ਰੈੱਡ ਕਰਾਸ ਸੋਸਾਇਟੀ ਨੇ ਐਕਟ ਹਿਊਮਨ ਸੋਸਾਇਟੀ ਦੇ ਸਹਿਯੋਗ ਨਾਲ ਲਗਾਇਆ ਨਕਲੀ ਅੰਗ ਲਗਾਉਣ ਸਬੰਧੀ ਮੁਫ਼ਤ ਕੈਂਪ

– ਡਿਪਟੀ ਕਮਿਸ਼ਨਰ ਨੇ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
– ਕੈਂਪ ਦੌਰਾਨ 22 ਲਾਭਪਾਤਰੀਆਂ ਨੂੰ ਮੌਕੇ ‘ਤੇ ਲਗਾਏ ਗਏ ਨਕਲੀ ਅੰਗ
(Rajinder Kumar) ਹੁਸ਼ਿਆਰਪੁਰ, 22 ਅਗਸਤ 2025: ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਚਲਾਈ ਜਾ ਰਹੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦਾ ਮੁੱਖ ਉਦੇਸ਼ ਲੋੜਵੰਦ, ਗਰੀਬ, ਸਰੀਰਕ ਤੌਰ ‘ਤੇ ਦਿਵਿਆਂਗ ਅਤੇ ਵਿਧਵਾ ਔਰਤਾਂ ਦੀ ਮਦਦ ਕਰਨਾ ਹੈ। ਇਸ ਉਦੇਸ਼ ਨੂੰ ਪੂਰਾ ਕਰਨ ਲਈ ਸਮੇਂ-ਸਮੇਂ ‘ਤੇ ਰੈੱਡ ਕਰਾਸ ਸੋਸਾਇਟੀ ਜਨਤਕ ਸੇਵਾਵਾਂ ਪ੍ਰਦਾਨ ਕਰਨ ਲਈ ਵੱਖ-ਵੱਖ ਥਾਵਾਂ ‘ਤੇ ਕੈਂਪ ਲਗਾਉਂਦੀ ਹੈ।
ਇਸੇ ਸਬੰਧ ਵਿਚ ਸੁਸਾਇਟੀ ਵੱਲੋਂ ਐਕਟ ਹਿਊਮਨ ਸੋਸਾਇਟੀ, ਲੁਧਿਆਣਾ ਦੇ ਸਹਿਯੋਗ ਨਾਲ ਰੈੱਡ ਕਰਾਸ ਦਫ਼ਤਰ ਵਿਖੇ ਨਕਲੀ ਅੰਗ ਫਿੱਟ ਕਰਨ ਲਈ ਇਕ ਮੁਫ਼ਤ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਐਕਟ ਹਿਊਮਨ ਸੋਸਾਇਟੀ ਦੇ ਸੰਸਥਾਪਕ ਹਰਲੀਨ ਕੌਰ, ਜਨਰਲ ਮੈਨੇਜਰ ਦੀਪ ਕਾਲੜਾ, ਫੂਪਰੋ ਮੋਹਾਲੀ ਦੇ ਸੰਸਥਾਪਕ ਨਿਮਿਸ਼ ਮਹਿਰਾ, ਗਿਆਨ ਸਿੰਘ ਅਤੇ ਸੁਰਿੰਦਰ ਕੌਰ ਐਨ.ਆਰ.ਆਈ (ਕੈਨੇਡਾ) ਦੀ ਸਹਾਇਤਾ ਨਾਲ 21 ਲਾਭਪਾਤਰੀਆਂ ਨੂੰ ਮੁਫਤ ਪ੍ਰੋਸਥੈਟਿਕ ਅੰਗ ਪ੍ਰਦਾਨ ਕੀਤੇ ਗਏ। ਇਹ ਉਹ ਲਾਭਪਾਤਰੀ ਸਨ, ਜਿਨ੍ਹਾਂ ਦੀ ਇਕ ਜਾਂ ਦੋਵੇਂ ਲੱਤਾਂ ਕਿਸੇ ਦੁਰਘਟਨਾ ਜਾਂ ਹੋਰ ਕਾਰਨਾਂ ਕਰਕੇ ਕੱਟੀਆਂ ਗਈਆਂ ਸਨ। ਇਸ ਤੋਂ ਪਹਿਲਾਂ ਇਨ੍ਹਾਂ 21 ਲਾਭਪਾਤਰੀਆਂ ਦੀ ਪਛਾਣ ਕਰਨ ਲਈ 7 ਅਗਸਤ ਨੂੰ ਇਕ ਕੈਂਪ ਲਗਾਇਆ ਗਿਆ ਸੀ, ਜਿਸ ਵਿੱਚ ਉਨ੍ਹਾਂ ਦੇ ਮਾਪ ਲਏ ਗਏ ਸਨ ਅਤੇ ਨਕਲੀ ਅੰਗ ਤਿਆਰ ਕੀਤੇ ਗਏ ਸਨ।
