ਮੰਡਿਆਲਾ ਐਲ.ਪੀ.ਜੀ ਧਮਾਕਾ : ਮੌਤਾਂ ਦੀ ਗਿਣਤੀ 7 ਹੋਈ, ਮੈਜਿਸਟ੍ਰੇਟ ਜਾਂਚ ਦੇ ਹੁਕਮ

– ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਪੀੜਤ ਪਰਿਵਾਰਾਂ ਨੂੰ ਦਿਵਾਇਆ ਮੁਆਵਜ਼ੇ ਦਾ ਭਰੋਸਾ
– ਗੈਸ ਚੋਰੀ ਰੋਕਣ ਅਤੇ ਗੈਰ-ਕਾਨੂੰਨੀ ਵਾਹਨ ਪਾਰਕਿੰਗ ਨੂੰ ਕੰਟਰੋਲ ਕਰਨ ਲਈ ਜ਼ਿਲ੍ਹਾ ਪੱਧਰੀ ਕਮੇਟੀਆਂ ਗਠਿਤ
– ਰਾਹਤ ਕਾਰਜਾਂ ਲਈ ਐਸ.ਡੀ.ਐਮ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਰਾਹਤ ਕਮੇਟੀ ਬਣਾਈ
– ਜ਼ਿਲ੍ਹਾ ਪ੍ਰਸ਼ਾਸਨ ਹਾਦਸੇ ਦੇ ਪੀੜਤਾਂ ਨੂੰ ਇਨਸਾਫ਼ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਗੰਭੀਰ: ਡਿਪਟੀ ਕਮਿਸ਼ਨਰ
(Rajinder Kumar) ਹੁਸ਼ਿਆਰਪੁਰ, 24 ਅਗਸਤ 2025: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜਾਣਕਾਰੀ ਦਿੱਤੀ ਕਿ 22 ਅਗਸਤ ਦੇਰ ਰਾਤ ਹੁਸ਼ਿਆਰਪੁਰ-ਜਲੰਧਰ ਸੜਕ ‘ਤੇ ਸਥਿਤ ਮੰਡਿਆਲਾ ਪਿੰਡ ਵਿਚ ਵਾਪਰੀ ਐਲ.ਪੀ.ਜੀ ਧਮਾਕੇ ਦੀ ਘਟਨਾ ਵਿਚ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 13 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਅਤੇ 3 ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਮ੍ਰਿਤਕਾਂ ਵਿਚ ਸੁਖਜੀਤ ਸਿੰਘ, ਬਲਵੰਤ ਰਾਏ, ਧਰਮਿੰਦਰ ਵਰਮਾ, ਮਨਜੀਤ ਸਿੰਘ, ਵਿਜੇ, ਜਸਵਿੰਦਰ ਕੌਰ ਅਤੇ ਅਰਾਧਨਾ ਵਰਮਾ ਸ਼ਾਮਲ ਹਨ, ਜਦੋਂ ਕਿ ਜ਼ਖਮੀਆਂ ਵਿੱਚ ਹਰਬੰਸ ਲਾਲ, ਅਮਰਜੀਤ ਕੌਰ, ਸੁਖਜੀਤ ਕੌਰ, ਜੋਤੀ, ਗੁਰਮੁਖ ਸਿੰਘ, ਹਰਪ੍ਰੀਤ ਕੌਰ, ਕੁਸੁਮ, ਭਗਵਾਨ ਦਾਸ, ਸੀਤਾ, ਅਜੈ, ਸੰਜੇ, ਰਾਘਵ ਅਤੇ ਪੂਜਾ ਸ਼ਾਮਲ ਹਨ। ਬਲਵੰਤ ਸਿੰਘ, ਸੁਮਨ ਅਤੇ ਲਾਲੀ ਵਰਮਾ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਵਧੀਕ ਡਿਪਟੀ ਕਮਿਸ਼ਨਰ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਨੂੰ 15 ਦਿਨਾਂ ਦੇ ਅੰਦਰ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਗੈਸ ਚੋਰੀ ਦੀਆਂ ਹਾਲ ਹੀ ਵਿਚ ਵਾਪਰੀਆਂ ਘਟਨਾਵਾਂ ਦੇ ਮੱਦੇਨਜ਼ਰ, ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਇਕ ਜ਼ਿਲ੍ਹਾ ਪੱਧਰੀ ਕਮੇਟੀ ਵੀ ਬਣਾਈ ਗਈ ਹੈ।
