ਵਿਧਾਇਕ ਛੀਨਾ ਦੀ ਪਹਿਲਕਦਮੀ ਸਦਕਾ ਲੋਹਾਰਾ ਨੂੰ ਮਿਲਿਆ ਨਵਾਂ ਸਪੋਰਟਸ ਪਾਰਕ

– ਨੌਜਵਾਨ ਰਾਤ ਦੇ ਸਮੇਂ ਦੂਧੀਆ ਰੋਸ਼ਨੀ ‘ਚ ਵੀ ਕ੍ਰਿਕਟ ਦਾ ਆਨੰਦ ਮਾਣ ਸਕਦੇ ਹਨ – ਰਾਜਿੰਦਰਪਾਲ ਕੌਰ ਛੀਨਾ
(Rajinder Kumar) ਲੁਧਿਆਣਾ, 17 ਜੁਲਾਈ 2025: ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨੀ ਨੂੰ ਨਸ਼ਿਆਂ ਤੋਂ ਪਾਸਾ ਵੱਟ ਕੇ, ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਲਈ ਵਚਨਬੱਧ ਹੈ ਜਿਸਦੇ ਤਹਿਤ ਵੱਖ-ਵੱਖ ਹਲਕਿਆਂ ਵਿੱਚ ਖੇਡ ਮੈਦਾਨਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਲੋਹਾਰਾ ਵਿਖੇ ਖੇਡ ਪਾਰਕ ਦਾ ਉਦਘਾਟਨ ਕਰਦਿਆਂ ਕੀਤਾ। ਵਿਧਾਇਕ ਛੀਨਾ ਵੱਲੋਂ ਸਪੋਰਟਸ ਪਾਰਕ ਨੂੰ ਲੋਕ ਅਰਪਿਤ ਕਰਕੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇੱਕ ਤੋਹਫ਼ਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਖੇਡ ਪਾਰਕ ਵਿੱਚ ਬੱਚੇ ਅਤੇ ਨੌਜਵਾਨ ਰਾਤ ਦੇ ਸਮੇਂ ਦੂਧੀਆ ਰੋਸ਼ਨੀ ਵਿੱਚ ਵੀ ਮੁਫ਼ਤ ਨੈੱਟ ਕ੍ਰਿਕਟ ਖੇਡਣ ਦਾ ਆਨੰਦ ਮਾਣ ਸਕਦੇ ਹਨ।
ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਦਾਅਵਾ ਕੀਤਾ ਕਿ ਇਹ ਪੰਜਾਬ ਦਾ ਪਹਿਲਾ ਸਰਕਾਰੀ ਸਪੋਰਟਸ ਪਾਰਕ ਹੋਵੇਗਾ ਜਿੱਥੇ ਸੀਨੀਅਰ ਨਾਗਰਿਕਾਂ ਨੇ ਵੀ ਕ੍ਰਿਕਟ ਖੇਡਣ ਦੀ ਇੱਛਾ ਪ੍ਰਗਟਾਈ ਹੈ ਅਤੇ ਉਹ ਆਪਣੀ ਸਹੂਲਤ ਅਨੁਸਾਰ ਇੱਥੇ ਹੋਣ ਵਾਲੀਆਂ ਖੇਡ ਗਤੀਵਿਧੀਆਂ ਵਿੱਚ ਹਿੱਸਾ ਲੈ ਸਕਣਗੇ।
ਵਿਧਾਇਕ ਛੀਨਾ ਨੇ ਕਿਹਾ ਕਿ ਕ੍ਰਿਕਟ ਸਹੂਲਤਾਂ ਦੇ ਨਾਲ-ਨਾਲ ਪਾਰਕ ਵਿੱਚ ਛੋਟੇ ਬੱਚਿਆਂ ਲਈ ਸਾਹਸੀ ਖੇਡਾਂ, ਝੂਲੇ ਅਤੇ ਸਲਾਈਡਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। 14 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਵਿਧਾਇਕ ਛੀਨਾ ਦੇ ਦਫ਼ਤਰ ਵਿੱਚ ਚੱਲ ਰਹੀ ਹੈ।