ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਨਵਜਾਤ ਬੱਚੇ ਦਾ ਸਿਰ ਮਿਲਣ ਦੀ ਘਟਨਾ ਦਾ ਜਾਇਜ਼ਾ ਲੈਣ ਲਈ ਰਜਿੰਦਰਾ ਹਪਸਤਾਲ ਦਾ ਦੌਰਾ

– ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ ਸਬੰਧੀ ਢੁਕਵੇਂ ਕਦਮ ਚੁਕਣ ਲਈ ਦਿੱਤੇ ਸਖ਼ਤ ਨਿਰਦੇਸ਼
– ਅਣਚਾਹੇ ਬੱਚੇ ਸੰਭਾਲਣ ਲਈ ਪੰਘੂੜੇ ਲਗਾਏ ਜਾਣਗੇ, ਲੋਕ ਅਜਿਹੇ ਬੱਚੇ ਕੂੜੇ ਦੇ ਢੇਰਾਂ ‘ਤੇ ਨਾ ਸੁੱਟਣ ਸਗੋਂ ਪੰਘੂੜਿਆਂ ‘ਚ ਪਾਉਣ-ਡਾ. ਬਲਬੀਰ ਸਿੰਘ
– ਕਿਹਾ, ਪੇਟ ‘ਚ ਮਰਿਆ ਬੱਚਾ ਪੈਦਾ ਹੋਣ ਦੀ ਸੂਰਤ ‘ਚ ਅੰਤਿਮ ਰਸਮਾਂ ਨਾ ਨਿਭਾ ਸਕਣ ਵਾਲੇ ਮਾਪੇ ਵੀ ਅਜਿਹੇ ਬੱਚੇ ਹਸਪਤਾਲ ਪ੍ਰਸ਼ਾਸਨ ਨੂੰ ਸੌਂਪਣ
– ਸਰਕਾਰੀ ਹਸਪਤਾਲਾਂ ‘ਚੋਂ ਕੁੱਤੇ ਬਾਹਰ ਕਰਨ ਲਈ ਕਾਰਜਵਿਧੀ ‘ਤੇ ਨਿਯਮਾਂ ਮੁਤਾਬਕ ਕੰਮ ਕੀਤਾ ਜਾਵੇਗਾ-ਸਿਹਤ ਮੰਤਰੀ
(Rajinder Kumar) ਪਟਿਆਲਾ, 27 ਅਗਸਤ 2025: ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਬੀਤੀ ਰਾਤ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਨਵਜਾਤ ਬੱਚੇ ਸਿਰ ਮਿਲਣ ਦੀ ਘਟਨਾ ਦਾ ਜਾਇਜ਼ਾ ਲੈਣ ਲਈ ਹਸਪਤਾਲ ਦਾ ਦੌਰਾ ਕੀਤਾ ਅਤੇ ਅਜਿਹੀ ਘਟਨਾ ਮੁੜ ਨਾ ਵਾਪਰੇ, ਬਾਰੇ ਢੁਕਵੇਂ ਕਦਮ ਉਠਾਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ।
ਇਸ ਮੌਕੇ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੈਦਾ ਹੋਏ ਅਣਚਾਹੇ ਬੱਚਿਆਂ ਦੀ ਸੰਭਾਲ ਲਈ ਪੰਘੂੜੇ ਲਗਾਏ ਜਾਣਗੇ ਅਤੇ ਜਿਹੜੇ ਮਾਪੇ ਪੇਟ ‘ਚ ਮਰੇ ਹੋਏ ਬੱਚਿਆਂ ਦੀਆਂ ਅੰਤਿਮ ਰਸਮਾਂ ਨਿਭਾਉਣ ਤੋਂ ਕਿਸੇ ਕਾਰਨ ਅਸਮਰੱਥ ਹੁੰਦੇ ਹਨ, ਅਜਿਹੇ ਬੱਚਿਆਂ ਦੇ ਮ੍ਰਿਤਕ ਸਰੀਰ ਸਮੇਟਣ ਲਈ ਵੀ ਕਦਮ ਠੋਸ ਉਠਾਏ ਜਾਣਗੇ। ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਬੱਚਿਆਂ ਨੂੰ ਕੂੜੇ ਦੇ ਢੇਰਾਂ ਉਤੇ ਨਾ ਸੁੱਟਣ ਸਗੋਂ ਸਰਕਾਰੀ ਹਸਪਤਾਲ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪਣ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੀ ਘਟਨਾ ਦੀ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬੱਚੇ ਦੇ ਪਿਉ ਨੇ ਹੀ ਮਰੇ ਪੈਦਾ ਹੋਏ ਬੱਚੇ ਦੇ ਸਰੀਰ ਨੂੰ ਲਪੇਟਕੇ ਹਸਪਤਾਲ ਦੇ ਕੂੜੇ ਦੇ ਢੇਰ ‘ਤੇ ਸੁੱਟ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਂਜ ਇਸ ਘਟਨਾ ਦੀ ਫਾਰੈਂਸਿਕ ਜਾਂਚ ਤੋਂ ਇਲਾਵਾ ਪੁਲਿਸ ਵਲੋਂ ਵੀ ਪੜਤਾਲ ਕੀਤੀ ਜਾ ਰਹੀ ਹੈ।
