ਸੋਸ਼ਲ ਮੀਡੀਆ ‘ਤੇ ਝੂਠੀ ਅਫ਼ਵਾਹ ਫੈਲਾਉਣ ਵਾਲੇ ਵਿਰੁੱਧ ਪਰਚਾ ਦਰਜ ਕਰਨ ਦੇ ਹੁਕਮ

0

– ਸਰਦੂਲਗੜ੍ਹ ਘੱਗਰ ਬੰਨ੍ਹ ਟੁੱਟਣ ਦੀ ਫੇਕ ਵੀਡੀਓ ਪਾਉਣ ‘ਤੇ ਡੀਸੀ ਨੇ ਲਿਆ ਤੁਰੰਤ ਐਕਸ਼ਨ

– ਸੋਸ਼ਲ ਮੀਡੀਆ ‘ਤੇ ਵਾਇਰਲ ਕਿਸੇ ਵੀ ਗ਼ੈਰ ਪ੍ਰਮਾਣਿਤ ਜਾਣਕਾਰੀ ਨੂੰ ਅਣਦੇਖਾ ਕਰਨ ਦੀ ਅਪੀਲ

(Rajinder Kumar) ਸਰਦੂਲਗੜ੍ਹ/ਮਾਨਸਾ, 29 ਜੁਲਾਈ 2025: ਸੋਸ਼ਲ ਮੀਡੀਆ ‘ਤੇ ਸਰਦੂਲਗੜ੍ਹ ਘੱਗਰ ਦਰਿਆ ਦਾ ਬੰਨ੍ਹ ਟੁੱਟਣ ਦੀ ਝੂਠੀ ਖ਼ਬਰ ਫੈਲਾਅ ਕੇ ਲੋਕਾਂ ਵਿਚ ਸਹਿਮ ਦਾ ਮਾਹੌਲ ਪੈਦਾ ਕਰਨ ਵਾਲੇ ਖਿਲਾਫ਼ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਆਈ.ਏ.ਐਸ. ਨੇ ਸ਼ਖਤ ਨੋਟਿਸ ਲੈਂਦਿਆਂ ਐਸ.ਐਸ.ਪੀ. ਮਾਨਸਾ ਨੂੰ ਵੀਡੀਓ ਪਾਉਣ ਵਾਲੇ ਖਿਲਾਫ਼ ਪਰਚਾ ਦਰਜ ਕਰਕੇ ਬਣਦੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਗੁਰਦੀਪ ਸਿੰਘ ਨਾਮ ਦੇ ਵਿਅਕਤੀ ਨੇ ਸੋ਼ਸਲ ਮੀਡੀਆ ‘ਤੇ ਕੋਈ ਪੁਰਾਣੀ ਵੀਡੀਓ ਸਾਂਝੀ ਕਰਦਿਆਂ ਇਹ ਅਫ਼ਵਾਹ ਫੈਲਾਈ ਹੈ ਕਿ ਸਰਦੂਲਗੜ੍ਹ ਵਿਖੇ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਬੰਨ੍ਹ ਟੁੱਟ ਗਿਆ ਹੈ। ਉਕਤ ਵਿਅਕਤੀ ਵੱਲੋਂ ਵੀਡੀਓ ਵਿਚ ਲੋਕਾਂ ਨੂੰ ਬੰਨ੍ਹ ਦੇ ਟੁੱਟ ਜਾਣ ਕਾਰਨ ਸਾਮਾਨ ਇਕੱਠਾ ਕਰਕੇ ਕਿਤੇ ਹੋਰ ਜਾਣ ਦੀ ਗੱਲ ਕਰਦਿਆਂ ਸਹਿਮ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਲਾਈਕ, ਵਿਊਅ ਲੈਣ ਦੀ ਮਨਸ਼ਾ ਨਾਲ ਲੋਕਾਂ ‘ਚ ਡਰ ਦਾ ਮਾਹੌਲ ਪੈਦਾ ਕਰਦੀਆਂ ਅਜਿਹੀਆਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਰਦੂਲਗੜ੍ਹ ਘੱਗਰ ਦਰਿਆ ਦੇ ਬੰਨ੍ਹ ਟੁੱਟਣ ਦੀ ਗਲਤ ਜਾਣਕਾਰੀ ਫੈਲਾਉਣ ਵਾਲੇ ਖਿਲਾਫ਼ ਪਰਚਾ ਦਰਜ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਬਹੁਤ ਹੀ ਘੱਟ ਹੈ ਅਤੇ ਅੱਜਕੱਲ੍ਹ ਬਾਰਿਸ਼ ਵੀ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਸਥਿਤੀ ਬਿਲਕੁਲ ਹੀ ਖ਼ਤਰੇ ਤੋਂ ਬਾਹਰ ਹੈ ਅਤੇ ਜਿ਼ਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਲੋਕ ਅਜਿਹੀਆਂ ਅਫ਼ਵਾਹਾਂ ‘ਤੇ ਯਕੀਨ ਨਾ ਕਰਨ।

ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਅਫ਼ਵਾਹਾਂ, ਨਿਰਆਧਾਰ ਖ਼ਬਰਾਂ ਆਮ ਲੋਕਾਂ ਵਿਚ ਬੇਲੋੜੀ ਘਬਰਾਹਟ ਪੈਦਾ ਕਰ ਸਕਦੀਆਂ ਹਨ, ਸਿੱਟੇ ਵਜੋਂ ਕਈ ਵਾਰ ਅਜਿਹੀਆਂ ਗ਼ਲਤ ਖ਼ਬਰਾਂ ਦੇ ਮੰਗਰ ਲੱਗ ਕੇ ਲੋਕ ਗਲਤ ਫੈਸਲਾ ਕਰ ਲੈਂਦੇ ਹਨ। ਉਨ੍ਹਾਂ ਲੋਕਾਂ ਨੂੰ ਅਜਿਹੀ ਗੈਰ ਪ੍ਰਮਾਣਿਤ ਜਾਣਕਾਰੀ ਨੂੰ ਅਣਦੇਖਾ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਅਜਿਹੀਆਂ ਅਫ਼ਵਾਹਾਂ ਫੈਲਾਉਣ ਵਿਚ ਸ਼ਾਮਿਲ ਪਾਏ ਜਾਣ ਵਾਲੇ ਵਿਅਕਤੀਆਂ, ਸੰਸਥਾਵਾਂ ਜਾਂ ਸੋਸ਼ਲ ਮੀਡੀਆ ਹੈਂਡਲਜ਼ ‘ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਗ਼ੈਰ ਪ੍ਰਮਾਣਿਤ, ਗਲਤ ਜਾਣਕਾਰੀ ਤੇ ਲੋਕਾਂ ਵਿਚ ਸਹਿਮ ਪੈਦਾ ਕਰਨ ਵਾਲਿਆਂ ਨੂੰ ਸੋਸ਼ਲ ਮੀਡੀਆ ਤੋਂ ਰਿਪੋਰਟ ਕੀਤਾ ਜਾਵੇ ਤਾਂ ਜੋ ਲੋਕਾਂ ਵਿਚ ਕੋਈ ਵੀ ਗਲਤ ਸੂਚਨਾ ਦਾ ਪ੍ਰਸਾਰ ਨਾ ਹੋਵੇ।ਉਨ੍ਹਾਂ ਨਾਲ ਹੀ ਕਿਹਾ ਕਿ ਕਿਸੇ ਨੂੰ ਵੀ ਸੋਸ਼ਲ ਮੀਡੀਆ ‘ਤੇ ਕੋਈ ਅਜਿਹੀ ਅਫ਼ਵਾਹ ਫੈਲਾਉਣ ਵਾਲਾ ਕੰਟੇਟ ਮਿਲਦਾ ਹੈ ਤਾਂ ਉਸ ਦੀ ਜਾਣਕਾਰੀ ਸਿਵਲ ਜਾਂ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਤੁਰੰਤ ਦਿੱਤੀ ਜਾਵੇ, ਜਿਸ *ਤੇ ਫੌਰੀ ਕਾਰਵਾਈ ਕੀਤੀ ਜਾਵੇਗੀ।

About The Author

Leave a Reply

Your email address will not be published. Required fields are marked *

You may have missed