ਇਸ ਦੌਰਾਨ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਐਕਟ ਹਿਊਮਨ ਸੋਸਾਇਟੀ ਲੁਧਿਆਣਾ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੀ ਰੈੱਡ ਕਰਾਸ ਸੋਸਾਇਟੀ ਭਵਿੱਖ ਵਿਚ ਵੀ ਅਜਿਹੇ ਕੈਂਪ ਲਗਾ ਕੇ ਸਰੀਰਕ ਤੌਰ ‘ਤੇ ਦਿਵਿਆਂਗ ਲੋਕਾਂ ਦੀ ਮਦਦ ਕਰਦੀ ਰਹੇਗੀ। ਉਨ੍ਹਾਂ ਨੇ ਰੈੱਡ ਕਰਾਸ ਦਾ ਸਮਰਥਨ ਕਰਨ ਲਈ ਐਕਟ ਹਿਊਮਨ ਸੋਸਾਇਟੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਨ੍ਹਾਂ ਪ੍ਰੋਸਥੈਟਿਕ ਅੰਗਾਂ ਦੇ ਕਾਰਨ ਇਹ ਲਾਭਪਾਤਰੀ ਹੁਣ ਇਕ ਆਮ ਜੀਵਨ ਜੀਅ ਸਕਣਗੇ ਅਤੇ ਆਪਣੀ ਰੋਜ਼ੀ-ਰੋਟੀ ਕਮਾ ਸਕਣਗੇ। ਇਸ ਤੋਂ ਇਲਾਵਾ ਨਕਲੀ ਅੰਗ ਇਨ੍ਹਾਂ ਲਾਭਪਾਤਰੀਆਂ ਦੇ ਆਤਮ-ਵਿਸ਼ਵਾਸ ਨੂੰ ਵੀ ਵਧਾਉਣਗੇ।
ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਮੰਗੇਸ਼ ਸੂਦ ਨੇ ਕਿਹਾ ਕਿ ਇਸ ਮੌਕੇ ‘ਤੇ ਨਕਲੀ ਲੱਤਾਂ ਦਾ ਲਾਭ ਲੈਣ ਵਾਲੇ ਲਾਭਪਾਤਰੀ ਬਹੁਤ ਖੁਸ਼ ਸਨ। ਉਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਪਣੀ ਖੁਸ਼ੀ ਪ੍ਰਗਟ ਕੀਤੀ। ਇਕ ਮਹਿਲਾ ਲਾਭਪਾਤਰੀ ਨੇ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ 2002 ਵਿਚ ਇਕ ਹਾਦਸੇ ਕਾਰਨ ਉਸਦੀਆਂ ਦੋਵੇਂ ਲੱਤਾਂ ਕੱਟ ਦਿੱਤੀਆਂ ਗਈਆਂ ਸਨ। ਇਸ ਕੈਂਪ ਰਾਹੀਂ ਹੀ ਉਨ੍ਹਾਂ ਨੂੰ ਨਕਲੀ ਅੰਗ ਮਿਲੇ ਹਨ। ਉਨ੍ਹਾਂ ਹੁਸ਼ਿਆਰਪੁਰ ਦੇ ਸਾਰੇ ਦਾਨੀ ਲੋਕਾਂ ਅਤੇ ਆਮ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਅਜਿਹੇ ਕੈਂਪ ਲਗਾਉਣ ਲਈ ਰੈੱਡ ਕਰਾਸ ਸੋਸਾਇਟੀ ਨੂੰ ਆਪਣਾ ਸਮਰਥਨ ਦੇਣ ਤਾਂ ਜੋ ਲੋੜਵੰਦਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਸਕਣ। ਇਸ ਮੌਕੇ ਸਹਾਇਕ ਕਮਿਸ਼ਨਰ ਓਇਸ਼ੀ ਮੰਡਲ, ਉਪ ਪ੍ਰਧਾਨ ਰਾਜੀਵ ਬਜਾਜ ਅਤੇ ਰੈੱਡ ਕਰਾਸ ਸਟਾਫ਼ ਮੈਂਬਰ ਮੌਜੂਦ ਸਨ।