ਇਸ ਦੌਰਾਨ ਡਾ. ਬਲਬੀਰ ਸਿੰਘ ਨੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਨਗਰ ਨਿਗਮ ਕਮਿਸ਼ਨਰ ਪਰਮਵੀਰ ਸਿੰਘ, ਏ.ਡੀ.ਸੀ. ਸਿਮਰਪ੍ਰੀਤ ਕੌਰ, ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਆਰ.ਪੀ.ਐਸ. ਸਿਬੀਆ, ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਅਤੇ ਐਸ.ਪੀ. ਸਿਟੀ ਪਲਵਿੰਦਰ ਸਿੰਘ ਚੀਮਾ ਤੇ ਡਾ. ਅੰਕਿਤ ਨਾਰੰਗ ਨਾਲ ਇੱਕ ਉਚ ਪੱਧਰੀ ਬੈਠਕ ਵੀ ਕੀਤੀ। ਸਿਹਤ ਮੰਤਰੀ ਨੇ ਹਦਾਇਤ ਕੀਤੀ ਅਜਿਹੀ ਦੁਖਦਾਈ ਤੇ ਮਨੁੱਖਤਾ ਨੂੰ ਸਰਮਸ਼ਾਰ ਕਰਨ ਵਾਲੀ ਘਟਨਾ ਮੁੜ ਨਾ ਵਾਪਰਨ ਸਬੰਧੀ ਢੁਕਵੇਂ ਉਪਾਅ ਕਰਕੇ ਕਿਸੇ ਤਰ੍ਹਾਂ ਦੀ ਵੀ ਕੁਤਾਹੀ ਤੋਂ ਬਚਿਆ ਜਾਵੇ। ਉਨ੍ਹਾਂ ਨੇ ਹਸਪਤਾਲ ਵਿੱਚ ਸੁਰੱਖਿਆ ਪ੍ਰਬੰਧਾਂ, ਕੂੜੇ ਦੇ ਢੇਰਾਂ ‘ਤੇ ਸੀਸੀਟੀਵੀ ਕੈਮਰਿਆਂ ਸਮੇਤ ਅਵਾਰਾ ਕੁੱਤਿਆਂ ਦੇ ਹੱਲ ਲਈ ਵੀ ਚਰਚਾ ਕੀਤੀ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਮੌਕੇ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਹਰ ਘਟਨਾ ਜਾਂ ਦੁਰਘਟਨਾ ‘ਤੇ ਪੂਰੀ ਸਰਗਰਮੀ ਨਾਲ ਤੁਰੰਤ ਕਾਰਵਾਈ ਕਰਦੀ ਹੈ ਅਤੇ ਆਪਣੀ ਜਿੰਮੇਵਾਰੀ ਵੀ ਲੈਂਦੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਹਸਪਤਾਲਾਂ ‘ਚ ਮਿਸਾਲੀ ਸੁਧਾਰ ਕੀਤੇ ਹਨ ਤੇ ਰਜਿੰਦਰਾ ਹਸਪਤਾਲ ‘ਚ ਦਹਾਕਿਆਂ ਪੁਰਾਣੀਆਂ ਹੋਰ ਸਮੱਸਿਆਵਾਂ ਦੇ ਹੱਲ ਸਮੇਤ ਚੂਹਿਆਂ ਦੀ ਸਮੱਸਿਆ ਦਾ ਵੀ ਹੱਲ ਕੀਤਾ ਹੈ ਅਤੇ ਹੁਣ ਇੱਥੇ ਘੁੰਮਦੇ ਅਵਾਰਾ ਕੁੱਤਿਆਂ ਦਾ ਮਸਲਾ ਵੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਕਾਰਜਵਿਧੀ ‘ਤੇ ਕੰਮ ਕਰਕੇ ਹੱਲ ਕੀਤਾ ਜਾਵੇਗਾ।
ਡਾ. ਬਲਬੀਰ ਸਿੰਘ ਨੇ ਪਸ਼ੂ ਪ੍ਰੇਮੀਆਂ ਤੇ ਖਾਸ ਕਰਕੇ ਅਵਾਰਾ ਕੁੱਤਿਆਂ ਨੂੰ ਪਿਆਰ ਕਰਨ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਕੁੱਤਿਆਂ ਨੂੰ ਹਸਪਤਾਲਾਂ ਵਿੱਚੋਂ ਬਾਹਰ ਕਰਨ ਲਈ ਸਰਕਾਰ ਦੀ ਮਦਦ ਕਰਨ, ਕਿਉਂਕਿ ਹਸਪਤਾਲਾਂ ‘ਚ ਕੁੱਤਿਆਂ ਦਾ ਰਹਿਣਾ ਮਰੀਜਾਂ ਤੇ ਉਨ੍ਹਾਂ ਦੇ ਵਾਰਸਾਂ ਲਈ ਖ਼ਤਰੇ ਤੋਂ ਖਾਲੀ ਨਹੀਂ ਹੈ।