ਚਾਂਦਪੁਰਾ ਬੰਨ੍ਹ ਦੀ ਹੋ ਰਹੀ ਲਗਾਤਾਰ ਨਜ਼ਰਸਾਨੀ, ਡੀ ਸੀ ਮਾਨਸਾ

– ਕਿਹਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਦੂਰ, ਅਫਵਾਹਾਂ ਤੋਂ ਰਹੋ ਸੁਚੇਤ
– 22,000 ਕਿਉਸਿਕ ਪਾਣੀ ਦੀ ਸਮਰੱਥਾ ਵਾਲੇ ਚਾਂਦਪੁਰਾ ਬੰਨ੍ਹ ਵਿੱਚ ਇਸ ਵੇਲੇ 2700 ਕਿਉਸਿਕ ਪਾਣੀ
(Rajinder Kumar) ਮਾਨਸਾ, 3 ਜੁਲਾਈ 2025: ਬਰਸਾਤਾਂ ਵਿੱਚ ਸਿ਼ਵਾਲਿਕ ਪਹਾੜੀਆਂ ਤੋਂ ਉਤਪੰਨ ਹੋ ਕੇ ਹਿਮਾਚਲ ਹਰਿਆਣਾ ਤੇ ਪੰਜਾਬ ‘ਚੋਂ ਹੋ ਕੇ ਰਾਜਸਥਾਨ ਨੂੰ ਜਾਣ ਵਾਲੇ 320 ਕਿਲੋਮੀਟਰ ਲੰਮੇ ਘੱਗਰ ਦਰਿਆ ਵਿੱਚ ਚਾਂਦਪੁਰਾ ਬੰਨ੍ਹ ਨੇੜੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਫਿਲਹਾਲ ਕਾਫੀ ਦੂਰ ਹੈ । ਜਲ ਨਿਕਾਸ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਚਾਂਦਪੁਰਾ ਬੰਨ੍ਹ ਤੇ ਇਸ ਵੇਲੇ ਪਾਣੀ ਦਾ ਪੱਧਰ ਕੋਈ ਤਿੰਨ ਫੁੱਟ ਹੈ ਤੇ ਖਤਰੇ ਦਾ ਨਿਸ਼ਾਨ 14 ਫੁੱਟ ਤੇ ਹੈ ਅਤੇ ਇਹ ਬੰਨ੍ਹ ਬਹੁਤ ਮਜਬੂਤ ਵੀ ਹੈ । ਇਸੇ ਤਰ੍ਹਾਂ ਸਰਦੂਲਗੜ੍ਹ ਪੁਲ ਦੇ ਨਜ਼ਦੀਕ ਪਾਣੀ ਦਾ ਪੱਧਰ ਇਸ ਵੇਲੇ 9 ਫੁੱਟ ਹੈ ਤੇ ਖਤਰੇ ਦਾ ਨਿਸ਼ਾਨ 23 ਫੁੱਟ ਤੇ ਹੈ ।
ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੇ ਪਾਣੀ ਦੇ ਵਧ ਰਹੇ ਪੱਧਰ ਦੀਆਂ ਖਬਰਾਂ ਨੂੰ ਦਰਕਿਨਾਰ ਕਰਦਿਆਂ ਸਪਸ਼ਟ ਕੀਤਾ ਕਿ ਹਾਲ ਦੀ ਘੜੀ ਪਾਣੀ ਦੀ ਮਾਰ ਸਬੰਧੀ ਚਿੰਤਾ ਦੀ ਕੋਈ ਵੀ ਵਜ੍ਹਾ ਸਾਹਮਣੇ ਨਹੀਂ ਆਈ ਹੈ । ੳਨ੍ਹਾਂ ਦੱਸਿਆ ਕਿ ਚਾਂਦਪੁਰਾ ਬੰਨ੍ਹ ‘ਤੇ ਪਾਣੀ ਦੇ ਪੱਧਰ ਵਿੱਚ ਵਾਧਾ ਉਦੋਂ ਦਰਜ ਹੁੰਦਾ ਹੈ ਜਦੋਂ ਡੇਰਾ ਬੱਸੀ ਦੇ ਨਜ਼ਦੀਕ ਬਣੇ ਬੰਨ੍ਹ ਭੰਕਰਪੁਰ ਵਿੱਚ ਪਾਣੀ ਦੀ ਮਿਕਦਾਰ ਵਿੱਚ ਇਜ਼ਾਫਾ ਹੁੰਦਾ ਹੈ ।
