ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ‘ਚ ਸੜਕ ਸੁਰੱਖਿਆ ਯਕੀਨੀ ਬਨਾਉਣ ‘ਤੇ ਜ਼ੋਰ

0

– ਆਵਾਜਾਈ ਬਿਹਤਰੀ ਲਈ ਟ੍ਰੈਫਿਕ ਮੈਨੇਜਮੈਂਟ ਯੋਜਨਾ ਬਨਾਉਣ ਅਤੇ ਲਾਗੂ ਕਰਨ ਦੀ ਹਦਾਇਤ

(Rajinder Kumar) ਪਟਿਆਲਾ, 15 ਜੁਲਾਈ 2025: ਪਟਿਆਲਾ ਜ਼ਿਲ੍ਹੇ ਵਿੱਚ ਸੜਕ ਸੁਰੱਖਿਆ ਨੂੰ ਯਕੀਨੀ ਬਨਾਉਣ ਲਈ ਅੱਜ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਬੈਠਕ ਕਰਦਿਆਂ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਨੇ ਜ਼ਿਲ੍ਹੇ ਦੀਆਂ ਸੜਕਾਂ ਉਪਰ ਵਧੇਰੇ ਹਾਦਸਿਆਂ ਵਾਲੇ ਪਛਾਣ ਕੀਤੇ ਬਲੈਕ ਸਪਾਟਸ ਉੱਤੇ ਵਾਪਰਦੇ ਹਾਦਸੇ ਨੂੰ ਘਟਾਉਣ ਲਈ ਸਬੰਧਤ ਵਿਭਾਗਾਂ ਵੱਲੋਂ ਕੀਤੀ ਗਈ ਕਾਰਵਾਈ ਦੀ ਰਿਪੋਰਟ ਪ੍ਰਾਪਤ ਕਰਦਿਆਂ ਕਿਹਾ ਕਿ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਉਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ।

ੳਹਨਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਹਾਦਸਿਆਂ ਵਾਲੀਆਂ ਸੜਕਾਂ ਸਮੇਤ ਜਿਆਦਾ ਖ਼ਤਰੇ ਵਾਲੇ ਚੌਂਕ ‘ਤੇ ਮੋੜ ਅਤੇ ਵਾਧੂ ਟ੍ਰੈਫਿਕ ਭਾਰ ਵਾਲੀਆਂ ਸੜਕਾਂ ਦੀ ਤੁੰਰਤ ਪਛਾਣ ਕੀਤੀ ਜਾਵੇ। ਇਸ ਮੌਕੇ ਉਹਨਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਯੂਡੀ) ਨਵਰੀਤ ਕੌਰ ਸੇਖੋਂ ਅਤੇ ਰੀਜ਼ਨਲ ਟਰਾਂਸਪੋਰਟ ਅਫ਼ਸਰ ਬਬਨਦੀਪ ਸਿੰਘ ਵਾਲੀਆ ਵੀ ਹਾਜ਼ਰ ਸਨ। ਉਹਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਟ੍ਰੈਫਿਕ ਮੈਨੇਜਮੈਂਟ ਪਲਾਨ ਤਿਆਰ ਕਰਕੇ ਫੌਰੀ ਤੌਰ ‘ ਤੇ ਲੋੜੀਂਦੇ ਪ੍ਰਬੰਧ ਕੀਤੇ ਜਾਣ ਅਤੇ ਉਸ ਨੂੰ ਸਮਾਂ ਬੱਧ ਤਰੀਕੇ ਨਾਲ ਲਾਗੂ ਕੀਤਾ ਜਾਵੇ, ਤਾਂ ਜੋ ਸ਼ਹਿਰ ਅੰਦਰ ਆਵਾਜਾਈ ਦੀ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾ ਸਕੇ।