ਇਸ ਕਮੇਟੀ ਦੀ ਅਗਵਾਈ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਕਰਨਗੇ ਅਤੇ ਕਾਰਜਕਾਰੀ ਇੰਜੀਨੀਅਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸਹਿ-ਚੇਅਰਮੈਨ ਹੋਣਗੇ, ਜਦੋਂ ਕਿ ਪੁਲਿਸ ਵਿਭਾਗ, ਡਿਪਟੀ ਡਾਇਰੈਕਟਰ ਫੈਕਟਰੀਜ਼ ਅਤੇ ਸਬੰਧਤ ਬੀ.ਡੀ.ਪੀ.ਓ ਮੈਂਬਰ ਹੋਣਗੇ। ਇਹ ਕਮੇਟੀ ਜ਼ਿਲ੍ਹੇ ਭਰ ਵਿਚ ਦੋਸ਼ੀਆਂ ਵਿਰੁੱਧ ਚੌਕਸੀ, ਨਿਯਮਿਤ ਨਿਰੀਖਣ ਅਤੇ ਤੁਰੰਤ ਕਾਰਵਾਈ ਨੂੰ ਯਕੀਨੀ ਬਣਾਏਗੀ ਅਤੇ ਤੇਲ ਕੰਪਨੀਆਂ ਅਤੇ ਉਨ੍ਹਾਂ ਦੇ ਵਿਤਰਕਾਂ ਦੁਆਰਾ ਸੁਰੱਖਿਆ ਮਾਪਦੰਡਾਂ ਦੀ ਵੀ ਨਿਗਰਾਨੀ ਕਰੇਗੀ। ਕਮੇਟੀ ਨੂੰ ਤੁਰੰਤ ਕੰਮ ਸ਼ੁਰੂ ਕਰਨ ਅਤੇ ਵੱਧ ਤੋਂ ਵੱਧ ਪੰਜ ਦਿਨਾਂ ਦੇ ਅੰਦਰ ਪਹਿਲੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਇਕ ਵਹੀਕਲ ਰੈਗੂਲੇਸ਼ਨ ਕਮੇਟੀ ਦਾ ਵੀ ਗਠਨ ਕੀਤਾ ਹੈ। ਇਹ ਕਮੇਟੀ ਭਾਰੀ ਵਾਹਨਾਂ ਦੀ ਗੈਰ-ਕਾਨੂੰਨੀ ਪਾਰਕਿੰਗ, ਖਾਸ ਕਰਕੇ ਖ਼ਤਰਨਾਕ ਪਦਾਰਥਾਂ ਨੂੰ ਲੈ ਕੇ ਜਾਣ ਵਾਲੇ ਵਾਹਨਾਂ ਨੂੰ ਰੋਕਣ ਲਈ ਕੰਮ ਕਰੇਗੀ। ਇਸ ਕਮੇਟੀ ਦੀ ਅਗਵਾਈ ਸਬੰਧਤ ਖੇਤਰ ਦੇ ਐਸ.ਡੀ.ਐਮ ਕਰਨਗੇ, ਖੇਤਰੀ ਟਰਾਂਸਪੋਰਟ ਅਥਾਰਟੀ, ਹੁਸ਼ਿਆਰਪੁਰ ਸਹਿ-ਚੇਅਰਮੈਨ ਹੋਣਗੇ ਅਤੇ ਪੁਲਿਸ ਵਿਭਾਗ ਦੇ ਨੁਮਾਇੰਦੇ, ਸਬੰਧਤ ਖੇਤਰ ਦੇ ਐਸ.ਡੀ.ਓ (ਲੋਕ ਨਿਰਮਾਣ ਵਿਭਾਗ-ਰਾਸ਼ਟਰੀ ਰਾਜਮਾਰਗ) ਅਤੇ ਨਗਰ ਪ੍ਰੀਸ਼ਦ ਦੇ ਬੀ.ਡੀ.ਪੀ.ਓ/ਈ.ਓ ਮੈਂਬਰ ਹੋਣਗੇ। ਇਹ ਕਮੇਟੀ ਸੰਵੇਦਨਸ਼ੀਲ ਥਾਵਾਂ ਦੀ ਪਛਾਣ ਕਰੇਗੀ ਅਤੇ ਮੋਟਰ ਵਾਹਨ ਐਕਟ 1988 ਦੇ ਤਹਿਤ ਕਾਰਵਾਈ ਕਰੇਗੀ, ਅਜਿਹੇ ਵਾਹਨਾਂ ਲਈ ਸੁਰੱਖਿਅਤ ਪਾਰਕਿੰਗ ਖੇਤਰਾਂ ਨੂੰ ਨਿਰਧਾਰਤ ਕਰਨ ਅਤੇ ਸੂਚਿਤ ਕਰਨ ਅਤੇ ਗੈਰ-ਕਾਨੂੰਨੀ ਪਾਰਕਿੰਗ ਨੂੰ ਖ਼ਤਮ ਕਰਨ ਲਈ ਸਥਾਨਕ ਸੰਸਥਾਵਾਂ ਨਾਲ ਤਾਲਮੇਲ ਕਰੇਗੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਐਸ.ਡੀ.ਐਮ ਹੁਸ਼ਿਆਰਪੁਰ ਦੀ ਪ੍ਰਧਾਨਗੀ ਹੇਠ ਇਕ ਰਾਹਤ ਕਮੇਟੀ ਵੀ ਬਣਾਈ ਹੈ, ਜਦੋਂ ਕਿ ਇਸ ਦੇ ਮੈਂਬਰ ਕਾਰਜਕਾਰੀ ਇੰਜੀਨੀਅਰ (ਪੀ.