ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਜਲ ਸਰੋਤ ਮੰਤਰੀ ਨਾਲ ਮੁਲਾਕਾਤ

– ਫਾਜ਼ਿਲਕਾ ਵਿੱਚ ਸਤਲੁਜ ਕ੍ਰੀਕ ਵਿੱਚ ਹੜ ਰੋਕਣ ਲਈ ਪੱਕੇ ਪ੍ਰਬੰਧ ਕਰਨ ਸਬੰਧੀ ਕੀਤੀ ਚਰਚਾ
(Rajinder Kumar) ਫਾਜਿਲਕਾ, 20 ਅਗਸਤ 2025: ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਆਪਣੇ ਇਲਾਕੇ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਚੰਡੀਗੜ੍ਹ ਪਹੁੰਚ ਕੇ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨਾਲ ਮੁਲਾਕਾਤ ਕੀਤੀ। ਵਿਧਾਇਕ ਨੇ ਇਸ ਦੌਰਾਨ ਉਹਨਾਂ ਅੱਗੇ ਫਾਜ਼ਿਲਕਾ ਜ਼ਿਲੇ ਵਿੱਚ ਸਤਲੁਜ ਨਦੀ ਦੀ ਕ੍ਰੀਕ ਵਿੱਚ ਹਰ ਸਾਲ ਆਉਂਦੇ ਹੜ ਦਾ ਮੁੱਦਾ ਉਠਾਇਆ।
ਵਿਧਾਇਕ ਨੇ ਦੱਸਿਆ ਕਿ ਉਹਨਾਂ ਵੱਲੋਂ ਕੈਬਨਿਟ ਮੰਤਰੀ ਦੇ ਸਨਮੁੱਖ ਜਾਣਕਾਰੀ ਦਿੱਤੀ ਗਈ ਕਿ ਫਾਜ਼ਿਲਕਾ ਜ਼ਿਲੇ ਵਿੱਚ ਸਤਲੁਜ ਦੀ ਕ੍ਰੀਕ ਦੇ ਇੱਕ ਪਾਸੇ ਤਾਂ ਬੰਨ ਹੈ ਜਦਕਿ ਦੂਜੇ ਪਾਸੇ ਬੰਨ ਨਾ ਹੋਣ ਕਾਰਨ ਖੇਤਾਂ ਵਿੱਚ ਪਾਣੀ ਭਰ ਜਾਂਦਾ ਹੈ ਅਤੇ ਪਿੰਡਾਂ ਤੱਕ ਇਹ ਪਾਣੀ ਪਹੁੰਚ ਜਾਂਦਾ ਹੈ । ਉਹਨਾਂ ਨੇ ਕਿਹਾ ਕਿ ਇਸ ਜ਼ਿਲ੍ਹੇ ਦੇ ਕਿਸਾਨਾਂ ਲਈ ਇਹ ਹਰ ਸਾਲ ਦੀ ਸਮੱਸਿਆ ਹੈ ਅਤੇ ਇਸ ਦਾ ਸਥਾਈ ਹੱਲ ਕੀਤਾ ਜਾਣਾ ਚਾਹੀਦਾ ਹੈ।
ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਰਿਆਂ ਤੋਂ ਲਟਕੇ ਮਸਲਿਆਂ ਨੂੰ ਹੱਲ ਕਰਨ ਲਈ ਜਾਣੀ ਜਾਂਦੀ ਹੈ ਅਤੇ ਇਸ ਮਸਲੇ ਦਾ ਵੀ ਪੱਕਾ ਅਤੇ ਸਥਾਈ ਹੱਲ ਕੀਤਾ ਜਾਵੇ।
ਵਿਧਾਇਕ ਨੇ ਦੱਸਿਆ ਕਿ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਭਰੋਸਾ ਦਿੱਤਾ ਹੈ ਕਿ ਉਹਨਾਂ ਦਾ ਵਿਭਾਗ ਇਸ ਸਬੰਧੀ ਠੋਸ ਯੋਜਨਾ ਬੰਦੀ ਕਰੇਗਾ ਤਾਂ ਜੋ ਫਾਜ਼ਿਲਕਾ ਦੇ ਕਿਸਾਨਾਂ ਨੂੰ ਹਰ ਸਾਲ ਆਉਣ ਵਾਲੇ ਹੜਾਂ ਤੋਂ ਸਥਾਈ ਤੌਰ ਤੇ ਰਾਹਤ ਮਿਲ ਸਕੇ।