ਸੰਜੈ ਵਰਮਾ ਦੇ ਪਰਿਵਾਰ ਨੂੰ ਮਿਲੇਗਾ ਇਨਸਾਫ, ਕਾਤਲਾਂ ਨੂੰ ਮਿਲੇਗੀ ਸਖ਼ਤ ਸਜਾ-ਗੁਰਮੀਤ ਸਿੰਘ ਖੁੱਡੀਆਂ

– ਖੇਤੀਬਾੜੀ ਮੰਤਰੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
(Rajinder Kumar) ਅਬੋਹਰ (ਫਾਜ਼ਿਲਕਾ) 8 ਜੁਲਾਈ 2025: ਪੰਜਾਬ ਦੇ ਖੇਤੀਬਾੜੀ ਮੰਤਰੀ ਸ: ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਅਬੋਹਰ ਦੇ ਕਾਰੋਬਾਰੀ ਸੰਜੈ ਵਰਮਾ ਦੇ ਪਰਿਵਾਰ ਨੂੰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਉਨ੍ਹਾਂ ਨੇ ਇਸ ਮੌਕੇ ਮ੍ਰਿਤਕ ਸੰਜੈ ਵਰਮਾ ਦੇ ਭਰਾ ਜਗਤ ਵਰਮਾ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਸੰਜੈ ਵਰਮਾ ਦੇ ਰੂਪ ਵਿਚ ਇਕ ਬਹੁਤ ਹੀ ਨੇਕ ਇਨਸਾਨ ਸਾਥੋਂ ਵਿੱਛੜ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਨਾ ਕੇਵਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਸਗੋਂ ਇਹ ਇਕ ਵੱਡਾ ਸਮਾਜਿਕ ਨੁਕਸਾਨ ਵੀ ਹੈ।ਉਨ੍ਹਾਂ ਨੇ ਕਿਹਾ ਕਿ ਵਰਮਾ ਪਰਿਵਾਰ ਨੇ ਸਖ਼ਤ ਮਿਹਨਤ ਕਰਕੇ ਸਮਾਜ ਵਿਚ ਆਪਣਾ ਰੁਤਬਾ ਬਣਾਇਆ ਸੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਸੰਜੈ ਵਰਮਾ ਦੇ ਕਾਤਲਾਂ ਨੂੰ ਲੱਭ ਕੇ ਅਜਿਹੀ ਸਖ਼ਤ ਸਜਾ ਦਿਵਾਈ ਜਾਵੇ ਜੋ ਹੋਰਨਾਂ ਮੁਜਰਮਾਂ ਲਈ ਵੀ ਖੌਫ ਦਾ ਕਾਰਨ ਬਣੇ। ਉਨ੍ਹਾਂ ਨੇ ਕਿਹਾ ਕਿ ਜੋ ਕੋਈ ਵੀ ਇਸ ਵਾਰਦਾਤ ਵਿਚ ਸ਼ਾਮਿਲ ਹੈ ਉਸਨੂੰ ਕਾਨੂੰਨ ਅਨੁਸਾਰ ਸਖਤ ਤੋਂ ਸਖ਼ਤ ਸਜਾ ਦਿਵਾਈ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਸਰਕਾਰ ਪਰਿਵਾਰ ਦੇ ਨਾਲ ਖੜੀ ਹੈ ਅਤੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਪੁਲਿਸ ਵਾਰਦਾਤ ਵਾਲੇ ਸਮੇਂ ਤੋਂ ਤੁਰੰਤ ਤੇਜੀ ਨਾਲ ਕੰਮ ਕਰ ਰਹੀ ਹੈ ਅਤੇ ਵੱਖ ਵੱਖ ਟੀਮਾਂ ਦੋਸ਼ੀਆਂ ਦੀ ਭਾਲ ਵਿਚ ਲਗਾਈਆਂ ਗਈਆਂ ਹਨ ਅਤੇ ਕੋਈ ਵੀ ਦੋਸ਼ੀ ਕਾਨੂੰਨ ਤੋਂ ਭੱਜ ਨਹੀਂ ਸਕੇਗਾ।
ਇਸ ਮੌਕੇ ਸਾਬਕਾ ਵਿਧਾਇਕ ਅਰੁਣ ਨਾਰੰਗ ਵੀ ਉਨ੍ਹਾਂ ਦੇ ਨਾਲ ਹਾਜਰ ਸਨ ਅਤੇ ਉਨ੍ਹਾਂ ਨੇ ਵੀ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆਂ ਭਰੋਸਾ ਦਿੱਤਾ ਕਿ ਕਾਤਲਾਂ ਨੂੰ ਸਖ਼ਤ ਸਜਾ ਦਿੱਤੀ ਜਾਵੇਗੀ।