ਲਾਡੋਵਾਲ ਥਾਣੇ ਦੇ ਪਿੰਡ ਤਲਵੰਡੀ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਧੀਨ 5 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫ਼ਤਾਰ: ਪੁਲਿਸ ਕਮਿਸ਼ਨਰ

0

– ਯੁੱਧ ਨਸ਼ਿਆਂ ਵਿਰੁੱਧ ਤਹਿਤ 467 ਮਾਮਲੇ ਦਰਜ, 623 ਵਿਅਕਤੀ ਗ੍ਰਿਫ਼ਤਾਰ, 20 ਕਿਲੋ ਹੈਰੋਇਨ, 15 ਕਿਲੋ ਅਫੀਮ ਅਤੇ 300 ਕਿੱਲੋਂ ਚੂਰਾ ਪੋਸਤ ਬਰਾਮਦ

– ਨਸ਼ਿਆਂ ਦੇ ਮਾਮਲੇ ’ਚ ਜ਼ਮਾਨਤ ‘ਤੇ ਆਉਣ ਵਾਲਿਆਂ ‘ਤੇ ਰੱਖੀ ਜਾਵੇਗੀ ਵਿਸ਼ੇਸ਼ ਨਜ਼ਰ, ਮੁੜ ਨਸ਼ਿਆਂ ਦੇ ਧੰਦੇ ‘ਚ ਸ਼ਾਮਲ ਹੋਣ ‘ਤੇ ਰੱਦ ਹੋਵੇਗੀ ਜ਼ਮਾਨਤ

(Rajinder Kumar) ਲੁਧਿਆਣਾ, 4 ਜੁਲਾਈ 2025: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲੁਧਿਆਣਾ ਪੁਲਿਸ ਕਮਿਸ਼ਨਰੇਟ ਨੇ ਸ਼ੁੱਕਰਵਾਰ ਸਵੇਰੇ ਪੁਲਿਸ ਸਟੇਸ਼ਨ ਲਾਡੋਵਾਲ ਅਧੀਨ ਪੈਂਦੇ ਪਿੰਡ ਤਲਵੰਡੀ ਵਿਖੇ ਚਲਾਏ ਕਾਸੋ ਅਪ੍ਰੇਸ਼ਨ ਤਹਿਤ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਕਮਿਸ਼ਨਰ ਸਵਪਨ ਸ਼ਰਮਾਂ ਨੇ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 8 ਵਿਅਕਤੀਆਂ ‘ਤੇ ਪੁਲਿਸ ਵੱਲੋਂ ਨਿਗਰਾਨੀ ਰੱਖੀ ਗਈ ਜਿਸ ਵਿਚੋਂ 5 ਵਿਅਕਤੀ ਫੜੇ ਗਏ ਹਨ ਜਿਨ੍ਹਾਂ ਕੋਲੋ ਵੱਖ-ਵੱਖ ਬਰਾਮਦਗੀਆਂ ਹੇਠ 150 ਅਤੇ 170 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਕੋਲ ਉਪਲਬਧ ਜਾਣਕਾਰੀ ਅਤੇ ਲੋਕ ਸ਼ਿਕਾਇਤਾਂ ਦੇ ਆਧਾਰ ‘ਤੇ ਪਿਛਲੇ ਕਈ ਦਿਨਾਂ ਤੋਂ ਪਿੰਡ ਤਲਵੰਡੀ ਦੇ 8 ਵਿਅਕਤੀਆਂ ‘ਤੇ ਨਜ਼ਰ ਰੱਖੀ ਜਾ ਰਹੀ ਸੀ ਜਿਨ੍ਹਾਂ ਵਿਚੋਂ 5 ਨੂੰ ਕਾਬੂ ਕਰ ਲਿਆ ਗਿਆ ਹੈ ਜਿਨ੍ਹਾਂ ਵਿਰੁੱਧ ਪਹਿਲਾਂ ਹੀ 18 ਪਰਚੇ ਦਰਜ ਹਨ ਅਤੇ ਉਹ ਜਮਾਨਤ ‘ਤੇ ਬਾਹਰ ਆਏ ਹੋਏ ਸਨ।

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਵਲੋਂ ਤਿਆਰ ਨੀਤੀ ਬਾਰੇ ਗੱਲ ਕਰਦਿਆਂ ਪੁਲਿਸ ਕਮਿਸ਼ਨ ਨੇ ਦੱਸਿਆ ਕਿ ਲੁਧਿਆਣਾ ਵਿੱਚ ਸੀ.ਆਈ.ਏ, ਕ੍ਰਾਈਮ ਬਰਾਂਚ ਅਤੇ ਸਪੈਸ਼ਲ ਸੈਲ ਨਸ਼ਿਆਂ ਦੇ ਖਾਤਮੇ ਲਈ ਪੂਰੀ ਦ੍ਰਿੜਤਾ ਨਾਲ ਕੰਮ ਕਰ ਰਹੇ ਹਨ ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਬ੍ਰਾਂਚਾਂ ਨੂੰ ਨਸ਼ੇ ਦੀ ਸਪਲਾਈ ਚੇਨ ਨੂੰ ਤੋੜਨ ਦਾ ਜਿੰਮਾ ਦਿੱਤਾ ਗਿਆ ਹੈ ਜਿਸ ਨੂੰ ਇਨ੍ਹਾਂ ਵੱਲੋਂ ਬਾਖੂਬੀ ਨਿਭਾਇਆ ਜਾ ਰਿਹਾ ਹੈ। ਪਿਛਲੇ ਚਾਰ ਮਹੀਨਿਆਂ ਦੌਰਾਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਵੱਲੋਂ ਕੀਤੀ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਸਵਪਨ ਸ਼ਰਮਾਂ ਨੇ ਦੱਸਿਆ ਕਿ ਲੁਧਿਆਣਾ ਕਮਿਸ਼ਨਰੇਟ ਵਿੱਚ ਇਸ ਅਰਸੇ ਦੌਰਾਨ ਐਨ.ਡੀ.ਪੀ.ਐਸ ਐਕਟ ਦੇ 467 ਪਰਚੇ ਦਰਜ ਕਰਕੇ ਨਸ਼ਿਆਂ ਦੇ ਧੰਦੇ ‘ਚ ਸ਼ਾਮਲ 623 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ 20 ਕਿਲੋ ਹੈਰੋਇਨ, 15 ਕਿਲੋ ਅਫੀਮ ਅਤੇ 300 ਕਿੱਲੋ ਦੇ ਕਰੀਬ ਚੂਰਾ ਪੋਸਤ ਬਰਾਮਦ ਕੀਤਾ ਗਿਆ ਹੈ।

ਕਮਿਸ਼ਨਰੇਟ ਲੁਧਿਆਣਾ ਵਿਖੇ ਐਨ.ਡੀ.ਪੀ.ਐਸ. ਐਕਟ ਦੇ ਕੇਸਾਂ ਵਿੱਚ ਸਜਾ ਦਰ ਦੀ ਗੱਲ ਕਰਦਿਆਂ ਸਵਪਨ ਸ਼ਰਮਾਂ ਨੇ ਦੱਸਿਆ ਕਿ ਕਮਿਸ਼ਨਰੇਟ ਦੇ ਕੇਸਾਂ ਵਿੱਚ 92 ਫੀਸਦੀ ਸਜਾ ਦਰ ਹੈ ਜੋ ਕਿ ਚੰਗੀ ਕਾਰਗੁਜਾਰੀ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰਾਂ ਨਾਲ ਜੁੜੀਆਂ 14 ਪ੍ਰਾਪਰਟੀਆਂ ਨੂੰ ਫਰੀਜ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਦੀ ਕੀਮਤ 3 ਕਰੋੜ ਰੁਪਏ ਦੇ ਕਰੀਬ ਹੈ। ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਦੀ ਹਦੂਦ ਅੰਦਰ ਨਸ਼ਾ ਤਸਕਰਾਂ ਨਾਲ ਸਬੰਧਤ ਗੈਰ ਕਾਨੂੰਨੀ ਅਤੇ ਕਬਜ਼ਿਆਂ ਵਾਲੀਆਂ 10 ਪ੍ਰਾਪਰਟੀਆਂ ਨੂੰ ਢਹਿ-ਢੇਰੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 18 ਕਾਸੋ ਅਪ੍ਰੇਸ਼ਨ ਕਰਕੇ ਨਸ਼ਾ ਤਸਕਰਾਂ ਦਾ ਸ਼ਿਕੰਜਾ ਕੱਸਣ ਦੇ ਨਾਲ-ਨਾਲ ਪੁਲਿਸ ਵੱਲੋਂ 105 ਵਿਅਕਤੀ, ਜੋ ਨਸ਼ੇ ਆਦੀ ਸਨ, ਨੂੰ ਮੁੜ ਵਸੇਬਾ ਕੇਂਦਰ ਵਿਖੇ ਭਰਤੀ ਕਰਵਾਇਆ ਗਿਆ ਹੈ ਅਤੇ 627 ਵਿਅਕਤੀਆਂ ਦਾ ਓਟ ਕਲੀਨਿਕਾਂ ਰਾਹੀਂ ਇਲਾਜ ਜਾਰੀ ਹੈ।

