ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਨਰਮੇ ਦੀ ਫ਼ਸਲ ਸੰਬੰਧੀ ਜਾਰੀ ਕੀਤੀ ਐਡਵਾਈਜ਼ਰੀ

(Rajinder Kumar) ਫਾਜ਼ਿਲਕਾ, 30 ਜੂਨ 2025: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ.ਐਸ.ਐਸ.ਗੋਸਲ ਦੀ ਅਗਵਾਈ ਅਤੇ ਪ੍ਰਸਾਰ ਨਿਰਦੇਸ਼ਕ ਡਾ.ਐਮ ਐਸ. ਭੁੱਲਰ ਦੇ ਦਿਸ਼ਾ ਨਿਰਦੇਸ਼ਾ ਤਹਿਤ, ਪੀ.ਏ.ਯੂ.,ਫਾਰਮ ਸਲਾਹਕਾਰ ਸੇਵਾ ਕੇਂਦਰ ਅਤੇ ਖੇਤਰੀ ਖੋਜ ਕੇਂਦਰ, ਅਬੋਹਰ ਦੇ ਵਿਗਿਆਨੀਆਂ ਵਲੋ ਜਿਲਾ ਫਾਜ਼ਿਲਕਾ ਦੇ ਵੱਖ ਵੱਖ ਪਿੰਡਾਂ (ਅਰਨੀਵਾਲਾ, ਟਾਹਲੀਵਾਲਾ ਜੱਟਾਂ, ਝੋਟਿਆਂਵਾਲਾ, ਖੜੁੰਜ, ਸ਼ਾਹਪੁਰਾ, ਮਹੂਆਣਾ ਬੋਦਲਾ, ਝੁੰਮਿਆਂਵਾਲੀ, ਮੁਰਾਦਵਾਲਾ, ਕੋਹਾੜੀਆਂਵਾਲਾ, ਧਰਾਂਗਵਾਲਾ, ਗੋਬਿੰਦਗੜ੍ਹ, ਤਾਜ਼ਾ ਪੱਟੀ) ਦਾ ਦੌਰਾ ਕਰ ਸਰਵੇਖਣ ਕੀਤਾ ਗਿਆ ਹੈ ਅਤੇ ਸਰਵੇਖਣ (ਸਰਵੇ) ਦੀ ਰਿਪੋਰਟ ਦੇ ਅਨੁਸਾਰ ਨਰਮੇ ਕਪਾਹ ਸੰਬੰਧੀ ਫ਼ਸਲੀ ਸਲਾਹ ਜਾਰੀ ਕੀਤੀ।
ਸਰਵੇਖਣ (ਸਰਵੇ) ਦੀ ਰਿਪੋਰਟ ਦੇ ਅਨੁਸਾਰ ਡਾ.ਮਨਪ੍ਰੀਤ ਸਿੰਘ (ਫ਼ਸਲ ਵਿਗਿਆਨੀ) ਨੇ ਕਾਸ਼ਤਕਾਰ ਵੀਰਾ ਨੂੰ ਉਚਿਤ ਮਾਤਰਾ ਵਿਚ ਖਾਦ ਪ੍ਰਬੰਧਨ ਦਾ ਧਿਆਨ ਰੱਖਣ ਅਤੇ ਨਰਮੇ ਦੀ ਫ਼ਸਲ ਨੂੰ ਪਹਿਲਾ ਪਾਣੀ ਲਾਉਣ ਤੋਂ ਬਾਦ ਜਾਂ ਚੰਗੇ ਮੀਂਹ ਤੋਂ ਬਾਅਦ ਯੂਰੀਆ ਖਾਦ ਦੀ ਪਹਿਲੀ ਕਿਸ਼ਤ ਦੀ ਵਰਤੋਂ ਦੀ ਸਲਾਹ ਦਿਤੀ ਤਾ ਜੋ ਫ਼ਸਲ ਦਾ ਵਾਧਾ ਹੋ ਸਕੇ । ਜਿੱਥੇ ਮੀਂਹ ਤੋਂ ਬਾਅਦ ਯੂਰੀਆ ਪੈ ਚੁੱਕੀ ਹੈ ਉੱਥੇ ਸੀਲਰ ਮਾਰ ਕੇ ਫ਼ਸਲ ਨੂੰ ਨਦੀਨਾਂ ਤੋਂ ਮੁਕਤ ਰੱਖੋ ।
