ਫਾਜ਼ਿਲਕਾ ਸਿਹਤ ਨਾਮਾ- ਬਰਸਾਤੀ ਬੀਮਾਰੀਆਂ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਵੱਖ-ਵੱਖ ਰੋਕਥਾਮੀ ਮੁਹਿੰਮਾਂ ਚਲਾਈਆਂ

– ਫਾਜ਼ਿਲਕਾ ਵਿਚ ਹਾਲੇ ਡੇਂਗੂ ਦਾ ਕੋਈ ਕੇਸ ਨਹੀਂ
(Rajinder Kumar) ਫਾਜ਼ਿਲਕਾ, 4 ਜੁਲਾਈ 2025: ਡਾ ਰਾਜ ਕੁਮਾਰ ਸਿਵਲ ਸਰਜਨ ਫ਼ਾਜ਼ਿਲਕਾ ਦੀ ਉਚੇਚੀ ਨਿਗਰਾਨੀ ਵਿੱਚ ਡਾ ਸੁਨੀਤਾ ਕੰਬੋਜ਼ ਜ਼ਿਲ੍ਹਾ ਐਪੀਡਮੈਲੋਜਿਸਟ ਵੱਲੋਂ ਜ਼ਿਲ੍ਹੇ ਦੇ ਸਮੂਹ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਅਤੇ ਵਰਕਰਾਂ ਦੀ ਡੇਂਗੂ, ਮਲੇਰੀਆ, ਪਰਿਵਾਰ ਨਿਯੋਜਨ ਅਤੇ ਤੀਬਰ ਦਸਤ ਰੋਕੂ ਪੰਦਰਵਾੜੇ ਸਬੰਧੀ ਮੀਟਿੰਗ ਕੀਤੀ ਗਈ। ਇਸ ਸਮੇਂ ਡਾ ਸੁਨੀਤਾ ਨੇ ਦੱਸਿਆ ਕਿ ਬਰਸਾਤਾਂ ਦੇ ਮੌਸਮ ਅਤੇ ਮੱਛਰ ਦੀ ਪੈਦਾਇਸ਼ ਕਰਕੇ ਡੇਂਗੂ ਹੋਣ ਦਾ ਖਤਰਾ ਵੱਧ ਜਾਂਦਾ ਹੈ। ਉਹਨਾਂ ਕਿਹਾ ਕਿ ਭਾਵੇਂ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਡੇਂਗੂ ਦਾ ਕੋਈ ਵੀ ਕੇਸ ਨਹੀਂ ਆਇਆ ਹੈ। ਪਾਣੀ ਦੇ ਨਮੂਨੇ ਲੈਣ ਦੇ ਨਿਰਦੇਸ਼ ਦਿੱਤੇ। ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਣਾ, ਮਨਬੀਰ ਸਿੰਘ, ਦਿਵੇਸ਼ ਕੁਮਾਰ ਅਤੇ ਸੁਖਦੇਵ ਸਿੰਘ ਵੀ ਮੌਜੂਦ ਸਨ।
ਓਧਰ ਖੂਈਖੇੜਾ ਬਲਾਕ ਦੇ ਸਾਰੇ ਆਯੁਸ਼ਮਾਨ ਅਰੋਗਿਆ ਕੇਂਦਰਾਂ ਵਿੱਚ ਓਆਰਐਸ-ਜ਼ਿੰਕ ਕਾਰਨਰ ਸਥਾਪਤ ਕੀਤੇ ਗਏ ਹਨ। ਡਾ. ਰੋਹਿਤ ਗੋਇਲ ਨੇ ਦੱਸਿਆ ਕਿ ਬਰਸਾਤ ਵਿੱਚ ਬੱਚਿਆਂ ਵਿੱਚ ਦਸਤ ਵੱਧਦੇ ਹਨ, ਜਿਸ ਤੋਂ ਬਚਾਅ ਲਈ ਓਆਰਐਸ ਅਤੇ ਜ਼ਿੰਕ ਦੀਆਂ ਗੋਲੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਅਰਪਿਤ ਗੁਪਤਾ ਨੇ ਦੱਸਿਆ ਕਿ 31 ਅਗਸਤ ਤੱਕ ਦਸਤ ਰੋਕੂ ਮੁਹਿੰਮ ਚਲਾਈ ਜਾਵੇਗੀ, ਜਿਸ ਹੇਠ ਆਸ਼ਾ ਅਤੇ ਏਐਨਐਮ ਘਰ-ਘਰ ਜਾ ਕੇ ਦਵਾਈਆਂ ਵੰਡ ਰਹੀਆਂ ਹਨ।
