ਵਿਧਾਇਕ ਫਾਜ਼ਿਲਕਾ ਦੇ ਪਿਤਾ ਖਜਾਨ ਸਿੰਘ ਵੱਲੋਂ ਮੀਂਹ ਪ੍ਰਭਾਵਿਤ ਪਿੰਡਾਂ ਦਾ ਦੌਰਾ

(Rajinder Kumar) ਫਾਜ਼ਿਲਕਾ , 6 ਅਗਸਤ 2025: ਕੁੱਝ ਦਿਨ ਹਲਕੇ ਤੋਂ ਬਾਹਰ ਹੋਣ ਕਰਕੇ ਵਿਧਾਇਕ ਫਾਜ਼ਿਲਕਾ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਦੇ ਦਿਸ਼ਾ ਨਿਰਦੇਸ਼ਾ ਹੇਠ ਵਿਧਾਇਕ ਦੇ ਪਿਤਾ ਖਜਾਨ ਸਿੰਘ ਭਾਰੀ ਮੀਂਹ ਨਾਲ ਪ੍ਰਭਾਵਿਤ ਪਿੰਡ ਖੁਈਖੇੜਾ,ਬਾਰੇਕਾ, ਸਾਬੂਆਣਾ ਤੇ ਲੱਖੇਵਾਲੀ ਢਾਬ ਦੇ ਲੋਕਾਂ ਦਾ ਹਾਲ ਜਾਣਨ ਪਹੁੰਚੇ ਤੇ ਉਨ੍ਹਾਂ ਦੀਆਂ ਫਸਲਾਂ ਦਾ ਵੀ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐਸਡੀਐਮ ਮੈਡਮ ਵੀਰਪਾਲ ਕੌਰ, ਚੇਅਰਮੈਨ ਮਾਰਕੀਟ ਕਮੇਟੀ ਪਰਮਜੀਤ ਸਿੰਘ ਨੂਰਸ਼ਾਹ ਅਤੇ ਸੀਨੀਅਰ ਆਪ ਆਗੂ ਹਰਮੰਦਰ ਸਿੰਘ ਵੀ ਹਾਜ਼ਰ ਸਨ।
ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੇ ਪਿਤਾ ਨੇ ਪਿੰਡ ਵਾਸੀਆਂ ਦੀਆਂ ਮੁਸਕਲਾਂ ਸੁਣਦਿਆਂ ਕਿਹਾ ਕਿ ਸਾਡੀ ਆਮ ਆਦਮੀ ਦੀ ਪਾਰਟੀ ਮੀਂਹ ਪ੍ਰਭਾਵਿਤ ਲੋਕਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਜਾ ਕੇ ਬਾਰਿਸ਼ਾਂ ਕਰਕੇ ਪੈਦਾ ਹੋਈ ਸਥਿਤੀ ਦਾ ਜਾਇਜਾ ਲੈ ਕੇ ਰਹੇ ਹਨ ਤੇ ਜਲ ਨਿਕਾਸੀ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ ਤਾਂ ਜੋ ਜਲਦ ਤੋਂ ਜਲਦ ਸਥਿਤੀ ਨੂੰ ਕਾਬੂ ਪਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਡਰੇਨਜ ਵਿਭਾਗ ਦੀਆਂ ਟੀਮਾਂ ਲਗਾਤਾਰ ਪਾਣੀ ਕੱਢਣ ਦਾ ਕਾਰਜ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਥਿਤੀ ਨੂੰ ਆਮ ਵਾਂਗ ਕਰਨ ਲਈ ਪ੍ਰਸ਼ਾਸਨ ਲਗਾਤਾਰ ਉਪਰਾਲੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਨਹਿਰਾਂ ਵਿਚ ਪਾਣੀ ਦੀ ਸਪਲਾਈ ਵੀ ਪਿਛੋ ਰੋਕ ਦਿੱਤੀ ਗਈ ਹੈ ਤਾਂ ਜੋ ਪਹਿਲਾਂ ਖੜੇ ਪਾਣੀ ਦੀ ਨਿਕਾਸੀ ਹੋ ਸਕੇ।ਉਨ੍ਹਾਂ ਪਿੰਡਾਂ ਦਾ ਜਾਇਜਾ ਲੈਣ ਮੌਕੇ ਕਿਸਾਨਾਂ ਨਾਲ ਵੀ ਗਲਬਾਤ ਕੀਤੀ ਅਤੇ ਭਰੋਸਾ ਦਵਾਇਆ ਕਿ ਕਿਸਾਨਾਂ ਦਾ ਹਰ ਪੱਖੋਂ ਸਹਿਯੋਗ ਕੀਤਾ ਜਾਵੇਗਾ।