ਕੈਬਨਿਟ ਮੰਤਰੀ ਸੌਂਦ ਵੱਲੋਂ ਖੰਨਾ ‘ਚ 7.5 ਲੱਖ ਰੁਪਏ ਦੀ ਲਾਗਤ ਨਾਲ ਦੂਸਰੇ ਆਧੁਨਿਕ ਬਾਥਰੂਮ/ਪਖਾਨੇ ਦਾ ਰੱਖਿਆ ਗਿਆ ਨੀਂਹ ਪੱਥਰ

– ਖੰਨਾ ਦੇ ਚੌਕਾਂ ‘ਚ ਬਣਨਗੇ ਆਧੁਨਿਕ ਬਾਥਰੂਮ, 50 ਸਾਲ ਦੀ ਮਿਆਦ ਦਾ ਦਿੱਤਾ ਨਿਰਦੇਸ਼
– ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਗੁਰਬਾਣੀ ਦੇ ਸਿਧਾਂਤਾਂ ‘ਤੇ ਚਲਦਿਆਂ ਖੰਨਾ ਨੂੰ ਸਾਫ਼ ਤੇ ਹਰਾ-ਭਰਾ ਬਣਾਉਣ ਦਾ ਕੀਤਾ ਐਲਾਨ
(Rajinder Kumar) ਖੰਨਾ, ਲੁਧਿਆਣਾ, 21 ਅਗਸਤ 2025: ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਕਿਰਤ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵੀਰਵਾਰ ਨੂੰ ਡਾ. ਭੀਮ ਰਾਓ ਅੰਬੇਡਕਰ ਚੌਂਕ ਵਿਖੇ 7.50 ਲੱਖ ਰੁਪਏ ਦੀ ਲਾਗਤ ਨਾਲ ਖੰਨਾ ਸ਼ਹਿਰ ਵਿੱਚ ਆਮ ਲੋਕਾਂ ਦੀ ਸਹੂਲਤ ਲਈ ਔਰਤਾਂ ਅਤੇ ਮਰਦਾਂ ਲਈ ਵੱਖਰਾ-ਵੱਖਰਾ ਦੂਜਾ ਬਾਥਰੂਮ/ਪਖਾਨਾ ਬਨਾਉਣ ਦਾ ਨੀਂਹ ਪੱਥਰ ਰੱਖਿਆ ਅਤੇ ਸਮਾਗਮ ਨੂੰ ਸੰਬੋਧਨ ਕੀਤਾ।
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਖੰਨਾ ਸ਼ਹਿਰ ਦੇ ਚੌਕਾਂ ਵਿੱਚ ਬਣ ਰਹੇ ਇਹ ਬਾਥਰੂਮ/ਪਖਾਨੇ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ। ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਹਨਾਂ ਬਾਥਰੂਮਾਂ/ਪਖਾਨਿਆਂ ਦੀ ਉਸਾਰੀ ‘ਤੇ ਆਪਣੀ ਦੇਖ ਰੇਖ ਹੇਠ ਵਿੱਚ ਵਧੀਆ ਕੁਆਲਿਟੀ ਦਾ ਮਟੀਰੀਅਲ ਲਗਾਇਆ ਜਾਵੇ ਅਤੇ ਇਹਨਾਂ ਬਾਥਰੂਮਾਂ/ਪਖਾਨਿਆਂ ਦੀ ਮਿਆਦ ਘੱਟੋ ਘੱਟ 50 ਸਾਲ ਹੋਣੀ ਚਾਹੀਦੀ ਹੈ।
ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਖੰਨਾ ਸ਼ਹਿਰ ਦੇ ਵਿੱਚੋਂ ਲੰਘ ਰਹੇ ਹਾਈਵੇਅ ਪੁਲ ਦੇ ਕਰੀਬ 3 ਕਿਲੋਮੀਟਰ ਦੇ ਏਰੀਏ ਵਿੱਚ ਕੋਈ ਵੀ ਆਮ ਲੋਕਾਂ ਦੀ ਸਹੂਲਤ ਲਈ ਬਾਥਰੂਮ/ਪਖਾਨੇ ਨਹੀਂ ਬਣਾਏ ਜਦਕਿ ਹਰੇਕ ਵਿਕਸਤ ਸ਼ਹਿਰਾਂ ਵਿੱਚ ਬਾਥਰੂਮ/ਪਖਾਨਿਆਂ ਦੀ ਸਹੂਲਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਖੰਨਾ ਸ਼ਹਿਰ ਵਿੱਚ ਆਉਣ ਵਾਲੇ ਲੋਕਾਂ ਨੂੰ ਬਾਥਰੂਮ/ਪਖਾਨੇ ਨਾ ਹੋਣ ਕਾਰਨ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਦੋਂ ਸਾਲ 2022 ਤੋਂ ਹਲਕਾ ਖੰਨਾ ਦੀ ਸੇਵਾ ਸੰਭਾਲੀ ਤਾਂ ਇਸ ਤੋਂ ਪਹਿਲਾਂ ਖੰਨਾ ਸ਼ਹਿਰ ਦੇ ਚੌਕਾਂ ਅਤੇ ਹੋਰ ਥਾਵਾਂ ਵਿੱਚ ਕੂੜੇ ਦੇ ਢੇਰ ਲੱਗੇ ਪਏ ਸਨ ਜਿਨ੍ਹਾਂ ਨੂੰ ਉਨ੍ਹਾਂ ਵੱਲੋਂ ਚੁਕਵਾਇਆ ਗਿਆ ਅਤੇ ਚੌਕਾਂ ਦੀ ਸਫ਼ਾਈ ਕਰਵਾਈ ਗਈ ਇਹਨਾਂ ਚੌਕਾਂ ਨੂੰ ਸੁੰਦਰ ਬਣਾਉਣ ਲਈ ਇੰਟਰਲੌਕ ਟਾਇਲਾਂ ਅਤੇ ਗਰਿੱਲਾਂ ਲਗਵਾ ਕੇ ਸ਼ਹਿਰ ਵਾਸੀਆਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ। ਖੰਨਾ ਸ਼ਹਿਰ ਦੀ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਟ੍ਰੈਫਿਕ ਲਾਈਟਾਂ ਲਗਵਾਈਆਂ ਗਈਆ। ਖੰਨਾ ਸ਼ਹਿਰ ਦੀ ਸਫ਼ਾਈ ਲਈ ਨਵੀਆਂ ਮਸ਼ੀਨਾਂ ਲਿਆਂਦੀਆ ਗਈਆਂ ਅਤੇ ਖੰਨਾ ਸ਼ਹਿਰ ਨੂੰ ਸੋਹਣਾ ਬਣਾਉਣ ਲਈ ਹੋਰ ਅਨੇਕਾਂ ਕਾਰਜ ਕੀਤੇ ਗਏ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਖੰਨਾ ਦੇ ਵਿਕਾਸ ਕਾਰਜ ਕਰਵਾਉਣ ਲਈ ਉਹ ਦਿਨ ਰਾਤ ਇੱਕ ਕਰ ਦੇਣਗੇ। ਉਨ੍ਹਾਂ ਖੰਨਾ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੰਨਾ ਸਾਡੀ ਜਨਮ ਭੂਮੀ ਹੈ ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਖੰਨਾ ਨੂੰ ਸਭ ਤੋਂ ਸੋਹਣਾ ਸ਼ਹਿਰ ਬਣਾਉਣ ਲਈ ਕੰਮ ਕਰੀਏ। ਸੌਂਦ ਨੇ ਕਿਹਾ ਕਿ ਉਨ੍ਹਾਂ ਨੇ ਇਸ ਨੇਕ ਕਾਰਜ ਲਈ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੱਤਾ ਹੈ। ਗੁਰਬਾਣੀ ਵਿੱਚੋਂ ‘ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ’ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਮਹਾਨ ਗੁਰੂਆਂ ਨੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਂ ਦੇ ਬਰਾਬਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਖੰਨਾ ਸ਼ਹਿਰ ਨੂੰ ਸਾਫ਼, ਹਰਾ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਉਹ ਮਹਾਨ ਸਿੱਖ ਗੁਰੂਆਂ ਦੇ ਨਕਸ਼ੇ-ਕਦਮਾਂ ‘ਤੇ ਚੱਲ ਰਹੇ ਹਨ।
ਇਸ ਮੌਕੇ ਉਨ੍ਹਾਂ ਦੇ ਨਾਲ ਚੇਅਰਮੈਨ ਮਾਰਕੀਟ ਕਮੇਟੀ ਖੰਨਾ ਜਗਤਾਰ ਸਿੰਘ ਗਿੱਲ ਰਤਨਹੇੜੀ, ਭੁਪਿੰਦਰ ਸਿੰਘ ਸੌਂਦ, ਜ਼ਿਲ੍ਹਾ ਪਲਾਨਿੰਗ ਬੋਰਡ ਦੇ ਮੈਂਬਰ ਮਾਸਟਰ ਅਵਤਾਰ ਸਿੰਘ ਦਹਿੜੂ, ਕੌਂਸਲਰ ਪਰਮਪ੍ਰੀਤ ਸਿੰਘ, ਓ.ਐਸ.ਡੀ ਕਰਨ ਅਰੋੜਾ, ਦਫਤਰ ਇੰਚਾਰਜ ਕੁਲਵੰਤ ਸਿੰਘ ਮਹਿਮੀ, ਰਾਜਪਾਲ ਕੌਰ, ਗੁਰਜੀਤ ਕੌਰ, ਐਡਵੋਕੇਟ ਮਨਰੀਤ ਸਿੰਘ ਨਾਗਰਾ, ਹਰਜੀਤ ਸਿੰਘ ਭਾਟੀਆ, ਕੀਮਤੀ ਲਾਲ, ਮਲਕੀਤ ਸਿੰਘ ਮੀਤਾ, ਅਵਤਾਰ ਸਿੰਘ ਮਾਨ, ਗੁਰਮੇਲ ਸਿੰਘ ਕਾਲਾ, ਸੁਨੀਲ ਨੀਟਾ, ਵਿਨੋਦ ਵਿੱਜ, ਗੌਰਵ ਮੋਦਗਿਲ,ਹੁਕਮ ਚੰਦ, ਬਲਵੰਤ ਸਿੰਘ ਲੋਹਟ, ਗੁਰਦੀਪ ਸਿੰਘ ਦੀਪਾ ਤੋਂ ਇਲਾਵਾ ਵੱਡੀ ਗਿਣਤੀ ਲੋਕ ਹਾਜ਼ਰ ਸਨ।