ਇਸ ਦੇ ਨਾਲ ਹੀ, ਡੇਂਗੂ ਦੀ ਰੋਕਥਾਮ ਲਈ -ਹਰ ਸ਼ੁੱਕਰਵਾਰ, ਡੇਂਗੂ ਤੇ ਵਾਰ- ਮੁਹਿੰਮ ਅਧੀਨ ਪੇਂਡੂ ਹੈਲਥ ਕਮੇਟੀਆਂ ਦੇ ਸਹਿਯੋਗ ਨਾਲ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਅਰਬਨ ਏਰੀਏ ਦੇ ਨਾਲ ਨਾਲ ਪਿੰਡ ਬੇਗਾਂਵਾਲੀ, ਬਰੇਕਾਂ, ਜੰਡਵਾਲਾ ਖਰਤਾ ਅਤੇ ਕੂਹਾੜਿਆਂ ਵਾਲੀ ਵਿੱਚ ਵੀ ਕੈਂਪ ਲਗਾ ਕੇ ਲੋਕਾਂ ਨੂੰ ਡੇਂਗੂ ਦੇ ਲੱਛਣ, ਬਚਾਅ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ।
ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਆਪਣੇ ਆਲੇ ਦੁਆਲੇ ਪਾਣੀ ਨਾ ਖੜ੍ਹਾ ਹੋਣ ਦੇਣ, ਕੂਲਰ, ਫਰਿੱਜ ਟ੍ਰੇਆਂ, ਗਮਲਿਆਂ ਅਤੇ ਟੈਂਕੀਆਂ ਦੀ ਸਫਾਈ ਕਰਨ, ਮੱਛਰਦਾਨੀ ਵਰਤਣ ਅਤੇ ਬੁਖਾਰ ਦੀ ਸਥਿਤੀ ਵਿੱਚ ਤੁਰੰਤ ਸਰਕਾਰੀ ਹਸਪਤਾਲ ਜਾਂ ਆਮ ਆਦਮੀ ਕਲੀਨਿਕ ਵਿੱਚ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ। ਇਹ ਇਲਾਜ ਮੁਫ਼ਤ ਉਪਲਬਧ ਹੈ। ਅਰਬਨ ਏਰੀਏ ਫਾਜ਼ਿਲਕਾ ਵਿੱਚ ਟੀਮਾਂ ਵੱਲੋਂ ਅਨੰਦਪੁਰ ਮੁਹੱਲਾ, ਕਾਂਸੀ ਰਾਮ ਕਲੋਨੀ, ਵਿਜੇ ਕਲੋਨੀ, ਰਾਇਲ ਕਲੋਨੀ, ਹੈੱਡ ਗਰੇਵਾਲ ਕਲੋਨੀ ਵਿੱਚ ਜਾ ਕੇ ਲਾਰਵਾ ਲੱਭਿਆ ਅਤੇ ਨਸ਼ਟ ਕਰਵਾਇਆ ਗਿਆ। ਇਨ੍ਹਾਂ ਮੁਹਿੰਮਾਂ ਵਿੱਚ ਸਿਹਤ ਕਰਮਚਾਰੀ, ਆਸ਼ਾ ਵਰਕਰਾਂ, ਸੀਐਚਓ, ਏਐਨਐਮ ਅਤੇ ਮੀਡੀਆ ਵਿੰਗ ਦੀ ਸਰਾਹਣਯੋਗ ਭੂਮਿਕਾ ਰਹੀ।
ਬਾਕਸ ਲਈ ਪ੍ਰਸਤਾਵਿਤ
ਦਸਤ ਲੱਗਣ ਦੀ ਸੂਰਤ ਵਿੱਚ ਕੀ ਕਰੀਏ
ਓਆਰਐਸ ਸਪਲੀਮੈਂਟ ਦਿੱਤੇ ਜਾਣੇ ਚਾਹੀਦੇ ਹਨ, ਜੋ ਸਰੀਰ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਕਰਦੇ ਹਨ। ਜ਼ਿੰਕ ਦੀਆਂ ਗੋਲੀਆਂ ਵੀ 14 ਦਿਨਾਂ ਲਈ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ, ਜੋ ਕਿ 2 ਮਹੀਨੇ ਤੋਂ 6 ਮਹੀਨੇ ਦੇ ਬੱਚੇ ਲਈ 10 ਮਿਲੀਗ੍ਰਾਮ (ਅੱਧੀ ਗੋਲੀ) ਹੈ ਅਤੇ ਛੇ ਮਹੀਨੇ ਤੋਂ ਵੱਧ ਉਮਰ ਦੇ ਬੱਚੇ ਨੂੰ 20 ਮਿਲੀਗ੍ਰਾਮ ਦੀ ਪੂਰੀ ਗੋਲੀ ਸਾਫ਼ ਪਾਣੀ ਨਾਲ ਦਿੱਤੀ ਜਾਣੀ ਚਾਹੀਦੀ ਹੈ।ਸਫਾਈ ਰੱਖਣੀ ਚਾਹੀਦੀ ਹੈ।