ਉਨ੍ਹਾਂ ਦੱਸਿਆ ਕਿ ਮੁਹਿੰਮ ਹੇਠ ਸ਼ੁਰੂ ਕੀਤੀਆਂ ਸੰਪਰਕ ਮੀਟਿੰਗਾਂ ਤਹਿਤ ਲੋਕਾਂ ਨਾਲ 345 ਮੀਟਿੰਗਾਂ ਕਰਕੇ ਉਨ੍ਹਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾ ਚੁੱਕਾ ਹੈ ਤਾਂ ਜੋ ਕੋਈ ਵੀ ਵਿਅਕਤੀ ਨਸ਼ਿਆਂ ਦੀ ਗ੍ਰਿਫਤ ਵਿੱਚ ਨਾ ਆ ਸਕੇ। ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਪੁਲਿਸ ਗਸ਼ਤ ਨੂੰ ਵੀ ਹੋਰ ਤੇਜ਼ ਕੀਤਾ ਜਾ ਰਿਹਾ ਹੈ ਤਾਂ ਜੋ ਜੁਰਮ ਨੂੰ ਰੋਕਿਆ ਜਾ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਡੀ.ਸੀ.ਪੀ (ਇਨਵੈਸਟੀਗੇਸ਼ਨ) ਹਰਪਾਲ ਸਿੰਘ, ਏ.ਸੀ.ਪੀ ਹਰਸ਼ਪ੍ਰੀਤ ਸਿੰਘ, ਏ.ਡੀ.ਸੀ.ਪੀ ਕਨਵਲਪ੍ਰੀਤ ਸਿੰਘ ਸ਼ਾਮਲ ਸਨ।

ਨਸ਼ਿਆਂ ਦੇ ਮਾਮਲਿਆਂ ‘ਚ ਜ਼ਮਾਨਤ ‘ਤੇ ਆਉਣ ਵਾਲਿਆਂ ਦੇ ਜ਼ਮਾਨਤੀ ਹੁਕਮਾਂ ‘ਚ ਲਿਖੀ ਜਾਵੇਗੀ ਵਿਸ਼ੇਸ਼ ਗੱਲ: ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਵੱਲੋਂ ਨਸ਼ਿਆਂ ਦੇ ਕੇਸਾਂ ਵਿੱਚ ਜਮਾਨਤ ‘ਤੇ ਬਾਹਰ ਆਉਣ ਵਾਲਿਆਂ ਦੇ ਜ਼ਮਾਨਤੀ ਹੁਕਮਾਂ ਵਿੱਚ ਵਿਸ਼ੇਸ਼ ਤੌਰ ‘ਤੇ ਦਰਜ ਕਰਵਾਇਆ ਜਾ ਰਿਹਾ ਹੈ ਕਿ ਜੇਕਰ ਉਹ ਮੁੜ ਨਸ਼ਿਆਂ ਦੇ ਧੰਦੇ ‘ਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਵੱਲੋਂ ਅਜਿਹੇ 6 ਮਾਮਲਿਆਂ ਵਿੱਚ ਜ਼ਮਾਨਤਾਂ ਰੱਦ ਕਰਵਾਈਆਂ ਜਾ ਚੁੱਕੀਆਂ ਹਨ।

About The Author

Leave a Reply

Your email address will not be published. Required fields are marked *