69.38 ਕਰੋੜ ਦੀ ਲਾਗਤ ਨਾਲ ਮਾਨਸਾ, ਬਠਿੰਡਾ ਤੇ ਭੀਖੀ ਰੋਡ ਦੀ ਬਦਲੇਗੀ ਨੁਹਾਰ-ਡਿਪਟੀ ਕਮਿਸ਼ਨਰ

– ਮਾਨਸਾ ਬਠਿੰਡਾ ਰੋਡ ‘ਤੇ ਸਥਿਤ ਰੇਲਵੇ ਅੰਡਰ ਬਰਿੱਜ ‘ਤੇ ਸ਼ੈੱਡ ਦੀ ਉਸਾਰੀ ਨਾਲ ਬਰਸਾਤੀ ਮੌਸਮ ਵਿਚ ਰਾਹਗੀਰਾਂ ਨੂੰ ਮਿਲੇਗੀ ਰਾਹਤ
(Rajinder Kumar) ਮਾਨਸਾ, 07 ਅਗਸਤ 2025: ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਆਈ.ਏ.ਐਸ ਨੇ ਦੱਸਿਆ ਕਿ ਲਗਭਗ 69.38 ਕਰੋੜ ਰੁਪਏ ਦੀ ਲਾਗਤ ਨਾਲ ਬਠਿੰਡਾ ਵਿਖੇ ਸਥਿਤ ਡੀ-ਮਾਰਟ ਤੋਂ ਭੀਖੀ ਤੱਕ ਨੈਸ਼ਨਲ ਹਾਈਵੇ-148 ਬੀ ਅਤੇ ਮਾਨਸਾ ਕੈਂਚੀਆਂ ਤੋਂ ਰਾਮਦਿੱਤਾ ਚੌਕ ਤੱਕ ਨੈਸ਼ਨਲ ਹਾਈਵੇਅ-703 ਸੜਕ ਦਾ ਨਵੀਨੀਕਰਨ ਕੀਤਾ ਜਾਵੇਗਾ।
ਮਾਨਸਾ ਤੋਂ ਬਠਿੰਡਾ ਸਫਰ ਕਰਨ ਵਾਲੇ ਰਾਹਗੀਰਾਂ ਲਈ ਰਾਹਤ ਭਰੀ ਖਾਸ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਨਸਾ ਬਠਿੰਡਾ ਰੋਡ ‘ਤੇ ਪੈਂਦੇ ਰੇਲਵੇ ਅੰਡਰ ਬਰਿੱਜ ਦੀ ਰਿਪੇਅਰ ਦੇ ਨਾਲ ਨਾਲ ਸ਼ੈੱਡ ਦੀ ਉਸਾਰੀ ਵੀ ਕੀਤੀ ਜਾਵੇਗੀ ਤਾਂ ਜੋ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਬਰਸਾਤ ਦੇ ਮੌਸਮ ਦੌਰਾਨ ਅੰਡਰ ਬਰਿੱਜ ਵਿਚ ਖੜ੍ਹਨ ਵਾਲੇ ਪਾਣੀ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੰਨ੍ਹਾਂ ਸੜ੍ਹਕਾਂ ਦੇ ਨਵੀਨੀਕਰਨ ਨਾਲ ਮਾਨਸਾ ਬਠਿੰਡਾ ਰੋਡ ‘ਤੇ ਸਫ਼ਰ ਕਰਨ ਵਾਲੇ ਲੋਕਾਂ ਨੂੰ ਰਾਹਤ ਮਿਲੇਗੀ ਉੱਥੇ ਹੀ ਦੁਰਘਟਨਾਵਾਂ ਦਾ ਖਦਸ਼ਾ ਵੀ ਘੱਟ ਹੋਵੇਗਾ ਤੇ ਲੋਕਾਂ ਨੂੰ ਆਉਣ ਜਾਣ ਵਿਚ ਕੋਈ ਸਮੱਸਿਆ ਪੇਸ਼ ਨਹੀਂ ਆਵੇਗੀ।