਚਾਂਦਪੁਰਾ ਬੰਨ੍ਹ ਦਾ ਜਾਇਜ਼ਾ

– ਜ਼ਿਲ੍ਹਾ ਪ੍ਰਸ਼ਾਸਨ ਘੱਗਰ ਨੇੜੇ ਵਸਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਚੌਕਸ–ਡਿਪਟੀ ਕਮਿਸ਼ਨਰ
– ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ ਮੁਕੰਮਲ
– ਹੜ੍ਹਾਂ ਸਬੰਧੀ ਕੰਟਰੋਲ ਰੂਮ ਨੰਬਰ 01652-229082 ‘ਤੇ ਦਿੱਤੀ ਜਾ ਸਕਦੀ ਹੈ ਸੂਚਨਾ
(Rajinder Kumar) ਮਾਨਸਾ, 27 ਅਗਸਤ 2025: ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਘੱਗਰ ਦਰਿਆ ਦੇ ਪਾਣੀ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਚਾਂਦਪੁਰਾ ਬੰਨ੍ਹ ਦਾ ਦੌਰਾ ਕਰਨ ਪੁੱਜੇ। ਉਨ੍ਹਾਂ ਚਾਂਦਪੁਰਾ ਬੰਨ੍ਹ ਵਿਖੇ ਘੱਗਰ ਦਰਿਆ ਦੇ ਪਾਣੀ ਦੀ ਸਮਰੱਥਾ ਬਾਰੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਤੋਂ ਜਾਣਕਾਰੀ ਲਈ ਤੇ ਬਰਸਾਤ ਦੌਰਾਨ ਪਾਣੀ ਦੇ ਪੱਧਰ ‘ਤੇ ਨਜ਼ਰ ਬਣਾਏ ਰੱਖਣ ਦੇ ਆਦੇਸ਼ ਜਾਰੀ ਕੀਤੇ।
ਉਨ੍ਹਾਂ ਅਧਿਕਾਰੀਆਂ ਤੋਂ ਪਿਛਲੀਆਂ ਬਰਸਾਤਾਂ ਦੌਰਾਨ ਆਏ ਪਾਣੀ ਅਤੇ ਘੱਗਰ ਨਜ਼ਦੀਕ ਪਾਣੀ ਤੋਂ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਬਾਰੇ ਸਮੁੱਚੀ ਜਾਣਕਾਰੀ ਲਈ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਆਕਾਸ਼ ਬਾਂਸਲ, ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਡਾ. ਗੁਰਲੀਨ ਕੌਰ ਆਈ.ਏ.ਐਸ, ਐਸ.ਡੀ.ਐਮ. ਬੁਢਲਾਡਾ ਗਗਨਦੀਪ ਸਿੰਘ ਤੋਂ ਇਲਾਵਾ ਡਰੇਨੇਜ਼ ਵਿਭਾਗ ਅਤੇ ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਘੱਗਰ ਨੇੜੇ ਵਸਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਚੌਕਸੀ ਰੱਖ ਰਿਹਾ ਹੈ ਤੇ ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਹਰ ਤਰ੍ਹਾਂ ਨਾਲ ਪ੍ਰਬੰਧ ਮੁਕੰਮਲ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਚਾਂਦਪੁਰਾ ਬੰਨ੍ਹ ਵੀ ਕਾਫ਼ੀ ਮਜ਼ਬੂਤ ਸਥਿਤੀ ਵਿੱਚ ਹੈ ਅਤੇ ਜੇ.ਸੀ.ਬੀ. ਦੀ ਮਦਦ ਨਾਲ ਇੱਥੇ ਸਫਾਈ ਦਾ ਕੰਮ ਵੀ ਚੱਲ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਬੋੜਾਵਾਲ ਅਤੇ ਬਰੇਟਾ ਨਜ਼ਦੀਕ ਸਰਹੰਦ ਡਰੇਨ ਦਾ ਵੀ ਜਾਇਜ਼ਾ ਲਿਆ।
ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਨਿਭਾਈ ਜਾਣ ਵਾਲੀ ਡਿਊਟੀ ‘ਚ ਕੋਈ ਢਿੱਲ ਮੱਠ ਬਰਦਾਸ਼ਤ ਨਹੀ ਕੀਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਸੰਭਾਵੀ ਹੜ੍ਹਾਂ ਨਾਲ ਨਿਪਟਣ ਲਈ ਉਪਲੱਬਧ ਸਮੱਗਰੀ ਅਤੇ ਭਵਿੱਖ ਦੀਆਂ ਯੋਜਨਾਵਾ ਬਾਰੇ ਜਾਣਕਾਰੀ ਹਾਸਿਲ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਬੰਧਕੀ ਕੰਪਲੈਕਸ ਵਿਖੇ ਹੜ੍ਹ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੰਟਰੋਲ ਰੂਮ ਨੰਬਰ 01652-229082 ‘ਤੇ ਕੋਈ ਵੀ ਵਿਅਕਤੀ ਹੜ੍ਹ ਸਬੰਧੀ ਸੂਚਨਾ ਦੇ ਸਕਦਾ ਹੈ।