ਵਿਸ਼ੇਸ਼ ਟੀਕਾਕਰਨ ਮੁਹਿੰਮ ਤਹਿਤ ਰਾਮਦੇਵ ਨਗਰੀ ਵਿੱਚ ਲਗਾਇਆ ਕੈਂਪ

0

– ਤੰਦਰੁਸਤ ਅਤੇ ਸਿਹਤਮੰਦ ਸਮਾਜ ਦੀ ਸਿਰਜਨਾ ਲਈ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਜ਼ਰੂਰੀ- ਡਾਕਟਰ ਸੁਰੇਸ਼ ਕੰਬੋਜ਼ ਸੀਨੀਅਰ ਮੈਡੀਕਲ ਅਫਸਰ

(Rajinder Kumar) ਫ਼ਾਜ਼ਿਲਕਾ,  21 ਅਗਸਤ 2025: ਸਿਵਲ ਸਰਜਨ ਫ਼ਾਜ਼ਿਲਕਾ ਡਾਕਟਰ ਰਾਜ ਕੁਮਾਰ ਦੀ ਉਚੇਚੀ ਨਿਗਰਾਨੀ ਵਿੱਚ, ਸਹਾਇਕ ਸਿਵਲ ਸਰਜਨ ਡਾਕਟਰ ਰੋਹਿਤ ਗੋਇਲ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ ਅਰਪਿਤ ਗੁਪਤਾ ਦੀ ਅਗਵਾਈ ਅਤੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਅਬੋਹਰ ਡਾਕਟਰ ਸੁਰੇਸ਼ ਕੰਬੋਜ ਦੀ ਦੇਖਰੇਖ ਹੇਠ 0 ਤੋਂ 5 ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਪੂਰਨ ਟੀਕਾਕਰਨ ਨੂੰ ਯਕੀਨੀ ਬਣਾਉਣ ਲਈ 18 ਤੋਂ 23 ਅਗਸਤ ਤੱਕ ਵਿਸ਼ੇਸ਼ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਸੁਰੇਸ਼ ਕੰਬੋਜ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮੰਤਵ 0 ਤੋਂ 5 ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਮੁਕੰਮਲ ਟੀਕਾਕਰਨ ਕਰਨਾ ਹੈ ਤਾਂ ਜੋ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਮੌਤ ਦਰ ਨੂੰ ਘਟਾਇਆ ਜਾ ਸਕੇ ਅਤੇ ਬੱਚਿਆਂ ਨੂੰ 12 ਮਾਰੂ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਉਹਨਾਂ ਨੇ ਦੱਸਿਆ ਕਿ ਮੁਕੰਮਲ ਟੀਕਾਕਰਨ ਨਾਲ ਬੱਚਿਆਂ ਨੂੰ ਮਾਰੂ ਬਿਮਾਰੀਆਂ ਜਿਵੇਂ ਹੈਪੇਟਾਇਟਸ(ਪੀਲੀਆ), ਪੋਲੀਓ, ਤਪਦਿਕ, ਅੰਧਰਾਤਾ, ਗਲਘੋਟੂ, ਕਾਲੀ ਖਾਂਸੀ, ਟੈਟਨਸ, ਨਮੂਨੀਆ, ਦਿਮਾਗੀ ਬੁਖਾਰ, ਦਸਤ, ਖਸਰਾ ਤੇ ਰੁਬੇਲਾ ਆਦਿ ਤੋਂ ਬਚਾਇਆ ਜਾ ਸਕਦਾ ਹੈ। ਇਸ ਮੁਹਿੰਮ ਤਹਿਤ ਸ਼ਹਿਰ ਦੀ ਵੱਖ-ਵੱਖ ਥਾਵਾਂ ‘ਤੇ 10 ਕੈਂਪ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਸਿਹਤ ਕਰਮੀਆਂ ਵੱਲੋਂ ਸਮੇਂ-ਸਮੇਂ ਤੇ ਪ੍ਰਚਾਰ-ਪ੍ਰਸਾਰ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਸਿਹਤ ਸੁਵਿਧਾਵਾਂ ਦਾ ਲਾਭ ਲੈਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।

ਇਸ ਲੜੀ ਵਿੱਚ ਅਬੋਹਰ ਦੀ ਰਾਮਦੇਵ ਨਗਰੀ ਵਿਖੇ ਲਗਾਏ ਗਏ ਟੀਕਾਕਰਨ ਸੈਸ਼ਨ ਦੌਰਾਨ ਏ.ਐਨ.ਐਮ ਲਖਵਿੰਦਰ ਕੌਰ ਨੇ ਦੱਸਿਆ ਕਿ ਜੋ ਬੱਚੇ ਅਤੇ ਗਰਭਵਤੀ ਔਰਤਾਂ ਕਿਸੇ ਕਾਰਨ ਕਰਕੇ ਵੈਕਸੀਨੇਸ਼ਨ ਤੋਂ ਵਾਂਝੇ ਰਹਿ ਗਏ ਜਾਂ ਜਿਨ੍ਹਾਂ ਦਾ ਟੀਕਾਕਰਨ ਅਧੂਰਾ ਹੈ, ਉਨ੍ਹਾਂ ਨੂੰ ਇਸ ਮੁਹਿੰਮ ਵਿੱਚ ਕਵਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉੱਚ ਜੋਖਮ ਗਰਭਵਤੀ ਔਰਤਾਂ ਦੀ ਜਾਂਚ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਜਣੇਪੇ ਸਮੇਂ ਪੇਸ਼ ਆਉਣ ਵਾਲੀ ਕਿਸੇ ਵੀ ਪਰੇਸ਼ਾਨੀ ਤੋਂ ਨਜੀਠਿਆ ਜਾ ਸਕੇ। ਡਿਪਟੀ ਮਾਸ ਮੀਡੀਆ ਅਫਸਰ ਮਨਬੀਰ ਸਿੰਘ ਵੱਲੋਂ ਅਪੀਲ ਕਰਦੇ ਕਿਹਾ ਗਿਆ ਕਿ ਇਸ ਮੁਹਿੰਮ ਦਾ ਲਾਭ ਉਠਾਉਂਦੇ ਹੋਏ ਆਪਣੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਦਾ ਮੁਕੰਮਲ ਟੀਕਾਕਰਨ ਕਰਵਾਇਆ ਜਾਵੇ। ਇਸ ਮੌਕੇ ਆਸ਼ਾ ਵਰਕਰ ਸੋਨੂੰ ਰਾਣੀ, ਸੰਗੀਤਾ, ਰੀਨਾ ਰਾਣੀ ਹਾਜ਼ਰ ਹਨ।

About The Author

Leave a Reply

Your email address will not be published. Required fields are marked *