ਹੋਰ ਸਪਸ਼ਟ ਰੂਪ ਵਿੱਚ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭੰਕਰਪੁਰ ਬੰਨ੍ਹ ‘ਤੇ ਪਾਣੀ ਦੀ ਮਾਤਰਾ ਮਾਪਣ ਲਈ 10 ਫੁੱਟ ਉੱਚਾ ਪੈਮਾਨਾ ਲੱਗਿਆ ਹੈ ਜਿਸ ਵਿੱਚ ਮੌਜੂਦਾ ਜਾਣਕਾਰੀ ਮੁਤਾਬਿਕ ਪਾਣੀ ਹਾਲੇ ਡੇੜ ਫੁੱਟ ਦੇ ਆਸ ਪਾਸ ਹੈ । ਜੇਕਰ ਉੱਥੇ ਪਾਣੀ ਦੇ ਪੱਧਰ ਵਿੱਚ ਵਾਧਾ ਦਰਜ ਹੁੰਦਾ ਹੈ ਤਾਂ ਉਸ ਵਧੇ ਹੋਏ ਪਾਣੀ ਨੂੰ ਚਾਂਦਪੁਰਾ ਸਾਈਫਨ ਕੋਨ ਅੱਪੜਨ ਲਈ ਘੱਟੋ ਘੱਟ ਤਿੰਨ ਦਿਨ ਲੱਗਣਗੇ ।
ਉਨ੍ਹਾਂ ਦੱਸਿਆ ਕਿ ਡ੍ਰੇਨੇਜ਼ ਵਿਭਾਗ ਦੇ ਸਾਰੇ ਅਧਿਕਾਰੀ ਉਨ੍ਹਾਂ ਨਾਲ ਲਗਾਤਾਰ ਰਾਬਤੇ ਵਿੱਚ ਹਨ ਅਤੇ ਪਾਣੀ ਦੇ ਵਧਣ ਸਬੰਧੀ ਕੋਈ ਵੀ ਸੂਚਨਾ ਉਨ੍ਹਾਂ ਦੇ ਤੁਰੰਤ ਧਿਆਨ ਹਿੱਤ ਲਿਆਂਦੀ ਜਾਵੇਗੀ ਅਤੇ ਸਾਰਾ ਪ੍ਰਸ਼ਾਸਨ ਫੌਰੀ ਕਾਰਵਾਈ ਲਈ ਤਿਆਰ ਬਰ ਤਿਆਰ ਹੈ ।
ਉਨ੍ਹਾਂ ਕਿਹਾ ਕਿ ਚਾਂਦਪੁਰਾ ਬੰਨ 20,000 ਤੋਂ 22,000 ਕਿਉਸਿਕ ਪਾਣੀ ਨੂੰ ਸੰਭਾਲਣ ਵਿੱਚ ਕਾਰਗਰ ਸਿੱਧ ਹੁੰਦਾ ਹੈ ਅਤੇ ਇਸ ਵੇਲੇ ਇਸ ਥਾਂ ਤੋਂ 2700 ਕਿਉਸਿਕ ਪਾਣੀ ਵਗਣ ਦੀਆਂ ਰਿਪੋਰਟਾਂ ਪ੍ਰਾਪਤ ਹੋ ਰਹੀਆਂ ਹਨ ਜਿਸਤੋਂ ਇਹ ਸਾਬਿਤ ਹੁੰਦਾ ਹੈ ਕਿ ਹਾਲ ਦੀ ਘੜੀ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਅਤੇ ਇੱਥੇ ਪਾਣੀ ਖਤਰੇ ਦੇ ਨਿਸ਼ਾਨ ਤੋਂ ਕਾਫੀ ਹੇਠਾਂ ਹੈ ।
ਘੱਗਰ ਦਰਿਆ ਦੇ ਵਗਦੇ ਪਾਣੀ ਵਿੱਚ ਵੇਲ ਬੂਟੀਆਂ ਅਤੇ ਇਸ ਤਰ੍ਹਾਂ ਦੀਆਂ ਹੋਰ ਕਿਸਮ ਦੀਆਂ ਚੀਜਾਂ ਕਾਰਨ ਰੁਕਾਵਟ ਆਉਣ ਦੇ ਖਦਸ਼ੇ ਨੂੰ ਵੀ ਦੂਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਸਥਿਤੀ ਨੂੰ ਨਜਿੱਠਣ ਲਈ ਵੀ ਵਿਭਾਗ ਦੇ ਸਾਰੇ ਅਧਿਕਾਰੀਆਂ ਵੱਲੋਂ ਪੁਰਜ਼ੋਰ ਕੋਸਿ਼ਸ਼ਾਂ ਕੀਤੀਆਂ ਜਾ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀ ਮੁਸ਼ਕਲ ਦੇ ਹੱਲ ਲਈ ਉਹ ਐਕਸੀਅਨ ਡ੍ਰੇਨੇਜ਼ ਅਤੇ ਇਸ ਵਿਭਾਗ ਦੇ ਹੋਰ ਉੱਚ ਪੱਤਰ ਦੇ ਅਧਿਕਾਰੀਆਂ ਨਾਲ ਵੀ ਉਹ ਲਗਾਤਾਰ ਸੰਪਰਕ ਵਿੱਚ ਹਨ । ਉਨ੍ਹਾਂ ਦੱਸਿਆ ਕਿ ਪੋਕਲੇਨ ਮਸ਼ੀਨ ਦਾ ਵੀ ਇੰਤਜਾ਼ਮ ਜਲਦ ਕੀਤਾ ਜਾ ਰਿਹਾ ਹੈ ਤਾਂ ਜੋ ਵੇਲ ਬੂਟੀਆਂ ਯਾਂ ਹੋਰ ਫਸੀਆਂ ਚੀਜ਼ਾਂ ਨੂੰ ਕੱਢਣ ਵਿੱਚ ਕਾਰਗਰ ਸਾਬਤ ਹੋਵੇਗੀ ।
ਜਲ ਨਿਕਾਸ ਵਿਭਾਗ ਦੇ ਨੁਮਾਇੰਦੇ ਜੋ ਕਿ ਲਗਾਤਾਰ ਪਾਤੜਾਂ ਦੇ ਨੇੜੇ ਖਨੌਰੀ ਬੰਨ੍ਹ ਦੇ ਅਧਿਕਾਰੀਆਂ ਨਾਲ ਵੀ ਰਾਬਤੇ ਵਿੱਚ ਹਨ, ਨੇ ਦੱਸਿਆ ਕਿ ਉੱਥੇ ਵੀ ਪਾਣੀ ਦਾ ਪੱਧਰ ਘਟ ਕੇ 739.3 ਕਿਉਸਿਕ ਹੋ ਗਿਆ ਹੈ ।
3 ਚੁਲਾਈ ਨੂੰ ਭਾਖੜਾ ਡੈਮ ਤੋਂ ਪਾਣੀ ਸਬੰਧੀ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਿਕ 1680 ਫੁੱਟ ਪਾਣੀ ਨੂੰ ਸੰਭਾਲਣ ਦੀ ਸਮਰੱਥਾ ਵਾਲੇ ਭਾਖੜਾ ਡੈਮ ਦੇ ਰਿਜ਼ਰਵਾਇਰ ਵਿੱਚ ਇਸ ਵੇਲੇ 1580.95 ਫੁੱਟ ਪਾਣੀ ਹੈ । ਮੀਂਹ ਦੇ ਪਾਣੀ ਸਬੰਧੀ ਆਂਕੜਿਆਂ ਮੁਤਾਬਿਕ ਨੰਗਲ ਵਿਖੇ 0.30 ਐਮ ਐਮ ਤੇ ਗੰਗਵਾਲ, ਕੋਟਲਾ, ਲੋਹੰਡ, ਭਰਤਗੜ੍ਹ ਤੇ ਰੋਪੜ ਵਿਖੇ ਇਹ ਆਂਕੜੇ ਸਿਫਰ ਵਿੱਚ ਦਰਜ ਕੀਤੇ ਗਏ ਹਨ ।