ਡਾ.ਜਗਦੀਸ਼ ਅਰੋੜਾ(ਜਿਲਾ ਪ੍ਰਸਾਰ ਮਾਹਰ) ਨੇ ਨਰਮੇ ਕਪਾਹ ਦੇ ਕੀੜੇ ਤੇ ਬਿਮਾਰੀਆਂ ਬਾਰੇ ਖਾਸ ਕਰਕੇ ਚਿੱਟੀ ਮੱਖੀ ਬਾਰੇ ਚਾਨਣਾ ਪਾਉਂਦੇ ਹੋਏ ਦਸਿਆ ਕਿ ਚਿੱਟੀ ਮੱਖੀ ਦੇ ਅਨੁਕੂਲ ਵਾਤਾਵਰਣ ਹੋਣ ਕਰਕੇ ਅਤੇ ਜਿਲੇ ਵਿਚ ਮੂੰਗੀ ਦੇ ਹੇਠ ਕਾਫੀ ਰਕਬਾ ਹੋਣ ਕਰਕੇ, ਇਸ ਦਾ ਹਮਲਾ ਕੁੱਝ ਨਰਮੇ ਦੇ ਖੇਤਾਂ ਵਿੱਚ ਆਰਥਿਕ ਕਗਾਰ ਦੇ ਨੇੜੇ ਪਾਇਆ ਗਿਆ ਹੈ। ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਖੇਤਾਂ ਦਾ ਹਰ ਹਫਤੇ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਜਿੰਨਾ ਖੇਤਾਂ ਵਿੱਚ ਚਿੱਟੀ ਮੱਖੀ 4 ਪ੍ਰਤੀ ਪੱਤਾ ਦਿਖਾਈ ਦਿੰਦੀ ਹੈ, ਉੱਥੇ ਨਿੰਮ ਵਾਲੀ ਦਵਾਈ ਜਿਵੇਂ ਕਿ ਅਚੂਕ ਜਾਂ ਨਿੰਬੀਸੀਡੀਨ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਦੇਣੀ ਚਾਹੀਦੀ ਹੈ ।
ਨਰਮੇ ਤੇ ਚਿੱਟੀ ਮੱਖੀ ਦੀ ਰੋਕਥਾਮ ਲਈ ਪਹਿਲਾ ਕੀਟਨਾਸ਼ਕ ਛਿੜਕਾਅ ਉਸ ਸਮੇਂ ਕਰੋ ਜਦੋਂ ਬੂਟੇ ਦੇ ਉੱਪਰਲੇ ਹਿੱਸੇ ਵਿੱਚ ਸਵੇਰ ਨੂੰ 10 ਵਜੇ ਤੋਂ ਪਹਿਲਾਂ ਇਸ ਦੀ ਗਿਣਤੀ ਪ੍ਰਤੀ ਪੱਤਾ 6 ਹੋ ਜਾਵੇ। ਸੁਰੂਆਤੀ ਅਵਸਥਾ ਵਿੱਚ ਚਿੱਟੀ ਮੱਖੀ ਦੇ ਬਾਲਗਾਂ ਦੀ ਰੋਕਥਾਮ ਲਈ 60 ਗ੍ਰਾਮ ਓਸ਼ੀਨ 20 ਐਸ ਜੀ (ਡਾਇਨੋਟੈਫ਼ੂਰਾਨ) ਜਾਂ 80 ਗ੍ਰਾਮ ਉਲਾਲਾ 50 ਡਬਲਯੂ ਜੀ (ਫਲੋਨਿਕਾਮਿਡ) ਦਾ ਛਿੜਕਾਅ ਕਰੋ। ਇਹ ਕੀਟਨਾਸ਼ਕ ਹਰੇ ਤੇਲੇ ਨੂੰ ਵੀ ਕਾਬੂ ਵਿੱਚ ਕਰ ਸਕਦੇ ਹਨ । ਜਿਹਨਾਂ ਖੇਤਾਂ ਵਿੱਚ ਫੁਲ ਚੁੰਡੀਆਂ ਬਣਨ ਲੱਗ ਪਏ ਹਨ ਉੱਥੇ ਚਿੱਟੀ ਮੱਖੀ ਦੀ ਰੋਕਥਾਮ ਲਈ 800 ਮਿਲੀਲਿਟਰ ਫੋਸਮਾਈਟ/ਈ-ਮਾਈਟ/ਵਾਲਥੀਆਨ/ਗੋਲਡਮਿਟ 50 ਈ ਸੀ (ਈਥੀਆਨ) ਦਾ ਛਿੜਕਾਅ ਕਰੋ। ਇਹ ਕੀਟਨਾਸ਼ਕ ਗੁਲਾਬੀ ਸੁੰਡੀ ਨੂੰ ਵੀ ਕਾਬੂ ਵਿੱਚ ਕਰ ਸਕਦਾ ਹੈ । ਜਿਹਨਾਂ ਖੇਤਾਂ ਵਿੱਚ ਚਿੱਟੀ ਮੱਖੀ ਨਜ਼ਰ ਆਵੇ ਉਹਨਾਂ ਖੇਤਾਂ ਨੂੰ ਸੋਕਾ ਨਾ ਲੱਗਣ ਦਿਓ ।
ਡਾ.ਜਗਦੀਸ਼ ਅਰੋੜਾ ਨੇ ਕਿਸਾਨ ਵੀਰਾ ਨੂੰ ਅਪੀਲ ਕੀਤੀ ਜਿਹਨਾਂ ਖੇਤਾਂ ਵਿੱਚ ਫੁਲ ਚੁੰਡੀਆਂ ਬਣਨ ਲੱਗ ਪਏ ਹਨ, ਉਥੇ ਗੁਲਾਬੀ ਸੁੰਡੀ ਦੇ ਪਹਿਲੇ ਜੀਵਨਚਕਰ ਨੂੰ ਤੋੜਨ (ਬ੍ਰੇਕ) ਕਰਨ ਲਈ ਕੀਟਨਾਸ਼ਕ ਪੋ੍ਰਕਲੇਮ (ਐਮਾਮੇਕਿਟਨ ਬੇਂਜੋਏਟ 5 ਫੀਸਦੀ ਐਸ.ਜੀ) 100 ਗ੍ਰਾਮ ਜਾਂ ਕਿਉਰਾਕਰਾਨ (ਪ੍ਰੋਫਨੋਫਾਸ 50 ਫੀਸਦੀ ਈ.ਸੀ.) 500 ਮਿ.ਲੀ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾਵੇ। ਇਸ ਦੇ ਨਾਲ ਹੀ ਕਿਸਾਨ ਵੀਰ ਗੁਲਾਬੀ ਸੁੰਡੀ ਦੀ ਨਿਗਰਾਨੀ ਲਈ ਫੋਰੋਮੋਨ ਟੈ੍ਰਪ 1-2 ਪ੍ਰਤੀ ਏਕੜ ਜਰੂਰ ਲਾਉਣ ਤਾ ਜੋ ਗੁਲਾਬੀ ਸੁੰਡੀ ਦੇ ਪਤੰਗਿਆਂ ਦੀ ਆਮਦ ਦਾ ਪਤਾ ਲੱਗ ਸਕੇ ।
ਡਾ.ਜਗਦੀਸ਼ ਅਰੋੜਾ, ਨੇ ਕਾਸ਼ਤਕਾਰਾਂ ਨੂੰ ਅਪੀਲ ਕੀਤੀ ਕੀ ਕਿਸਾਨ ਵੀਰ ਨਰਮੇ ਦੀ ਸਮੱਸਿਆਂ ਦੇ ਸਮਾਧਾਨ ਲਈ, ਪੀ.ਏ. ਯੂ ਖ਼ੇਤਰੀ ਖੋਜ ਕੇਂਦਰ ਅਤੇ ਫ਼ਾਰਮ ਸਲਾਹਕਾਰ ਸੇਵਾ ਕੇਂਦਰ , ਖੇਤੀਬਾੜੀ ਦਫਤਰ ਦੇ ਅਧਿਕਾਰੀਆਂ ਨਾਲ ਵੱਧ ਤੋਂ ਵੱਧ ਰਾਬਤਾ ਰੱਖਣ , ਤਾ ਜੋ ਨਰਮੇ ਦੀ ਕਾਸ਼ਤ ਨੂੰ ਪ੍ਰਫੁੱਲਤ ਕੀਤਾ ਜਾ ਸਕੇ ।