ਸ਼ਾਂਤੀ ਨਗਰ ‘ਚ ਮੀਂਹ ਪ੍ਰਭਾਵਿਤ ਪਰਿਵਾਰਾਂ ਨੂੰ ਰੈੱਡ ਕਰਾਸ ਨੇ ਰਾਹਤ ਸਮੱਗਰੀ ਵੰਡੀ

0

– ਜ਼ਿਲ੍ਹਾ ਪ੍ਰਸ਼ਾਸਨ ਤੇ ਰੈੱਡ ਕਰਾਸ ਟੀਮ ਨੇ ਕੀਤਾ ਸਾਂਝਾ ਸਰਵੇਖਣ , ਰਾਸ਼ਨ ਕਿੱਟਾਂ, ਗੱਦੇ ਅਤੇ ਹਾਈਜਿਨ ਕਿੱਟਾਂ ਵੰਡੀਆਂ

(Rajinder Kumar) ਹੁਸ਼ਿਆਰਪੁਰ, 8 ਜੁਲਾਈ 2025: 6 ਜੁਲਾਈ 2025 ਨੂੰ ਜ਼ਿਲ੍ਹੇ ਵਿੱਚ ਭਾਰੀ ਬਾਰਿਸ਼ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ। ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ, ਜਿਸ ਵਿੱਚੋਂ ਸ਼ਾਂਤੀ ਨਗਰ ਦੇ ਨੇੜੇ ਅਸਲਾਮਾਬਾਦ ਇਲਾਕਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ। ਘਰਾਂ ਅਤੇ ਗਲੀਆਂ ਵਿੱਚ ਪਾਣੀ ਭਰਨ ਕਾਰਨ ਲੋਕਾਂ ਦਾ ਰੋਜ਼ਾਨਾ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਅਤੇ ਉਨ੍ਹਾਂ ਨੂੰ ਭਾਰੀ ਨੁਕਸਾਨ ਹੋਇਆ।

ਇਸ ਸਥਿਤੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ-ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਦੇ ਨਿਰਦੇਸ਼ਾਂ ‘ਤੇ 7 ਜੁਲਾਈ ਨੂੰ ਰੈੱਡ ਕਰਾਸ ਸੁਸਾਇਟੀ ਵੱਲੋਂ ਇੱਕ ਸਰਵੇਖਣ ਮੁਹਿੰਮ ਚਲਾਈ ਗਈ। ਇਸ ਸਰਵੇਖਣ ਵਿੱਚ ਰੈੱਡ ਕਰਾਸ ਵਿਖੇ ਇੰਟਰਨਸ਼ਿਪ ਕਰ ਰਹੇ ਵਲੰਟੀਅਰਾਂ, ਸਟਾਫ਼ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸਰਵੇਖਣ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬਾਰਿਸ਼ ਕਾਰਨ ਇਲਾਕੇ ਵਿੱਚ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਸੀ। ਲੋਕਾਂ ਦੇ ਘਰਾਂ ਵਿੱਚ ਪਾਣੀ ਭਰਨ ਕਾਰਨ ਬਿਸਤਰੇ, ਗੱਦੇ, ਕੱਪੜੇ ਅਤੇ ਹੋਰ ਜ਼ਰੂਰੀ ਸਮਾਨ ਤਬਾਹ ਹੋ ਗਿਆ ਸੀ। ਖਾਣ-ਪੀਣ ਦੀਆਂ ਚੀਜ਼ਾਂ ਦੀ ਵੀ ਭਾਰੀ ਘਾਟ ਸੀ।

ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਅਕਸ਼ੈ ਸ਼ਰਮਾ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਅਰਿਤਿਕਾ ਧਾਰਾ ਸਮੇਤ ਰੈਡ ਕਰਾਸ ਵਿਚ ਇੰਟਰਸ਼ਿਪ ਕਰ ਰਹੇ ਕਈ ਵਲੰਟੀਅਰਾਂ ਵਲੋਂ ਪੀੜਤ ਪਰਿਵਾਰਾਂ ਦੀ ਸੂਚੀ ਤਿਆਰ ਕੀਤੀ ਗਈ। ਇਸ ਸੂਚੀ ਦੇ ਆਧਾਰ ‘ਤੇ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਰੈੱਡ ਕਰਾਸ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਕਿੱਟਾਂ, ਗੱਦੇ, ਹਾਈਜਿਨ ਕਿੱਟਾਂ ਅਤੇ ਟਰਟਸ਼ਾਈ ਪ੍ਰਿੰਟ ਮੱਛਰਦਾਨੀ ਆਦਿ ਵਰਗੀਆਂ ਜ਼ਰੂਰੀ ਚੀਜ਼ਾਂ ਵੰਡੀਆਂ ਗਈਆਂ।

ਇਸ ਮੌਕੇ ਰੈੱਡ ਕਰਾਸ ਦੇ ਸੰਯੁਕਤ ਸਕੱਤਰ ਆਦਿਤਿਆ ਰਾਣਾ, ਪਿੰਡ ਦੇ ਸਰਪੰਚ ਜਸਵੀਰ ਸਿੰਘ (ਜੱਸੀ), ਸੰਦੀਪ ਚੇਚੀ, ਪਵਨ ਸੈਣੀ ਅਤੇ ਕਈ ਪ੍ਰਭਾਵਿਤ ਪਰਿਵਾਰ ਮੌਜੂਦ ਸਨ।

ਸ੍ਰੀ ਸੂਦ ਨੇ ਅੱਗੇ ਕਿਹਾ ਕਿ ਰੈੱਡ ਕਰਾਸ ਸੋਸਾਇਟੀ ਦਾ ਕੰਮ ਜਨਤਕ ਸਹਿਯੋਗ ਅਤੇ ਦਾਨ ‘ਤੇ ਅਧਾਰਤ ਹੈ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੁਦਰਤੀ ਆਫ਼ਤ ਦੌਰਾਨ ਵਿੱਤੀ ਜਾਂ ਕਿਸੇ ਹੋਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਕੇ ਰੈੱਡ ਕਰਾਸ ਦੇ ਇਸ ਜਨਤਕ ਸੇਵਾ ਕਾਰਜ ਵਿੱਚ ਯੋਗਦਾਨ ਪਾਉਣ, ਤਾਂ ਜੋ ਪੀੜਤਾਂ ਨੂੰ ਨਿਰੰਤਰ ਰਾਹਤ ਪ੍ਰਦਾਨ ਕੀਤੀ ਜਾ ਸਕੇ। ਚਾਹਵਾਨ ਵਿਅਕਤੀ ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਰੈੱਡ ਕਰਾਸ ਦਫ਼ਤਰ, ਜੋਧਾ ਮੇਲ ਰੋਡ, ਸਿਵਲ ਲਾਈਨਜ਼, ਹੁਸ਼ਿਆਰਪੁਰ ਵਿਚ ਸੰਪਰਕ ਕਰ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

About The Author

Leave a Reply

Your email address will not be published. Required fields are marked *