ਵਿਧਾਇਕ ਬੱਗਾ ਵੱਲੋਂ ਵਾਰਡ ਨੰਬਰ 87 ‘ਚ ਸੜਕਾਂ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ

– ਇਲਾਕਾ ਨਿਵਾਸੀਆਂ ਨੇ ਧੰਨਵਾਦ ਕਰਦਿਆਂ, ਵਿਧਾਇਕ ਬੱਗਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ
(Rajinder Kumar) ਲੁਧਿਆਣਾ, 22 ਅਗਸਤ 2025: ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ ਵਾਰਡ ਨੰਬਰ 87 ਅਧੀਨ ਕਾਰਾਬਾਰ ਰੋਡ ਦੀਆਂ ਲੰਬੀਆਂ ਗਲੀਆਂ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਕੌਂਸਲਰ ਅਮਨ ਬੱਗਾ, ਕੌਂਸਲਰ ਹਰਜਿੰਦਰ ਬਾਲੀ, ਜਸਪਾਲ ਸਿੰਘ ਬੌਨੀ, ਵਿਕਰਮ ਚੋਪੜਾ, ਬਿੱਟੂ ਰਾਣਾ ਤੇ ਹੋਰ ਇਲਾਕਾ ਨਿਵਾਸੀ ਵੀ ਮੌਜੂਦ ਸਨ।
ਵਿਧਾਇਕ ਬੱਗਾ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਰਕਾਰ ਲੋਕਾਂ ਨੂੰ ਮਿਆਰੀ ਸਿੱਖਿਆ, ਸਿਹਤ ਸੇਵਾਵਾਂ ਅਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿੱਚ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਲਕੇ ਵਿੱਚ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਸਥਾਨਕ ਵਸਨੀਕਾਂ ਨਾਲ ਕੀਤੇ ਵਾਅਦਿਆਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਕਾਰਾਬਾਰ ਰੋਡ ਦੀਆਂ ਇਨ੍ਹਾ ਸੜਕਾਂ ਦੀ ਹਾਲਤ ਬੇਹੱਦ ਖਸਤਾ ਬਣੀ ਹੋਈ ਸੀ ਅਤੇ ਬਰਸਾਤੀ ਮੌਸਮ ਦੌਰਾਨ ਰਾਹਗੀਰਾਂ ਨੂੰ ਲੰਘਣਾ ਮੁਸ਼ਕਿਲ ਹੋ ਜਾਂਦਾ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਗਲੀਆਂ ਦੇ ਨਿਰਮਾਣ ਨਾਲ ਆਵਾਜਾਈ ਸੁਖਾਵੀਂ ਹੋਵੇਗੀ ਤੇ ਵਿਕਾਸ ਦਾ ਰਾਹ ਪੱਧਰਾ ਹੋਵੇਗਾ। ਇਲਾਕਾ ਨਿਵਾਸੀਆਂ ਵੱਲੋਂ ਆਪਣੇ ਹਰਦਿਲ ਅਜੀਜ ਤੇ ਹਰਮਨ ਪਿਆਰੇ ਵਿਧਾਇਕ ਮਦਨ ਲਾਲ ਬੱਗਾ ਦਾ ਇਨ੍ਹਾ ਵਿਕਾਸ ਕਾਰਜ਼ਾਂ ਲਈ ਧੰਨਵਾਦ ਕਰਦਿਆਂ ਵਿਸ਼ੇਸ਼ ਸਨਮਾਨ ਵੀ ਕੀਤਾ।