ਅਗਨੀਵੀਰ ਵਾਯੂ ਲਈ ਜਲੰਧਰ ਵਿਖੇ ਭਰਤੀ ਰੈਲੀ 24 ਅਗਸਤ ਤੋਂ 6 ਸਤੰਬਰ ਤੱਕ

– ਐਸ.ਡੀ.ਐਮ. ਨੇ ਲਿਆ ਤਿਆਰੀਆਂ ਦਾ ਜਾਇਜ਼ਾ
(Rajinder Kumar) ਜਲੰਧਰ, 7 ਅਗਸਤ 2025: ਅਗਨੀਵੀਰ ਵਾਯੂ ਇਨਟੇਕ 1/2026 ਲਈ ਏਅਰਮੈਨ ਚੋਣ ਕੇਂਦਰ ਅੰਬਾਲਾ ਵੱਲੋਂ ਭਰਤੀ ਰੈਲੀ ਸਥਾਨਕ ਆਰਟਸ ਅਤੇ ਸਪੋਰਟਸ ਕਾਲਜ ਵਿਖੇ 24 ਅਗਸਤ ਤੋਂ 6 ਸਤੰਬਰ 2025 ਕਰਵਾਈ ਜਾ ਰਹੀ ਹੈ।
ਇਸ ਸਬੰਧੀ ਉਪ ਮੰਡਲ ਮੈਜਿਸਟ੍ਰੇਟ ਆਦਮਪੁਰ ਵਿਵੇਕ ਕੁਮਾਰ ਮੋਦੀ (ਵਾਧੂ ਚਾਰਜ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ) ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਭਰਤੀ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਸ਼੍ਰੀ ਮੋਦੀ, ਜਿਨ੍ਹਾਂ ਨੂੰ ਭਰਤੀ ਰੈਲੀ ਲਈ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ, ਨੇ ਦੱਸਿਆ ਕਿ ਇਸ ਭਰਤੀ ਰੈਲੀ ਵਿੱਚ ਪੰਜਾਬ, ਹਿਮਾਚਾਲ ਪ੍ਰਦੇਸ਼ ਸੂਬਿਆਂ ਤੋਂ ਇਲਾਵਾ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚੰਡੀਗੜ੍ਹ, ਲੱਦਾਖ ਅਤੇ ਜੰਮੂ ਕਸ਼ਮੀਰ ਦੇ ਉਮੀਦਵਾਰ ਭਾਗ ਲੈਣਗੇ।
ਉਨ੍ਹਾਂ ਦੱਸਿਆ ਕਿ ਇਹ ਰੈਲੀ 27 ਅਗਸਤ ਤੋਂ 1 ਸਤੰਬਰ ਤੱਕ ਪੁਰਸ਼ ਉਮੀਦਵਾਰਾਂ ਅਤੇ 2 ਤੋਂ 4 ਸਤੰਬਰ ਤੱਕ ਮਹਿਲਾ ਉਮੀਦਵਾਰਾਂ ਦੀ ਭਰਤੀ ਲਈ ਹੋਵੇਗੀ। ਉਨ੍ਹਾਂ ਦੱਸਿਆ ਕਿ 27 ਤੇ 28 ਅਗਸਤ ਨੂੰ ਜੰਮੂ ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਦੇ ਉਮੀਦਵਾਰ, 30 ਤੇ 31 ਅਗਸਤ ਨੂੰ ਪੰਜਾਬ ਤੇ ਚੰਡੀਗੜ੍ਹ ਅਤੇ 2 ਤੇ 3 ਸਤੰਬਰ ਨੂੰ ਹਰੇਕ ਰਾਜ/ਕੇਂਦਰੀ ਸ਼ਾਸਿਤ ਪ੍ਰਦੇਸ਼ ਦੀਆਂ ਮਹਿਲਾ ਉਮੀਦਵਾਰ ਭਾਗ ਲੈਣਗੀਆਂ।
ਉਪ ਮੰਡਲ ਮੈਜਿਸਟ੍ਰੇਟ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਭਰਤੀ ਰੈਲੀ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਦੇ ਠਹਿਰਣ ਤੇ ਖਾਣੇ ਲਈ ਢੁੱਕਵੇਂ ਪ੍ਰਬੰਧ ਯਕੀਨੀ ਬਣਾਉਣ ਤੋਂ ਇਲਾਵਾ ਭਰਤੀ ਰੈਲੀ ਵਾਲੇ ਸਥਾਨ ਦੀ ਸਾਫ-ਸਫਾਈ, ਪੀਣ ਵਾਲੇ ਪਾਣੀ ਦਾ ਬੰਦੋਬਸਤ, ਐਂਬੂਲੈਂਸ ਤੇ ਮੈਡੀਕਲ ਟੀਮਾਂ ਦੀ ਤਾਇਨਾਤੀ, ਮੋਬਾਇਲ ਟਾਇਲੈਟਸ, ਫਾਇਰ ਬ੍ਰਿਗੇਡ, ਨਿਰਵਿਘਨ ਬਿਜਲੀ ਸਪਲਾਈ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣ ਤਾਂ ਜੋ ਭਰਤੀ ਰੈਲੀ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ ।
ਉਨ੍ਹਾਂ ਭਰਤੀ ਰੈਲੀ ਦੌਰਾਨ ਪੁਲਿਸ ਵਿਭਾਗ ਨੂੰ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਤੋਂ ਇਲਾਵਾ ਮਹਿਲਾ ਉਮੀਦਵਾਰਾਂ ਦੀ ਭਰਤੀ ਰੈਲੀ ਦੌਰਾਨ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕਰਨ ਲਈ ਵੀ ਕਿਹਾ।
ਮੀਟਿੰਗ ਵਿੱਚ ਏਅਰ ਫੋਰਸ ਅਫ਼ਸਰ ਰਾਕੇਸ਼ ਤ੍ਰਿਵੇਦੀ, ਡਿਪਟੀ ਡਾਇਰੈਕਟਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੀਲਮ ਮਹੇ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਜੋਸ਼ੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ ਦੇ ਪ੍ਰਿੰਸੀਪਲ ਰਣਬੀਰ ਸਿੰਘ ਵੀ ਮੌਜੂਦ ਸਨ।