ਨਵਜੋਤ ਕੌਰ ਨੇ ਬਤੌਰ ਡਿਪਟੀ ਕਮਿਸ਼ਨਰ ਮਾਨਸਾ ਅਹੁਦਾ ਸੰਭਾਲਿਆ

– ਸਰਕਾਰ ਦੀਆਂ ਮੁਹਿੰਮਾਂ ਨੂੰ ਪਹਿਲਕਦਮੀ ਨਾਲ ਅਮਲ ਵਿਚ ਲਿਆਂਦਾ ਜਾਵੇਗਾ-ਨਵਜੋਤ ਕੌਰ
(Rajinder Kumar) ਮਾਨਸਾ, 22 ਅਗਸਤ 2025: ਪੰਜਾਬ ਸਰਕਾਰ ਵੱਲੋਂ ਚਲਾਈਆਂ ਗਈਆਂ ਵੱਖ ਵੱਖ ਮੁਹਿੰਮਾਂ ਨੂੰ ਪਹਿਲਕਦਮੀ ਨਾਲ ਅਮਲ ਵਿਚ ਲਿਆਂਦਾ ਜਾਵੇਗਾ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀਮਤੀ ਨਵਜੋਤ ਕੌਰ ਵੱਲੋਂ ਬਤੌਰ ਡਿਪਟੀ ਕਮਿਸ਼ਨਰ ਮਾਨਸਾ ਵਿਖੇ ਆਪਣਾ ਅਹੁਦਾ ਸੰਭਾਲਣ ਮੌਕੇ ਕੀਤਾ।
ਸ੍ਰੀਮਤੀ ਨਵਜੋਤ ਕੌਰ 2018 ਬੈਚ ਦੇ ਆਈ.ਏ.ਐਸ. ਅਧਿਕਾਰੀ ਹਨ ਜੋ ਕਿ ਇਸ ਤੋਂ ਪਹਿਲਾਂ ਵਧੀਕ ਸਕੱਤਰ ਪ੍ਰਸੋਨਲ ਵਿਭਾਗ ਅਤੇ ਵਾਧੂ ਚਾਰਜ ਡਾਇਰੈਕਟਰ ਆਬਕਾਰੀ ਦੇ ਤੌਰ ‘ਤੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ। ਬਤੌਰ ਡਿਪਟੀ ਕਮਿਸ਼ਨਰ ਜ਼ਿਲ੍ਹਾ ਮਾਨਸਾ ਵਿਖੇ ਉਨ੍ਹਾਂ ਦੀ ਪਹਿਲੀ ਤਾਇਨਾਤੀ ਹੈ।
ਕਾਰਜਭਾਗ ਸੰਭਾਲਣ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਨੇ ਕਿਹਾ ਕਿ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਸੁਖਾਲੇ ਢੰਗ ਨਾਲ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਤਰਜੀਹ ਰਹੇਗੀ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਵੀ ਇਹ ਆਦੇਸ਼ ਦਿੱਤੇ ਜਾਣਗੇ ਕਿ ਕਿਸੇ ਵੀ ਨਾਗਰਿਕ ਨੂੰ ਸਰਕਾਰੀ ਦਫ਼ਤਰਾਂ ਵਿਚ ਆਪਣਾ ਕੰਮ ਕਰਵਾਉਣ ਮੌਕੇ ਕਿਸੇ ਪ੍ਰਕਾਰ ਦੀ ਦਿੱਕਤ ਪੇਸ਼ ਨਾ ਆਵੇ ਅਤੇ ਨਾਗਰਿਕਾਂ ਦਾ ਮਾਣ ਸਨਮਾਨ ਬਰਕਰਾਰ ਰੱਖਿਆ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਆਕਾਸ਼ ਬਾਂਸਲ, ਸਹਾਇਕ ਕਮਿਸ਼ਨਰ ਗੁਰਲੀਨ ਕੌਰ (ਸਿਖਲਾਈ ਅਧੀਨ), ਐਸ.ਡੀ.ਐਮ. ਮਾਨਸਾ ਤੇ ਸਰਦੂਲਗੜ੍ਹ ਕਾਲਾ ਰਾਮ ਕਾਂਸਲ, ਐਸ.ਡੀ.ਐਮ. ਬੁਢਲਡਾ ਗਗਨਦੀਪ ਸਿੰਘ, ਕਪਤਾਨ ਪੁਲਿਸ ਮਨਮੋਹਨ ਸਿੰਘ ਔਲਖ ਤੋਂ ਇਲਾਵਾ ਦਫ਼ਤਰ ਡਿਪਟੀ ਕਮਿਸ਼ਨਰ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।