ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੇ ਜ਼ਿਲ੍ਹੇ ਦਾ ਨਾਮ ਚਮਕਾਇਆ

0

– ਬਲਾਕ ਪਟਿਆਲਾ-2 ਦੇ ਚਾਰ ਅਧਿਆਪਕਾਂ ਦਾ ਸਿੱਖਿਆ ਮੰਤਰੀ ਵੱਲੋਂ ਸਨਮਾਨ

– ਅੰਤਰਰਾਸ਼ਟਰੀ ਪੰਜਾਬੀ ਬੋਲੀ ਓਲੰਪਿਆਡ ਲਈ ਪੜ੍ਹਨ ਸਮਗਰੀ ਤਿਆਰ ਕਰਨ ‘ਤੇ ਮਿਲਿਆ ਸਨਮਾਨ

(Rajinder Kumar) ਪਟਿਆਲਾ, 5 ਜੁਲਾਈ 2025: ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੇ ਸੂਬੇ ਭਰ ਵਿੱਚ ਜ਼ਿਲ੍ਹਾ ਪਟਿਆਲਾ ਦਾ ਨਾਮ ਚਮਕਾਇਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੰਤਰਰਾਸ਼ਟਰੀ ਪੰਜਾਬੀ ਬੋਲੀ ਓਲੰਪਿਆਡ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਨ ਸਬੰਧੀ ਸਮਾਰੋਹ ਕਰਵਾਇਆ ਗਿਆ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਪੰਜਾਬੀ ਬੋਲੀ ਓਲੰਪਿਆਡ ਲਈ ਪੜ੍ਹਨ ਸਮਗਰੀ ਤਿਆਰ ਕਰਨ ਵਾਲੇ ਸੂਬੇ ਭਰ ਦੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ਮੂਲੀਅਤ ਕੀਤੀ। ਇਸ ਸਨਮਾਨ ਸਮਾਰੋਹ ਦੌਰਾਨ  ਜ਼ਿਲ੍ਹਾ ਪਟਿਆਲਾ ਦੇ ਸਕੂਲ ਸਿੱਖਿਆ ਤਹਿਤ ਬਲਾਕ ਪਟਿਆਲਾ-2 ਦੇ ਚਾਰ ਅਧਿਆਪਕਾਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਕੋਲੋਂ ਸਨਮਾਨ ਹਾਸਲ ਕੀਤੇ। ਜਿਨ੍ਹਾਂ ਵਿੱਚ ਬਲਾਕ ਪਟਿਆਲਾ-2 ਦੇ ਸਰਕਾਰੀ ਐਲੀਮੈਂਟਰੀ ਸਕੂਲ ਮਲਟੀਪਰਪਜ਼ ਦੇ ਸਟੇਟ ਅਵਾਰਡੀ ਈਟੀਟੀ ਅਧਿਆਪਕ ਰਾਜਵੰਤ ਸਿੰਘ, ਸਰਕਾਰੀ ਐਲੀਮੈਂਟਰੀ ਸਕੂਲ ਤ੍ਰਿਪੜੀ ਦੇ ਸਟੇਟ ਅਵਾਰਡੀ ਈਟੀਟੀ ਅਧਿਆਪਕ ਅਮਨਦੀਪ ਕੌਰ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ਦੇ ਈਟੀਟੀ ਅਧਿਆਪਕ ਡਾ. ਨਰਿੰਦਰ ਸਿੰਘ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਸੈਦਖੇੜੀ ਦੇ ਈਟੀਟੀ ਅਧਿਆਪਕ ਪਰਨੀਤ ਕੌਰ ਸ਼ਾਮਲ ਹਨ।

ਇਸ ਮੌਕੇ ਬਲਾਕ ਪਟਿਆਲਾ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪ੍ਰਿਥੀ ਸਿੰਘ ਨੇ ਉਕਤ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹਨਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਬਲਾਕ ਵਿੱਚੋਂ ਚਾਰ ਅਧਿਆਪਕਾਂ ਨੂੰ ਪੜ੍ਹਨ ਸਮਗਰੀ ਤਿਆਰ ਕਰਨ ਲਈ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਅੱਗੇ ਆਖਿਆ ਕਿ ਸਿੱਖਿਆ ਮੰਤਰੀ ਵੱਲੋਂ ਸਨਮਾਨ ਮਿਲਣਾ ਆਪਣੇ ਆਪ ਵਿੱਚ ਵੱਡੀ ਗੱਲ ਹੈ। ਬੀਪੀਈਓ ਪ੍ਰਿਥੀ ਸਿੰਘ ਨੇ ਕਿਹਾ ਕਿ ਇਹ ਚਾਰ ਅਧਿਆਪਕ ਸਿੱਖਿਆ ਵਿਭਾਗ ਪੰਜਾਬ ਦੇ ਵੱਖ-ਵੱਖ ਪ੍ਰੋਜੈਕਟਾਂ ਵਿੱਚ ਲੰਬੇ ਸਮੇਂ ਤੋਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪਟਿਆਲਾ ਸਮੇਤ ਬਲਾਕ ਪਟਿਆਲਾ-2 ਵਿੱਚ ਵੀ ਲਗਾਤਾਰ ਕੰਮ ਕਰ ਰਹੇ ਹਨ।

ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ (ਸਾਬਕਾ ਆਈਏਐਸ ਅਧਿਕਾਰੀ) ਅਮਰਪਾਲ ਸਿੰਘ, ਡਾਇਰੈਕਟਰ ਪ੍ਰਾਇਮਰੀ ਸਿੱਖਿਆ ਹਰਕੀਰਤ ਕੌਰ ਚਾਨੀ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਗੁਰਿੰਦਰ ਸਿੰਘ ਸੋਢੀ, ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਜਸਵੰਤ ਸਿੰਘ ਜ਼ਫ਼ਰ ਅਤੇ ਪੰਜਾਬੀ ਭਾਸ਼ਾ ਸੈੱਲ ਦੇ ਮੁਖੀ ਪਰਮਿੰਦਰ ਕੌਰ ਸਮੇਤ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ।

ਡੱਬੀ

ਸਨਮਾਨ ਮਿਲਣ ਨਾਲ ਹੌਸਲਾ ਵਧਿਆ :   ਅਧਿਆਪਕ

ਉਹ ਤੋਂ ਸਨਮਾਨ ਹਾਸਲ ਕਰਨ ਵਾਲੇ ਅਧਿਆਪਕ ਰਾਜਵੰਤ ਸਿੰਘ, ਅਮਨਦੀਪ ਕੌਰ, ਡਾ. ਨਰਿੰਦਰ ਸਿੰਘ ਤੇ ਅਧਿਆਪਕਾ ਪ੍ਰਨੀਤ ਕੌਰ ਨੇ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਨਮਾਨ ਮਿਲਣ ਨਾਲ ਉਹਨਾਂ ਦਾ ਹੌਸਲਾ ਹੋਰ ਵੀ ਵਧਿਆ ਹੈ। ਉਹ ਭਵਿੱਖ ਵਿੱਚ ਹੋਰ ਵੀ ਵਧੀਆ ਕੰਮ ਕਰਨ ਲਈ ਪ੍ਰੇਰਿਤ ਹੋਏ ਹਨ। ਉਹਨਾਂ ਆਖਿਆ ਕਿ ਉਹ ਭਵਿੱਖ ਵਿੱਚ ਵੀ ਸਕੂਲ ਸਿੱਖਿਆ ਵਿਭਾਗ ਵੱਲੋਂ ਸੌਂਪੇ ਜਾਣ ਵਾਲੇ ਪ੍ਰੋਜੈਕਟ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਦੇ ਰਹਿਣਗੇ।

ਡੱਬੀ

ਡੀਈਓ ਅਤੇ ਬੀਪੀਈਓ ਨੇ ਦਿੱਤੀ ਵਧਾਈ 

ਜ਼ਿਲ੍ਹੇ ਦੇ ਚਾਰ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਨਮਾਨ ਮਿਲਣ ‘ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਸ਼ਾਲੂ ਮਹਿਰਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਮਨਵਿੰਦਰ ਕੌਰ ਭੁੱਲਰ ਅਤੇ ਬਲਾਕ ਪਟਿਆਲਾ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪ੍ਰਿਥੀ ਸਿੰਘ ਵੱਲੋਂ ਵਿਸ਼ੇਸ਼ ਤੌਰ ‘ਤੇ ਵਧਾਈ ਦਿੱਤੀ ਗਈ ਹੈ। ਉਕਤ ਅਧਿਕਾਰੀਆਂ ਨੇ ਆਖਿਆ ਕਿ ਜ਼ਿਲ੍ਹੇ ਭਰ ਦੇ ਹੋਰਨਾਂ ਅਧਿਆਪਕਾਂ ਨੂੰ ਵੀ  ਇਹਨਾਂ ਅਧਿਆਪਕਾ ਤੋਂ ਪ੍ਰੇਰਨਾ ਲੈਂਦੇ ਹੋਏ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ  ਵੱਖ-ਵੱਖ ਪ੍ਰੋਜੈਕਟਾਂ ਵਿੱਚ ਭਾਗ ਲੈਣਾ ਚਾਹੀਦਾ ਹੈ।

About The Author

Leave a Reply

Your email address will not be published. Required fields are marked *