ਦੇਸ਼ ਦੇ ਅੰਨ ਭੰਡਾਰ ਭਰਨ ਵਾਲੇ ਪੰਜਾਬੀ ਹੜ੍ਹਾਂ ਦੀ ਮਾਰ ਹੇਠ ਤੇ ਕੇਂਦਰ ਸਰਕਾਰ 32 ਲੱਖ ਲੋਕਾਂ ਦਾ ਰਾਸ਼ਨ ਬੰਦ ਕਰਨ ਦਾ ਮਨਸੂਬਾ ਬਣਾ ਰਹੀ ਹੈ-ਡਾ: ਬਲਬੀਰ ਸਿੰਘ

– ਸਿਹਤ ਮੰਤਰੀ ਨੇ ਕਿਹਾ, ਕੇਂਦਰ ਸਰਕਾਰ ਦੇ ਮੰਤਰੀ ਆ ਕੇ ਜਮੀਨੀ ਹਕੀਕਤਾਂ ਸਮਝਣ ਨਾ ਕਿ ਏਸੀ ਕਮਰਿਆਂ ਵਿਚ ਬੈਠ ਲੋਕ ਵਿਰੋਧੀ ਫੈਸਲੇ ਕਰਨ
– ਪੰਜਾਬ ਦੇ ਸਰਹੱਦੀ ਖੇਤਰਾਂ ਲਈ ਵਿਸੇਸ਼ ਕੇਂਦਰੀ ਪੈਕੇਜ ਦੀ ਕੀਤੀ ਮੰਗ
(Rajinder Kumar) ਫਾਜ਼ਿਲਕਾ, 24 ਅਗਸਤ 2025: ਦੇਸ਼ ਦੇ ਅੰਨ ਭੰਡਾਰ ਭਰਨ ਵਾਲੇ ਪੰਜਾਬੀ ਹੜ੍ਹਾਂ ਦੀ ਮਾਰ ਝੱਲ ਰਹੇ ਹਨ ਤੇ ਭਾਜਪਾ ਦੀ ਕੇਂਦਰ ਸਰਕਾਰ ਪੰਜਾਬ ਦੇ 32 ਲੱਖ ਲੋਕਾਂ ਦਾ ਚੁੱਲ੍ਹਾ ਬੰਦ ਕਰਨ ਦੇ ਮਨਸੂਬੇ ਬਣਾ ਰਹੀ ਹੈ । ਇਹ ਗੱਲ ਅੱਜ ਇੱਥੇ ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਆਖੀ।
ਸਿਹਤ ਮੰਤਰੀ ਨੇ ਕਿਹਾ ਕਿ ਵੋਟ ਚੋਰੀ, ਡਾਟਾ ਚੋਰੀ ਅਤੇ ਪਾਣੀ ਚੋਰੀ ਤੋਂ ਬਾਅਦ ਹੁਣ ਕੇਂਦਰ ਦੀ ਸਰਕਾਰ ਪੰਜਾਬ ਦੇ ਲੋੜਵੰਦ ਲੋਕਾਂ ਦਾ ਰਾਸ਼ਨ ਚੋਰੀ ਕਰਨ ਤੇ ਉਤਰ ਆਈ ਹੈ। ਉਨ੍ਹਾਂ ਨੇ ਕੇਵਾਈਸੀ ਅਤੇ ਤਰਕਹੀਣ ਕਾਰਨਾਂ ਦੇ ਨਾਂਅ ਤੇ ਪੰਜਾਬ ਦੇ ਲੋਕਾਂ ਦੇ ਰਾਸ਼ਨ ਕਾਰਡ ਕੱਟਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਲੋਕਾਂ ਨਾਲ ਡੱਟ ਕੇ ਖੜ੍ਹੀ ਹੈ ਅਤੇ ਕਿਸੇ ਵੀ ਹਾਲਤ ਵਿਚ ਕੇਂਦਰ ਸਰਕਾਰ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ।
ਸਿਹਤ ਮੰਤਰੀ ਨੇ ਕਿਹਾ ਕਿ ਜੁਲਾਈ ਵਿਚ ਕੇਂਦਰ ਸਰਕਾਰ ਨੇ ਪੰਜਾਬ ਦੇ 23 ਲੱਖ ਲੋਕਾਂ ਦੇ ਨਾਂਅ ਰਾਸ਼ਨ ਸੂਚੀ ਵਿਚੋਂ ਕੱਟ ਦਿੱਤੇ ਅਤੇ ਹੁਣ ਸਤੰਬਰ ਵਿਚ 32 ਲੱਖ ਹੋਰ ਗਰੀਬ ਲੋਕਾਂ ਦਾ ਰਾਸ਼ਨ ਬੰਦ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਭ ਤਦ ਹੋ ਰਿਹਾ ਹੈ ਜਦ ਕਿ ਇਹ ਸਾਰੇ ਕਾਰਡ ਅਕਾਲੀ ਭਾਜਪਾ ਤੇ ਕਾਂਗਰਸ ਸਰਕਾਰ ਵੇਲੇ ਬਣੇ ਸੀ ਅਤੇ ਤਦ ਕਿਸੇ ਨੂੰ ਨਹੀਂ ਰੋਕਿਆ ਗਿਆ ਪਰ ਹੁਣ ਆਪ ਸਰਕਾਰ ਨੂੰ ਬਦਨਾਮ ਕਰਨ ਲਈ ਗਰੀਬ ਲੋਕਾਂ ਦਾ ਰਾਸ਼ਨ ਬੰਦ ਕਰਕੇ ਕੇਂਦਰ ਸਰਕਾਰ ਮਨੁੱਖਤਾ ਵਿਰੋਧੀ ਕੰਮ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਇਹ ਸਰਕਾਰ ਵੋਟ ਚੋਰੀ ਕਰ ਰਹੀ ਸੀ। ਫਿਰ ਪੰਜਾਬ ਦੇ ਪਾਣੀਆਂ ਨੂੰ ਚੋਰੀ ਕਰਨਾ ਚਾਹੁੰਦੀ ਸੀ। ਪੰਜਾਬ ਦੇ ਲੋਕਾਂ ਦਾ ਨਿੱਜੀ ਡਾਟਾ ਇਹ ਚੋਰੀ ਕਰ ਰਹੇ ਹਨ ਅਤੇ ਹੁਣ ਪੰਜਾਬ ਦੇ ਗਰੀਬ ਲੋਕਾਂ ਦਾ ਰਾਸ਼ਨ ਚੋਰੀ ਕਰਨ ਦੀ ਯੋਜਨਾ ਕੇਂਦਰ ਦੀ ਭਾਜਪਾ ਸਰਕਾਰ ਬਣਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਪੰਜਾਬ ਸਰਹੱਦੀ ਸੂਬਾ ਹੋਣ ਕਾਰਨ ਗੁਆਂਢੀ ਮੁਲਕ ਨਾਲ ਹੋਣ ਵਾਲੇ ਤਨਾਅ ਦੌਰਾਨ ਦੇਸ਼ ਦੀ ਢਾਲ ਬਣਦਾ ਹੈ ਅਤੇ ਸਾਰਾ ਸੇਕ ਆਪਣੇ ਪਿੰਡੇ ਤੇ ਹੰਢਾਉਂਦਾ ਹੈ ਤੇ ਦੂਜੇ ਪਾਸੇ ਦੇਸ਼ ਦੇ ਅੰਨ ਭੰਡਾਰ ਭਰਨ ਵਾਲਾ ਪੰਜਾਬ ਅੱਜ ਹੜ੍ਹ ਦੇ ਪਾਣੀ ਵਿਚ ਡੁੱਬਿਆ ਹੈ ਪਰ ਇਸ ਮੁਸਕਿਲ ਸਮੇਂ ਲੋਕਾਂ ਦੀ ਮਦਦ ਕਰਨ ਦੀ ਬਜਾਏ ਕੇਂਦਰ ਸਰਕਾਰ ਉਲਟਾ ਪੰਜਾਬ ਦੇ ਲੋਕਾਂ ਦਾ ਰਾਸ਼ਨ ਬੰਦ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਮੌਕਿਆਂ ਤੇ ਤਾਂ ਲੋਕ ਰਾਸ਼ਨ ਦਿੰਦੇ ਹਨ ਅਤੇ ਭਾਜਪਾ ਸਰਕਾਰ ਰਾਸ਼ਨ ਖੋਹਣ ਜਾ ਰਹੀ ਹੈ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਇਸ ਲੋਕ ਵਿਰੋਧੀ ਨੀਤੀ ਤੇ ਪੁਨਰਵਿਚਾਰ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਚੰਗਾ ਹੋਵੇ ਕਿ ਜਿਸ ਤਰਾਂ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਤੇ ਸਾਰੇ ਮੰਤਰੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਲੋਕਾਂ ਦੀ ਸਾਰ ਲੈ ਰਹੇ ਹਨ ਕੇਂਦਰ ਦੇ ਮੰਤਰੀ ਵੀ ਆਉਣ। ਉਨ੍ਹਾਂ ਨੇ ਕਿਹਾ ਕਿ ਏਸੀ ਕਮਰਿਆਂ ਵਿਚ ਨੀਤੀਆਂ ਨਹੀਂ ਬਣਦੀਆਂ ਇਸ ਲਈ ਲੋਕਾਂ ਵਿਚ ਆਉਣਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੇਂਦਰ ਦੇ ਮੰਤਰੀ ਗਰਾਉਂਡ ਤੇ ਆਉਣ ਤਾਂ ਉਨ੍ਹਾਂ ਨੂੰ ਲੋਕਾਂ ਦੀ ਤਕਲੀਫ ਦਾ ਅਹਿਸਾਸ ਹੋਵੇ।
ਡਾ: ਬਲਬੀਰ ਸਿੰਘ ਨੇ ਕਿਹਾ ਕਿ ਸਰਹੱਦੀ ਇਲਾਕੇ ਦੇ ਲੋਕ ਬਹੁਤ ਦੁਸ਼ਵਾਰੀਆਂ ਝੱਲ ਕੇ ਦੇਸ਼ ਦੀਆਂ ਸਰਹੱਦਾਂ ਤੇ ਰਹਿ ਕੇ ਆਪਣੀ ਫੌਜ ਦੀ ਮਦਦ ਕਰਦੇ ਹਨ। ਉਨ੍ਹਾਂਨੇ ਕਿਹਾ ਕਿ ਸਰਹੱਦੀ ਇਲਾਕਿਆਂ ਲਈ ਵਿਸੇਸ਼ ਪੈਕੇਜ ਕੇਂਦਰ ਸਰਕਾਰ ਨੂੰ ਦੇਣਾ ਚਾਹੀਦਾ ਹੈ। ਡਾ: ਬਲਬੀਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਇੰਨ੍ਹਾਂ ਪੰਜਾਬ ਵਿਰੋਧੀ ਯੋਜਨਾਵਾਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਪੰਜਾਬ ਸਰਕਾਰ ਆਪਣੇ ਲੋਕਾਂ ਦੇ ਹਿੱਤਾਂ ਦੀ ਡੱਟ ਕੇ ਰੱਖਿਆ ਕਰੇਗੀ। ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ, ਜ਼ਿਲ੍ਹਾਂ ਪ੍ਰਧਾਨ ਸ੍ਰੀ ਉਪਕਾਰ ਸਿੰਘ ਜਾਖੜ, ਮਾਰਕਿਟ ਕਮੇਟੀ ਫਾਜ਼ਿਲਕਾ ਦੇ ਚੇਅਰਮੈਨ ਪਰਮਜੀਤ ਸਿੰਘ ਨੂਰਸ਼ਾਹ ਵੀ ਉਨ੍ਹਾਂ ਦੇ ਨਾਲ ਹਾਜਰ ਸਨ।
ਬਾਕਸ ਲਈ ਪ੍ਰਸਤਾਵਿਤ
ਕੈਬਨਿਟ ਮੰਤਰੀ ਡਾ: ਬਲਬੀਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਨਿਮਨ ਅਨੁਸਾਰ ਪਹਿਲਾਂ ਲੋਕਾਂ ਦਾ ਰਾਸ਼ਨ ਬੰਦ ਕੀਤਾ ਹੈ।
ਅੰਮ੍ਰਿਤਸਰ-309601
ਗੁਰਦਾਸਪੁਰ-210582
ਤਰਨਤਾਰਨ-154537
ਪਠਾਨਕੋਟ-44036
ਫਾਜ਼ਿਲਕਾ-79666
ਫਿਰੋਜ਼ਪੁਰ-92560
ਇਸੇ ਤਰਾਂ ਸਤੰਬਰ ਤੋਂ ਕੇਂਦਰ ਸਰਕਾਰ ਦੀ ਜੋ ਨਾਂਅ ਕੱਟਣ ਦੀ ਯੋਜਨਾ ਹੈ ਉਸਦੀ ਸਰਹੱਦੀ ਜਿਲ੍ਹਿਆਂ ਦੀ ਗਿਣਤੀ ਨਿਮਨ ਅਨੁਸਾਰ ਹੈ।
ਅੰਮ੍ਰਿਤਸਰ-312350
ਗੁਰਦਾਸਪੁਰ-185570
ਪਠਾਨਕੋਟ-61907
ਤਰਨਤਾਰਨ-146821
ਫਿਰੋਜ਼ਪੁਰ-141032
ਫਾਜ਼ਿਲਕਾ-106030