ਐਸ.ਡੀ.ਐਮ ਗੁਰਦੇਵ ਸਿੰਘ ਧੰਮ ਨੇ ਫੌਜੀ ਭਰਤੀ ਦੀ ਤਿਆਰੀਆਂ ਲਈ ਕੀਤੀ ਸਮੀਖਿਆ ਮੀਟਿੰਗ

– ਫੌਜੀ ਭਰਤੀ ਨੂੰ ਲੈ ਕੇ ਸਿਵਲ ਪ੍ਰਸ਼ਾਸ਼ਨ ਪੁਲਿਸ ਅਤੇ ਆਰਮੀ ਵੱਲੋਂ ਇਕਜੁਟ ਤਿਆਰੀਆਂ
– ਮੈਡੀਕਲ, ਪਾਣੀ , ਲਾਈਟ ਤੇ ਸਾਫ਼-ਸਫਾਈ ਦਾ ਲਿਆ ਜਾਇਜ਼ਾ
(Rajinder Kumar) ਪਟਿਆਲਾ, 8 ਜੁਲਾਈ 2025: ਪਟਿਆਲਾ ਦੇ ਐਮ.ਡੀ.ਐਮ. ਗੁਰਦੇਵ ਸਿੰਘ ਧੰਮ ਅਤੇ ਆਰਮੀ ਭਰਤੀ ਡਾਇਰੈਕਟਰ ਕਰਨਲ ਜੀ.ਆਰ.ਐਸ. ਰਾਜਾ ਦੀ ਅਗਵਾਈ ਹੇਠ ਭਾਰਤੀ ਫੌਜੀ ਭਰਤੀ ਦੀ ਵਿਸ਼ੇਸ਼ ਤਿਆਰੀਆਂ ਦੀ ਸਮੀਖਿਆ ਲਈ ਇਕ ਬੈਠਕ ਆਯੋਜਿਤ ਕੀਤੀ ਗਈ। ਉਹਨਾਂ ਦੱਸਿਆ ਕਿ ਪੰਜਾਬ ਦੇ ਛੇ ਜ਼ਿਲ੍ਹਿਆਂ ,ਪਟਿਆਲਾ, ਫ਼ਤਿਹਗੜ੍ਹ ਸਾਹਿਬ, ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਦੇ ਲਿਖਤੀ ਟੈਸਟ ਪਾਸ ਕਰ ਚੁੱਕੇ ਉਮੀਦਵਾਰਾਂ ਲਈ ਭਾਰਤੀ ਫੌਜੀ ਭਰਤੀ ਦਾ ਫ਼ਿਜ਼ੀਕਲ ਟੈਸਟ 31 ਜੁਲਾਈ ਤੋਂ 11 ਅਗਸਤ ਤੱਕ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਪਟਿਆਲਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ ।
ਗੁਰਦੇਵ ਸਿੰਘ ਧੰਮ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੂਸਾਰ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵੱਲ ਇਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ । ਉਹਨਾਂ ਕਿਹਾ ਕਿ ਭਰਤੀ ਦੀ ਪ੍ਰਕ੍ਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਿਵਲ ਪ੍ਰਸ਼ਾਸ਼ਨ, ਪੁਲਿਸ ਅਤੇ ਆਰਮੀ ਵੱਲੋਂ ਆਪਸੀ ਤਾਲਮੇਲ ਰਾਹੀ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਜਾਵੇਗਾ। ਉਹਨਾਂ ਸਬੰਧਤ ਵਿਭਾਗਾਂ ਨੂੰ ਜਾਰੀ ਨਿਰਦੇਸ਼ਾਂ ਵਿੱਚ ਟ੍ਰੈਫ਼ਿਕ ਡਾਇਵਰਜਨ, ਮੈਡੀਕਲ ਐਮਰਜੈਂਸੀ ਸਹੂਲਤਾਂ, ਟਾਇਲਟ, ਪੀਣ ਵਾਲੇ ਪਾਣੀ ਦੀ ਉਪਲਬਧਤਾ, ਮੀਂਹ ਤੋ ਬਚਾਅ ਲਈ ਤਰਪਾਲ ਸ਼ੈਲਟਰ, ਲਾਈਟਿੰਗ, ਬੈਰੀਕੇਟਿੰਗ, ਸੁਰੱਖਿਆ ਪ੍ਰਬੰਧ, ਸਾਫ਼ ਸਫ਼ਾਈ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਸਮੇਂ ਸਿਰ ਮੁਹੱਈਆਂ ਕਰਵਾਉਣ ਲਈ ਕਿਹਾ ਗਿਆ ।
ਕਰਨਲ ਰਾਜਾ ਨੇ ਦਸਿਆ ਕਿ ਲਿਖਤੀ ਪ੍ਰੀਖਿਆ ਪਾਸ ਕਰ ਚੁੱਕੇ 8 ਤੋਂ 9 ਹਜ਼ਾਰ ਨੌਜਵਾਨ ਇਸ ਭਰਤੀ ਰੈਲੀ ‘ਚ ਸ਼ਾਮਲ ਹੋਣਗੇ । ਉਹਨਾਂ ਨੇ ਜਾਣਕਾਰੀ ਦਿੱਤੀ ਜ਼ਿਲ੍ਹਾ-ਵਾਰ ਰੋਸਟਰ ਤਿਆਰ ਕੀਤਾ ਜਾ ਰਿਹਾ ਹੈ ਅਤੇ ਹਰ ਰੋਜ਼ ਲਗਭਗ 700 ਉਮੀਦਵਾਰ ਟੈਸਟ ਲਈ ਸਵੇਰੇ 4 ਵਜੇ ਤੱਕ ਪਹੁੰਚ ਜਾਣਗੇ ।
ਇਸ ਮੌਕੇ ਪੁਲਿਸ ਵਿਭਾਗ, ਖੇਡ ਵਿਭਾਗ, ਫਾਇਰ ਵਿਭਾਗ, ਪੀ.ਐਸ.ਪੀ.ਸੀ.ਐਲ, ਮੰਡੀ ਬੋਰਡ , ਰੋਜ਼ਗਾਰ ਵਿਭਾਗ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਸਨ ।