ਭਾਸ਼ਾ ਵਿਭਾਗ ਪੰਜਾਬ ਨੇ ਆਪਣੇ-ਆਪ ਨੂੰ ਪੜ੍ਹਨੇ ਲਗਾਇਆ

0

– ਹਰ ਮਹੀਨੇ ਹਰੇਕ ਮੁਲਾਜ਼ਮ ਨੇ ਪੜ੍ਹਨੀ ਸ਼ੁਰੂ ਕੀਤੀ ਘੱਟੋ-ਘੱਟ ਇੱਕ ਕਿਤਾਬ

(Rajinder Kumar) ਪਟਿਆਲਾ, 30 ਜੂਨ 2025: ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀਆਂ ਨੂੰ ਪੁਸਤਕ ਸੱਭਿਆਚਾਰ ਨਾਲ ਜੋੜਨ ਲਈ ਆਪਣੇ ਤੋਂ ਹੀ ਉੱਦਮ ਸ਼ੁਰੂ ਕੀਤਾ ਹੈ। ਜਿਸ ਤਹਿਤ ਵਿਭਾਗ ਦੇ ਡਾਇਰੈਕਟਰ ਤੋਂ ਲੈ ਕੇ ਸੇਵਾਦਾਰ ਤੱਕ ਨੂੰ ਇੱਕ ਮਹੀਨੇ ’ਚ ਘੱਟੋ-ਘੱਟ ਇੱਕ ਪੁਸਤਕ ਪੜ੍ਹਨੀ ਲਾਜ਼ਮੀ ਕੀਤੀ ਗਈ ਹੈ। ਅੱਜ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਇਸ ਕਾਰਜ ਦੇ ਸ਼ੁਰੂਆਤੀ ਮਹੀਨੇ ਜੂਨ ’ਚ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਪੜ੍ਹੀਆਂ ਗਈਆਂ ਕਿਤਾਬਾਂ ਦੀ ਭਾਸ਼ਾ, ਸ਼ੈਲੀ, ਵਿਸ਼ਾ-ਵਸਤੂ ਤੇ ਹੋਰਨਾਂ ਪੱਖਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਜਿਸ ਨੂੰ ਮੁਲਾਜ਼ਮਾਂ ਨੇ ਭਰਵਾਂ ਹੁੰਗਾਰਾ ਦਿੱਤਾ। ਜਿਆਦਾਤਰ ਮੁਲਾਜਮਾਂ ਨੇ ਜੂਨ ਮਹੀਨੇ ’ਚ ਕੋਈ ਨਾ ਕੋਈ ਕਿਤਾਬ ਪੜ੍ਹਨ ਬਾਰੇ ਸਾਂਝ ਪਾਈ ਅਤੇ ਜਿੰਨ੍ਹਾਂ ਮੁਲਾਜ਼ਮਾਂ ਨੇ ਇਸ ਮਹੀਨੇ ਕੋਈ ਕਿਤਾਬ ਨਹੀਂ ਪੜੀ ਉਨ੍ਹਾਂ ਨੇ ਅਹਿਦ ਕੀਤਾ ਕਿ ਉਹ ਅਗਲੇ ਮਹੀਨੇ ਘੱਟ-ਘੱਟ ਦੋ ਕਿਤਾਬਾਂ ਪੜ੍ਹਨਗੇ।

ਸ. ਜਸਵੰਤ ਸਿੰਘ ਜ਼ਫ਼ਰ ਨੇ ਸਮਾਗਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਕਿਤਾਬਾਂ ਪੜ੍ਹਨ ਵਾਲੇ ਮਾਪਿਆਂ ਨੂੰ ਕਦੇ ਵੀ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਨਹੀਂ ਕਹਿਣਾ ਪੈਂਦਾ ਸਗੋਂ ਉਨ੍ਹਾਂ ਦੇ ਬੱਚੇ ਆਪਣੇ ਮਾਪਿਆਂ ਨੂੰ ਹੀ ਆਦਰਸ਼ ਮੰਨਦੇ ਹੋਏ ਪੜ੍ਹਨ ’ਚ ਪੂਰਾ ਧਿਆਨ ਲਗਾਉਂਦੇ ਹਨ ਅਤੇ ਉੱਚੀਆਂ ਪਦਵੀਆਂ ਤੱਕ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਅਜੋਕੇ ਭੱਜ-ਦੌੜ ਵਾਲੇ ਦੌਰ ’ਚ ਕਿਤਾਬਾਂ ਹੀ ਇੱਕੋ-ਇੱਕ ਅਜਿਹਾ ਸਾਧਨ ਹੈ ਜੋ ਮਨੁੱਖ ਦੀ ਜ਼ਿੰਦਗੀ ’ਚ ਠਹਿਰਾਅ, ਸਕੂਨ ਤੇ ਸਹਿਜ ਲਿਆ ਸਕਦੀਆਂ ਹਨ।

