ਸਿਹਤ ਵਿਭਾਗ ਵਲੋਂ ਆਮ ਆਦਮੀ ਕਲੀਨਿਕਾਂ ਦੇ ਮੈਡੀਕਲ ਅਫਸਰਾਂ ਨੂੰ ਹਲਕਾਅ ਦਾ ਟੀਕਾਕਰਨ ਅਤੇ ਗੈਰ ਸੰਚਾਰੀ ਰੋਗਾਂ ਸਬੰਧੀ ਦਿੱਤੀ ਟ੍ਰੇਨਿੰਗ

– ਆਮ ਆਦਮੀ ਕਲੀਨਿਕਾਂ ਵਿੱਚ ਹੁਣ ਹਲਕਾਅ ਦਾ ਟੀਕਾਕਰਨ ਅਤੇ ਗੈਰ—ਸੰਚਾਰੀ ਰੋਗਾਂ ਦਾ ਹੋਵੇਗਾ ਇਲਾਜ: ਡਾਕਟਰ ਰਾਜ ਕੁਮਾਰ ਸਿਵਲ ਸਰਜਨ
(Rajinder Kumar) ਫ਼ਾਜ਼ਿਲਕਾ, 30 ਜੂਨ 2025: ਪੰਜਾਬ ਸਰਕਾਰ ਵੱਲੋਂ ਪੰਜਾਬ ਨਿਵਾਸੀਆਂ ਨੂੰ ਮਿਆਰੀ ਪੱਧਰ ਦੀਆਂ ਸਿਹਤ ਸਹੂਲਤਾਂ ਘਰਾਂ ਦੇ ਨੇੜੇ ਦੇਣ ਦੇ ਮਕਸਦ ਨਾਲ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਦਫ਼ਤਰ ਸਿਵਲ ਸਰਜਨ ਫ਼ਾਜ਼ਿਲਕਾ ਵਿਖੇ ਮਾਣਯੋਗ ਡਿਪਟੀ ਕਮਿਸ਼ਨਰ ਮੈਡਮ ਅਮਰਪ੍ਰੀਤ ਕੌਰ ਸੰਧੂ ਆਈ ਏ ਐੱਸ ਦੀ ਪ੍ਰਧਾਨਗੀ ਵਿੱਚ ਡਾਕਟਰ ਰਾਜ ਕੁਮਾਰ ਸਿਵਲ ਸਰਜਨ ਦੇਖ ਰੇਖ ਵਿੱਚ
ਡਾਕਟਰ ਰੋਹਿਤ ਗੋਇਲ ਸਹਾਇਕ ਸਿਵਲ ਸਰਜਨ, ਡਾਕਟਰ ਏਡਿਸਨ ਏਰਿਕ ਸੀਨੀਅਰ ਮੈਡੀਕਲ ਅਫਸਰ ਫ਼ਾਜ਼ਿਲਕਾ, ਡਾਕਟਰ ਸੁਨੀਤਾ ਕੰਬੋਜ਼ ਵੱਲੋਂ ਜਿਲ੍ਹਾ ਫ਼ਾਜ਼ਿਲਕਾ ਦੇ ਆਮ ਆਦਮੀ ਕਲੀਨਿਕਾਂ ਦੇ ਮੈਡੀਕਲ ਅਫ਼ਸਰਾਂ ਨੂੰ ਗੈਰ—ਸੰਚਾਰੀ ਰੋਗਾਂ ਅਤੇ ਹਲਕਾਅ ਦਾ ਟੀਕਾਕਰਨ ਸਬੰਧੀ ਟ੍ਰੇਨਿੰਗ ਕਰਵਾਈ ਗਈ। ਇਸ ਸਮੇਂ ਮੈਡਮ ਅਮਰਪ੍ਰੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਘਰਾਂ ਦੇ ਨੇੜੇ ਵਧੀਆਂ ਸਿਹਤ ਸਹੂਲਤਾਂ ਦੇਣ ਲਈ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਹੁਣ ਇਹਨਾਂ ਸੇਵਾਵਾਂ ਵਿਚ ਵਾਧਾ ਕਰਦੇ ਹੋਏ ਪਰਿਵਾਰ ਨਿਯੋਜਨ ਅਤੇ ਗਰਭਵਤੀ ਔਰਤਾਂ ਦੀ ਦੇਖਭਾਲ ਸਬੰਧੀ ਸੇਵਾਵਾਂ ਵੀ ਸ਼ੂਰੂ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਸੇਵਾਵਾਂ ਵਿਚ ਹੋਰ ਵਾਧਾ ਕਰਦੇ ਹੋਏ ਹੁਣ ਇੱਕ ਜੁਲਾਈ 2025 ਤੋਂ ਹਲਕਾਅ ਦਾ ਟੀਕਾਕਰਨ ਅਤੇ ਗੈਰ ਸੰਚਾਰੀ ਰੋਗਾਂ ਸਬੰਧੀ ਸੇਵਾਵਾਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ ।