ਡਾ ਪ੍ਰੀਤੀ ਯਾਦਵ ਨੇ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਹੁਕਮ ਦਿੱਤੇ ਕਿ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਰੋਡ ਸੇਫ਼ਟੀ ਦੇ ਨੋਡਲ ਅਫਸਰ ਲਗਾਏ ਜਾਣ। ਉਹਨਾਂ ਭੁਪਿੰਦਰਾ ਰੋਡ, ਰਾਜਿੰਦਰਾ ਹਸਪਤਾਲ, ਥਾਪਰ ਕਾਲਜ, ਮਨੀਪਾਲ ਹਸਪਤਾਲ ਅਤੇ ਨੈਸ਼ਨਲ ਪਾਰਕ ਦੇ ਨੇੜੇ ਮੌਜੂਦ ਸਟਰੀਟ ਵੈਂਡਰਜ਼ ਨੂੰ ਸਖ਼ਤੀ ਨਾਲ ਰੈਗੂਲੇਟ ਕਰਨ ਦੇ ਹੁਕਮ ਦਿੱਤੇ ਤਾਂ ਜੋ ਟਰੈਫਿਕ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਘਨ ਨਾ ਪਵੇ। ਉਹਨਾਂ ਕਿਹਾ ਕਿ ਸੜਕ ਦੁਰਘਟਨਾਵਾਂ ਕਰਕੇ ਬਹੁਤ ਸਾਰੀਆਂ ਜਾਨਾਂ ਅਜਾਂਈਂ ਚਲੀਆਂ ਜਾਂਦੀਆਂ ਹਨ ਅਤੇ ਕੁੱਝ ਜਰੁਰੀ ਬਦਲਾਅ ਕਰਕੇ ਅਤੇ ਸੜਕਾਂ ਨੂੰ ਠੀਕ ਕਰਨ ਅਤੇ ਸਮੇਤ ਸੜਕ ਸੁਰੱਖਿਆ ਨੇਮਾਂ ਦੀ ਪਾਲਣਾ ਕਰਕੇ ਇਹ ਹਾਦਸੇ ਰੋਕੇ ਜਾ ਸਕਦੇ ਹਨ ਤੇ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।

ਡਿਪਟੀ ਕਮਿਸ਼ਨਰ ਨੇ ਬਜਾਰਾਂ ਵਿੱਚ ਦੁਕਾਨਦਾਰਾਂ ਨੂੰ ਸੜਕਾਂ ਦੇ ਕਿਨਾਰੇ ਸਮਾਨ ਅਤੇ ਮਸ਼ਹੂਰੀ ਬੋਰਡ ਨਾ ਰੱਖਣ ਦੇ ਨਿਰਦੇਸ਼ ਦਿੱਤੇ ਤਾਂ ਜੋ ਆਵਾਜਾਈ ਸੁਰੱਖਿਅਤ ਰਹੇ। ਉਹਨਾਂ ਸਖ਼ਤੀ ਨਾਲ ਕਿਹਾ ਕਿ ਕਿਸੇ ਵੀ ਵਿਭਾਗ ਦੀ ਅਣਗਿਹਲੀ ਕਾਰਨ ਹੋਏ ਹਾਦਸਿਆਂ ਦੀ ਜਿੰਮੇਵਾਰੀ ਸਬੰਧਤ ਵਿਭਾਗ ਦੀ ਹੋਵੇਗੀ। ਉਹਨਾਂ ਕਿਹਾ ਕਿ ਸੜਕ ਸੁਰੱਖਿਆ ਲਈ ਇਕ ਟ੍ਰੈਫਿਕ ਪਲਾਨ ਬਣਾਇਆ ਜਾਵੇ ਤਾਂ ਜੋ ਸੜਕ ਹਾਦਸਿਆਂ ਦੀ ਦਰ ਨੂੰ ਜ਼ੀਰੋ ਤੱਕ ਲਿਆਂਦਾ ਜਾ ਸਕੇ। ਉਹਨਾਂ ਆਈ.ਆਰ.ਏ.ਡੀ. ਦੀ ਪ੍ਰਭਾਵਸ਼ਾਲੀ ਵਰਤੋਂ ਨੂੰ ਯਕੀਨੀ ਬਨਾਉਣ ਲਈ  ਵੱਖ ਵੱਖ ਵਿਭਾਗਾਂ ਜਿਵੇਂ ਟਰਾਂਸਪੋਰਟ, ਪੁਲਿਸ, ਸਿਹਤ ਅਤੇ ਹਾਈਵੇਅ ਅਥਾਰਟੀ ਵਿਚਕਾਰ ਸਹਿਯੋਗ ਦੀ ਮਹੱਤਤਾ ਤੇ ਜੋਰ ਦਿੱਤਾ। ਮੀਟਿੰਗ ਵਿੱਚ ਐਸ.ਐਸ.ਪੀ. ਟ੍ਰੈਫਿਕ ਤੇ ਸੁਰੱਖਿਆ ਵੱਲੋਂ ਸ਼ਹਿਰ ਵਿੱਚ ਸੜਕ ਹਾਦਸਿਆਂ ਦੇ ਬਲੈਕ ਸਪਾਟ ਬਾਰੇ ਰਿਪੋਰਟ ਪੇਸ਼ ਕੀਤੀ। ਐਸ.ਐਸ.ਪੀ ਟਰੈਫ਼ਿਕ ਨੇ ਕਿਹਾ ਕਿ ਬਲੈਕ ਸਪੋਰਟ ਤੇ ਸੜਕ ਹਾਦਸਿਆਂ ਦੀ ਗਿਣਤੀ ਘਟਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

About The Author

Leave a Reply

Your email address will not be published. Required fields are marked *