ਸ. ਜ਼ਫ਼ਰ ਨੇ ਕਿਹਾ ਕਿ ਦਾਰਸ਼ਨਿਕ ਲੋਕਾਂ ਦੀ ਨਜ਼ਰ ’ਚ ਗਿਆਨਵਾਨ ਵਿਅਕਤੀ ਹੀ ਦੁਨੀਆ ਦੇ ਸਭ ਤੋਂ ਧਨੀ ਲੋਕ ਹੁੰਦੇ ਹਨ। ਇਸ ਕਰਕੇ ਪੁਸਤਕ ਅਜਿਹਾ ਸਾਧਨ ਹਨ ਜੋ ਹਰ ਦੁਨੀਆ ’ਤੇ ਸ਼੍ਰੇਣੀ ਵੰਡ ਨੂੰ ਸਮਾਪਤ ਕਰ ਸਕਦੀਆਂ ਹਨ। ਧਨ ਦੌਲਤ ਵੰਡਣ ਨਾਲ ਕਦੇ ਵੀ ਦੁਨੀਆ ’ਚ ਵੱਖ-ਵੱਖ ਅਧਾਰ ’ਤੇ ਹੋਈ ਸਮਾਜਿਕ ਵੰਡ ਸਮਾਪਤ ਨਹੀਂ ਹੋ ਸਕਦੀ ਪਰ ਪੁਸਤਕਾਂ ਰਾਹੀਂ ਹਾਸਿਲ ਕੀਤਾ ਗਿਆਨ ਦੁਨੀਆ ’ਚ ਸਭ ਤਰ੍ਹਾਂ ਦੀ ਵੰਡਾਂ ਨੂੰ ਖਤਮ ਕਰ ਸਕਦਾ ਹੈ।

ਸ. ਜ਼ਫ਼ਰ ਨੇ ਦੱਸਿਆ ਕਿ ਹਰ ਮਹੀਨੇ ਵਿਭਾਗ ਦੇ ਕਰਮਚਾਰੀ ਇਸੇ ਤਰ੍ਹਾਂ ਆਪਣੇ ਦੁਆਰਾ ਪੜ੍ਹੀਆਂ ਕਿਤਾਬਾਂ ਬਾਰੇ ਜਾਣਕਾਰੀ ਸਾਂਝੀ ਕਰਨਗੇ। ਇਸ ਮੌਕੇ ਭਾਸ਼ਾ ਵਿਭਾਗ ਦੇ ਮੁੱਖ ਦਫ਼ਤਰ ’ਚ ਤੈਨਾਤ ਅਧਿਕਾਰੀਆਂ ‘ਤੇ ਕਰਮਚਾਰੀਆਂ ਨੇ ਆਪਣੇ ਦੁਆਰਾ ਪੜ੍ਹੀਆਂ ਪੁਸਤਕਾਂ ਬਾਰੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ। ਵਿਭਾਗ ਦੇ ਬਹੁਤ ਸਾਰੇ ਕਰਮਚਾਰੀਆਂ ਨੇ ਵਿਭਾਗ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ।

ਇਸ ਮੌਕੇ ਡਿਪਟੀ ਡਾਇਰੈਕਟਰ ਚੰਦਨਦੀਪ ਕੌਰ ਤੇ ਸਤਨਾਮ ਸਿੰਘ, ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਆਲੋਕ ਚਾਵਲਾ, ਸੁਖਪ੍ਰੀਤ ਕੌਰ, ਤੇਜਿੰਦਰ ਸਿੰਘ ਗਿੱਲ, ਜਸਪ੍ਰੀਤ ਕੌਰ ਤੇ ਸੁਰਿੰਦਰ ਕੌਰ ਸਮੇਤ ਵੱਡੀ ਸਾਰੇ ਦੇ ਸਾਰੇ ਕਰਮਚਾਰੀ ਹਾਜ਼ਰ ਸਨ, ਜਿੰਨ੍ਹਾਂ ਨੇ ਆਪਣੇ ਦੁਆਰਾ ਪੜ੍ਹੀਆਂ ਕਿਤਾਬਾਂ ਬਾਰੇ ਜਾਣਕਾਰੀ ਦਿੱਤੀ। ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ ਨੇ ਕੀਤਾ।

About The Author

Leave a Reply

Your email address will not be published. Required fields are marked *