ਡਬਲਯੂ.ਡੀ. ਬੀ ਐਂਡ ਆਰ), ਕਾਰਜਕਾਰੀ ਇੰਜੀਨੀਅਰ (ਪੀ ਪੀ ਸੀ ਬੀ), ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਅਤੇ ਸੁਪਰਡੈਂਟ ਐਮ.ਏ. ਸ਼ਾਖਾ ਹੋਣਗੇ। ਕਮੇਟੀ ਦੀ ਮੁੱਖ ਜ਼ਿੰਮੇਵਾਰੀ ਸਾਰੇ ਪ੍ਰਭਾਵਿਤ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਸਰਕਾਰ ਦੇ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੁਰੰਤ ਰਾਹਤ ਪ੍ਰਬੰਧਾਂ ਨੂੰ ਯਕੀਨੀ ਬਣਾਉਣਾ, ਵਿੱਤੀ ਸਹਾਇਤਾ, ਸਮੱਗਰੀ ਰਾਹਤ ਅਤੇ ਡਾਕਟਰੀ ਸਹਾਇਤਾ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਵੰਡਣਾਂ ਅਤੇ ਪ੍ਰਭਾਵਿਤਾਂ ਦੇ ਜ਼ਰੂਰੀ ਦਸਤਾਵੇਜ਼ਾਂ ਦੀ ਤੁਰੰਤ ਤਸਦੀਕ ਕਰਕੇ ਰਾਹਤ ਲਾਭ ਪ੍ਰਦਾਨ ਕਰਨਾ ਹੈ।
ਇਸ ਤੋਂ ਇਲਾਵਾ ਕਮੇਟੀ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਸਾਰੇ ਸਬੰਧਤ ਵਿਭਾਗਾਂ ਨਾਲ ਸਹੀ ਤਾਲਮੇਲ ਸਥਾਪਿਤ ਕਰਕੇ ਸਮੇਂ ਸਿਰ ਸਹਾਇਤਾ ਅਤੇ ਜ਼ਰੂਰੀ ਚੀਜ਼ਾਂ ਮਿਲਣ। ਕਮੇਟੀ ਨੂੰ ਹਦਾਇਤ ਕੀਤੀ ਗਈ ਹੈ ਕਿ ਰਾਹਤ ਕਾਰਜਾਂ ਵਿਚ ਪੂਰੀ ਪਾਰਦਰਸ਼ਤਾ ਅਤੇ ਜਵਾਬਦੇਹੀ ਬਣਾਈ ਰੱਖਦੇ ਹੋਏ ਕੋਈ ਵੀ ਯੋਗ ਪੀੜਤ ਜਾਂ ਪਰਿਵਾਰ ਰਾਹਤ ਲਾਭਾਂ ਤੋਂ ਵਾਂਝਾ ਨਾ ਰਹੇ ਅਤੇ ਇਸ ਸਬੰਧੀ ਇਕ ਵਿਸਤ੍ਰਿਤ ਪਾਲਣਾ ਰਿਪੋਰਟ ਪੰਜ ਦਿਨਾਂ ਦੇ ਅੰਦਰ ਜਮ੍ਹਾ ਕੀਤੀ ਜਾਵੇ।
ਇਸ ਦੌਰਾਨ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅੱਜ ਐਸ.ਐਸ.ਪੀ ਸੰਦੀਪ ਕੁਮਾਰ ਮਲਿਕ ਅਤੇ ਐਸ.ਡੀ.ਐਮ ਹੁਸ਼ਿਆਰਪੁਰ ਗੁਰਸਿਮਰਨਜੀਤ ਕੌਰ ਦੇ ਨਾਲ ਮੰਡਿਆਲਾ ਪਹੁੰਚੇ ਅਤੇ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਾਦਸੇ ਤੋਂ ਪ੍ਰਭਾਵਿਤ ਹਰੇਕ ਪਰਿਵਾਰ ਨੂੰ ਪੂਰਾ ਇਨਸਾਫ਼ ਅਤੇ ਢੁਕਵਾਂ ਮੁਆਵਜ਼ਾ ਦੇਣ ਲਈ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਅਤੇ ਗੰਭੀਰ ਜ਼ਖਮੀਆਂ ਲਈ ਮੁਆਵਜ਼ੇ ਨਾਲ ਸਬੰਧਤ ਕੇਸ ਪਹਿਲ ਦੇ ਆਧਾਰ ‘ਤੇ ਭੇਜੇ ਜਾ ਰਹੇ ਹਨ ਅਤੇ ਅਧਿਕਾਰੀਆਂ ਨੂੰ ਨੁਕਸਾਨ ਦਾ ਮੁਲਾਂਕਣ ਕਰਨ ਵਿਚ ਪੂਰੀ ਤੇਜ਼ੀ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।