ਜ਼ਿਲ੍ਹਾ ਮੈਜਿਸਟਰੇਟ ਨੇ ਸਤਲੁਜ਼ ਦਰਿਆ ਨਾਲ ਲੱਗਦੇ ਪਿੰਡਾਂ ਦੇ ਸਕੂਲਾਂ ਨੂੰ 28 ਅਗਸਤ 2025 ਤੱਕ ਐਲਾਨੀਆਂ ਛੁੱਟੀਆਂ

(Rajinder Kumar) ਫਾਜ਼ਿਲਕਾ, 26 ਅਗਸਤ 2025: ਜ਼ਿਲ੍ਹਾ ਮੈਜਿਸਟਰੇਟ ਅਮਰਪ੍ਰੀਤ ਕੌਰ ਸੰਧੂ ਆਈ.ਏ.ਐਸ. ਨੇ ਬੱਚਿਆਂ ਦੀ ਸੁਰੱਖਿਆ ਅਤੇ ਹੜ੍ਹ ਦੀ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਹੋਇਆ ਸਤਲੁਜ਼ ਦਰਿਆ ਨਾਲ ਲੱਗਦੇ ਪਿੰਡਾਂ ਦੇ ਸਾਰੇ ਸਰਕਾਰੀ/ਪ੍ਰਾਈਵੇਟ/ਅਰਧ ਸਰਕਾਰੀ/ਮਾਨਤਾ ਪ੍ਰਾਪਤ ਸਕੂਲਾਂ ਨੂੰ 28 ਅਗਸਤ 2025 ਤੱਕ ਛੁੱਟੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਸੂਬੇ ਅੰਦਰ ਭਾਰੀ ਬਾਰਸ਼ਾਂ ਆਉਣ ਕਾਰਨ ਜ਼ਿਲ੍ਹਾ ਫਾਜ਼ਿਲਕਾ ਵਿਚ ਪੈਂਦੇ ਸਤਲੁਜ਼ ਦਰਿਆ ਵਿਚ ਬਹੁਤ ਜ਼ਿਆਦਾ ਪਾਣੀ ਆਉਣ ਕਾਰਨ ਹੜ੍ਹਾਂ ਦੀ ਸਥਿਤੀ ਪੈਦਾ ਹੋ ਗਈ ਹੈ। ਇਸ ਕਰਕੇ ਸਤਲੁਜ਼ ਦਰਿਆ ਨਾਲ ਲੱਗਦੇ ਪਿੰਡ ਮੁਹਾਰ ਜਮਸ਼ੇਰ, ਤੇਜਾ ਰੁਹੇਲਾ, ਚੱਕ ਰੁਹੇਲਾ, ਦੋਨਾ ਨਾਨਕਾ, ਢਾਣੀ ਲਾਭ ਸਿੰਘ, ਮਹਾਤਮ ਨਗਰ, ਰਾਮ ਸਿੰਘ ਭੈਣੀ, ਝੰਗੜ ਭੈਣੀ, ਰੇਤੇ ਵਾਲੀ ਭੈਣੀ, ਗੱਟੀ ਨੰਬਰ 1, ਵੱਲੇ ਸ਼ਾਹ ਹਿੱਠਾੜ (ਗੁਲਾਬਾ ਭੈਣੀ), ਢਾਣੀ ਸੱਦਾ ਸਿੰਘ, ਗੁੱਦੜ ਭੈਣੀ, ਘੂਰਕਾ, ਢਾਣੀ ਮੋਹਣਾ ਰਾਮ, ਵੱਲੇ ਸ਼ਾਹ ਉਤਾੜ (ਨੂਰਸ਼ਾਹ) ਦੀਆਂ ਢਾਣੀਆਂ, ਮੁਹਾਰ ਖੀਵਾ, ਮੁਹਾਰ ਸੋਨਾ, ਮੁਹਾਰ ਖੀਵਾ ਭਵਾਨੀ, ਰੇਤੇ ਵਾਲੀ ਢਾਣੀ (ਮੁਹਾਰ ਜਮਸ਼ੇਰ) ਵਿਚ ਕਾਫੀ ਮਾਤਰਾ ਵਿਚ ਪਾਣੀ ਆ ਗਿਆ ਹੈ ਜਿਸ ਕਰਕੇ ਦੂਰ ਦਰਾਡੇ ਤੋਂ ਆਉਂਦੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੂੰ ਸਕੁਲ ਪਹੁੰਚਣ ਵਿਚ ਮੁਸ਼ਕਿਲ ਦਾ ਸਾਹਮਣਾ ਕਰਨਾਂ ਪੈ ਰਿਹਾ ਹੈ, ਜਿਸ ਕਰਕੇ ਕੋਈ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ।
ਇਹ ਹੁਕਮ ਇਨ੍ਹਾਂ ਸਕੂਲਾਂ ਦੇ ਅਧਿਆਪਕਾਂ/ਸਟਾਫ *ਤੇ ਲਾਗੂ ਨਹੀਂ ਹੋਵੇਗਾ ਅਤੇ ਨਾ ਹੀ ਉਨ੍ਹਾਂ ਵਿਦਿਆਰਥੀਆਂ *ਤੇ ਲਾਗੂ ਹੋਵੇਗਾ, ਜਿਨ੍ਹਾਂ ਦੇ ਪ੍ਰੀਖਿਆ ਕੇਂਦਰ ਇਨ੍ਹਾਂ ਪਿੰਡਾਂ ਦੇ ਸਕੂਲਾਂ ਵਿਚ ਬਣਿਆ ਹੋਇਆ ਹੈ।