ਡਾਕਟਰ ਸੁਨੀਤਾ ਕੰਬੋਜ਼ ਨੇ ਦੱਸਿਆ ਕਿ ਕੁੱਤਿਆਂ ਜਾਂ ਹੋਰ ਜਾਨਵਰਾਂ ਦੇ ਕੱਟਣ ਉਪਰੰਤ ਹਲਕਾਅ ਤੋਂ ਬਚਾਅ ਲਈ ਜੋ ਟੀਕਾਕਰਨ ਕੀਤਾ ਜਾਂਦਾ ਹੈ। ਇਹ ਸੇਵਾਵਾਂ ਹੁਣ ਤੱਕ ਸਿਵਲ ਹਸਪਤਾਲਾਂ ਅਤੇ ਸੀ.ਐਚ.ਸੀ. ਪੱਧਰ ਤੇ ਦਿੱਤੀਆਂ ਜਾਂਦੀਆਂ ਸਨ, ਹੁਣ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਘਰਾਂ ਦੇ ਨੇੜੇ ਇਹ ਸੇਵਾਵਾਂ ਉਪਲੱਬਧ ਕਰਵਾਉਣ ਲਈ ਆਮ ਆਦਮੀ ਕਲੀਨਿਕਾਂ ਵਿੱਚ ਵੀ ਇਹ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ। ਡਾਕਟਰ ਅੰਸ਼ੁਲ ਬਹਿਲ ਬੱਚਿਆਂ ਦੇ ਮਾਹਿਰ ਨੇ ਰੈਬੀਜ਼ ਵੈਕਸੀਨੇਸ਼ਨ ਦੀ ਡੋਜ਼, ਸਹੀ ਰੂਟ ਅਤੇ ਮਰੀਜ਼ਾਂ ਦੇ ਫੋਲੋ-ਅੱਪ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਬੱਚਿਆਂ ਵਿੱਚ ਕੁਪੋਸ਼ਣ ਅਤੇ ਅਨੀਮੀਆ ਬਾਰੇ ਵੀ ਦੱਸਿਆ। ਇਸ ਤੋਂ ਇਲਾਵਾ ਡਾਕਟਰ ਅਭਿਨਵ ਸਚਦੇਵਾ ਐਮ ਡੀ ਮੈਡੀਸਨ ਨੇ ਦੱਸਿਆ ਕਿ ਗੈਰ ਸੰਚਾਰੀ ਰੋਗਾਂ ਜਿਵੇਂ ਕਿ ਸ਼ੂਗਰ, ਬਲੱਡ ਪ੍ਰੈਸ਼ਰ ਆਦਿ ਦਾ ਇਲਾਜ ਵੀ ਆਮ ਆਦਮੀ ਕਲੀਨਿਕਾਂ ਤੇ ਉਪਲੱਬਧ ਕਰਵਾਇਆ ਜਾ ਰਿਹਾ ਹੈ।
ਡਾਕਟਰ ਸੁਨੀਤਾ ਕੰਬੋਜ਼ ਨੇ ਦੱਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਪੰਜਾਬ ਸਰਕਾਰ ਵਲੋਂ 26 ਆਮ ਆਦਮੀ ਕਲੀਨਿਕ ਬਣਾਏ ਗਏ ਹਨ ਜੋ ਕਿ ਸਫ਼ਲਤਾ ਪੂਰਵਕ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿਚ ਨਵੀਆਂ ਸੇਵਾਵਾਂ ਸ਼ੁਰੂ ਹੋਣ ਨਾਲ ਲੋਕਾਂ ਨੂੰ ਹੋਰ ਲਾਭ ਮਿਲੇਗਾ। ਇਸ ਮੌਕੇ ਆਮ ਆਦਮੀ ਕਲੀਨਿਕਾਂ ਦੇ ਮੈਡੀਕਲ ਅਫਸਰ, ਅਤਿੰਦਰ ਪਾਲ ਸਿੰਘ, ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਣਾ, ਮਨਬੀਰ ਸਿੰਘ, ਦੀਵੇਸ਼ ਕੁਮਾਰ ਆਦਿ ਹਾਜ਼ਰ ਸਨ।